ਭਾਜਪਾ ਨੇ ਗੰਦੀ ਰਾਜਨੀਤੀ ਲਈ ਗੁਰੂਆਂ ਦਾ ਅਪਮਾਨ ਕੀਤਾ : ਧਾਲੀਵਾਲ ਚੰਡੀਗੜ੍ਹ 11 ਜਨਵਰੀ 2026 : ਆਮ ਆਦਮੀ ਪਾਰਟੀ ਦੇ ਪੰਜਾਬ ਦੇ ਮੁੱਖ ਬੁਲਾਰੇ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਭਾਜਪਾ 'ਤੇ ਹਮਲਾ ਬੋਲਦਿਆਂ ਕਿਹਾ ਕਿ ਦਿੱਲੀ 'ਚ ਭਾਜਪਾ ਆਗੂਆਂ ਨੇ ਜੋ ਕੀਤਾ ਉਹ ਸ਼ਰਮਨਾਕ ਹੈ। ਪੰਜਾਬ ਗੁਰੂਆਂ, ਸੰਤਾਂ ਤੇ ਪੀਰਾਂ ਦੀ ਪਵਿੱਤਰ ਧਰਤੀ ਹੈ ਪਰ ਭਾਜਪਾ ਨੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸਾਡੇ ਗੁਰੂਆਂ ਦਾ ਅਪਮਾਨ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਭਾਜਪਾ ਹੁਣ ਉਸ ਪੱਧਰ 'ਤੇ ਡਿੱਗ ਗਈ ਹੈ, ਜਿੱਥੇ ਉਹ ਆਪਣੀ ਘਟੀਆ ਸਿਆਸਤ ਲਈ ਧਾਰਮਿਕ ਭਾਵਨਾਵਾਂ ਦਾ ਸਹਾਰਾ ਲੈ ਰਹੀ ਹੈ। ਆਤਿਸ਼ੀ ਦੀ ਵੀਡੀਓ ਵਾਇਰਲ ਕਰਨਾ ਡੂੰਘੀ ਚਿੰਤਾ ਦਾ ਵਿਸ਼ਾ 'ਆਪ' ਆਗੂ ਗੁਰਪ੍ਰਤਾਪ ਸਿੰਘ ਨਾਲ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਵਿਰੋਧੀ ਧਿਰ ਦੀ ਆਗੂ ਆਤਿਸ਼ੀ ਦੀ ਜੋ ਇਕ ਝੂਠੀ ਵੀਡੀਓ ਵਾਇਰਲ ਕੀਤੀ ਗਈ, ਉਹ ਡੂੰਘੀ ਚਿੰਤਾ ਦਾ ਵਿਸ਼ਾ ਹੈ। ਭਾਜਪਾ ਆਗੂ ਕਪਿਲ ਮਿਸ਼ਰਾ ਦੇ ਅਕਾਊਂਟ ਤੋਂ ਜਾਰੀ ਇਸ ਵੀਡੀਓ ਦੀ ਜਦੋਂ ਜਲੰਧਰ ਦੇ ਇਕ ਵਿਅਕਤੀ ਦੀ ਸ਼ਿਕਾਇਤ 'ਤੇ ਫੌਰੈਂਸਿਕ ਜਾਂਚ ਹੋਈ ਤਾਂ ਸੱਚ ਸਾਹਮਣੇ ਆ ਗਿਆ। ਜਾਂਦ 'ਚ ਇਹ ਸਾਬਿਤ ਹੋਇਆ ਕਿ ਆਤਿਸ਼ੀ ਨੇ ਆਪਣੇ ਪੂਰੇ ਬਿਆਨ 'ਚ ਕਿਤੇ ਵੀ ਗੁਰੂ ਸਾਹਿਬਾਨ ਦਾ ਨਾਂ ਨਹੀਂ ਲਿਆ ਸੀ। ਭਾਜਪਾ ਨੇ ਵੀਡੀਓ ਨਾਲ ਛੇੜਛਾੜ ਕਰਕੇ ਆਪਣੀ ਘਟੀਆ ਮਾਨਸਿਕਤਾ ਦਾ ਸਬੂਤ ਦਿੱਤਾ ਹੈ।
