

ਨਵੇਂ ਮੁੱਖ ਮੰਤਰੀ ਬਾਰੇ ਫ਼ੈਸਲਾ ਭਾਜਪਾ ਕਰੇਗੀ : ਸ਼ਿੰਦੇ ਮੁੰਬਈ : ਮਹਾਰਾਸ਼ਟਰ ਦੇ ਕਾਰਜਕਾਰੀ ਮੁੱਖ ਮੰਤਰੀ ਏਕਨਾਥ ਸਿ਼ੰਦੇ ਨੇ ਆਖਿਆ ਹੈ ਕਿ ਸੂਬੇ ਦੇ ਨਵੇਂ ਮੁੱਖ ਮੰਤਰੀ ਬਾਰੇ ਫ਼ੈਸਲਾ ਭਾਜਪਾ ਹੀ ਕਰੇਗੀ ਅਤੇ ਉਹ ਇਸ ਦਾ ਪੂਰਾ ਸਮਰਥਨ ਕਰਨਗੇ । ਉਨ੍ਹਾਂ ਕਿਹਾ ਕਿ ਸਰਕਾਰ ਬਣਾਉਣ ਨੂੰ ਲੈ ਕੇ ਮਹਾਯੁਤੀ ਦੇ ਭਾਈਵਾਲਾਂ ’ਚ ਕੋਈ ਮਤਭੇਦ ਨਹੀਂ ਹੈ। ਸਤਾਰਾ ਜਿ਼ਲ੍ਹੇ ਦੇ ਆਪਣੇ ਜੱਦੀ ਪਿੰਡ ਦਾਰੇ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿ਼ੰਦੇ ਨੇ ਕਿਹਾ ਕਿ ਸਰਕਾਰ ਬਣਾਉਣ ਬਾਰੇ ਗੱਲਬਾਤ ਚੱਲ ਰਹੀ ਹੈ ਅਤੇ ਸਾਰੇ ਫੈਸਲੇ ਮਹਾਯੁਤੀ ਦੇ ਤਿੰਨੋਂ ਭਾਈਵਾਲ ਸਿ਼ਵ ਸੈਨਾ, ਭਾਜਪਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ. ਸੀ. ਪੀ.) ਵੱਲੋਂ ਸਹਿਮਤੀ ਨਾਲ ਲਏ ਜਾਣਗੇ । ਸਿ਼ੰਦੇ ਨੇ ਕਿਹਾ ਕਿ ਉਹ ਲੜੀਵਾਰ ਪਿੰਡਾਂ ਦਾ ਦੌਰਾ ਕਰਦੇ ਹਨ ਅਤੇ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ ਕਿਉਂਕਿ ਉਨ੍ਹਾਂ ਨੇ ਪਿਛਲੇ ਹਫਤੇ ਹੀ ਮੁੱਖ ਮੰਤਰੀ ਦੇ ਅਹੁਦੇ ਬਾਰੇ ਆਪਣਾ ਸਟੈਂਡ ਸਪੱਸ਼ਟ ਕਰ ਦਿੱਤਾ ਸੀ । ਸਿ਼ਵ ਸੈਨਾ ਨੇਤਾ ਸ਼ੁੱਕਰਵਾਰ ਨੂੰ ਆਪਣੇ ਜੱਦੀ ਪਿੰਡ ਆ ਗਏ ਸਨ । ਕਿਆਸ ਲਾਏ ਜਾ ਰਹੇ ਸਨ ਕਿ ਸ਼ਿੰਦੇ ਨਵੀਂ ਸਰਕਾਰ ਦੇ ਗਠਨ ਤੋਂ ਖ਼ੁਸ਼ ਨਹੀਂ ਹਨ ਪਰ ਉਨ੍ਹਾਂ ਦੇ ਸਹਿਯੋਗੀ ਨੇ ਕਿਹਾ ਸੀ ਕਿ ਉਹ ਬਿਮਾਰ ਹਨ ਅਤੇ ਐਤਵਾਰ ਸ਼ਾਮ ਨੂੰ ਮੁੰਬਈ ਪਰਤਣਗੇ।ਪੱਤਰਕਾਰਾਂ ਵੱਲੋਂ ਉਨ੍ਹਾਂ ਦੀ ਸਿਹਤ ਬਾਰੇ ਪੁੱਛੇ ਜਾਣ ’ਤੇ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਉਹ ਹੁਣ ਠੀਕ ਹਨ ਆਰਾਮ ਕਰਨ ਲਈ ਆਪਣੇ ਜੱਦੀ ਪਿੰਡ ਆਏ ਹਨ । ਆਪਣੇ ਪੁੱਤਰ ਅਤੇ ਲੋਕ ਸਭਾ ਮੈਂਬਰ ਸ੍ਰੀਕਾਂਤ ਸਿ਼ੰਦੇ ਦੇ ਉਪ ਮੁੱਖ ਮੰਤਰੀ ਬਣਨ ਦੇ ਕਿਆਸ ਬਾਰੇ ਸ਼ਿੰਦੇ ਨੇ ਕਿਹਾ ਕਿ ਇਸ ਬਾਰੇ ਗੱਲਬਾਤ ਚੱਲ ਰਹੀ ਹੈ । ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਦਿੱਲੀ ਵਿੱਚ (ਕੇਂਦਰੀ ਮੰਤਰੀ) ਅਮਿਤ ਸ਼ਾਹ ਨਾਲ ਮੀਟਿੰਗ ਹੋਈ ਸੀ। ਹੁਣ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਵੱਲੋਂ ਸਰਕਾਰ ਦੇ ਗਠਨ ਦੀਆਂ ਬਾਰੀਕੀਆਂ ’ਤੇ ਚਰਚਾ ਕੀਤੀ ਜਾਵੇਗੀ ।