July 6, 2024 01:03:00
post

Jasbeer Singh

(Chief Editor)

National

10 ਤੋਂ ਵੱਧ ਅਜਾਇਬ ਘਰਾਂ ਨੂੰ ਬੰਬ ਦੀ ਧਮਕੀ

post-img

ਦਿੱਲੀ ਵਿੱਚ ਵੱਖ ਵੱਖ ਥਾਵਾਂ ’ਤੇ ਬੰਬ ਹੋਣ ਦੀਆਂ ਆ ਰਹੀਆਂ ਧਮਕੀਆਂ ਨਾਲ ਸਬੰਧਤ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜੋ ਕਿ ਬਾਅਦ ਵਿੱਚ ਝੂਠਾ ਸਾਬਤ ਹੋਇਆ। ਪੁਲੀਸ ਪ੍ਰਸ਼ਾਸਨ ਨੇ ਦੱਸਿਆ ਕਿ ਲਗਪਗ 10-15 ਅਜਾਇਬ ਘਰਾਂ ਵਿੱਚ ਬੰਬ ਹੋਣ ਦੀ ਈਮੇਲ ਰਾਹੀਂ ਧਮਕੀ ਮਿਲੀ। ਇਸ ਸਬੰਧੀ ਜਾਣਕਾਰੀ ਮਿਲਦਿਆਂ ਹੀ ਦਿੱਲੀ ਪੁਲੀਸ ਸਬੰਧਤ ਥਾਵਾਂ ‘ਤੇ ਪਹੁੰਚੀ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਮੰਗਲਵਾਰ ਨੂੰ ਵੱਖ ਵੱਖ ਅਜਾਇਬ ਘਰਾਂ ਸਮੇਤ ਸ਼ਹਿਰ ਵਿੱਚ ਰੇਲ ਅਜਾਇਬ ਘਰ ਵਿਚ ਵੀ ਬੰਬ ਹੋਣ ਦੀ ਧਮਕੀ ਭਰੀ ਈਮੇਲ ਭੇਜੀ ਗਈ ਸੀ, ਜੋ ਕਿ ਝੂਠੀ ਸੀ ਅਤੇ ਜਾਂਚ ਦੌਰਾਨ ਉਥੇ ਕੋਈ ਬੰਬ ਨਹੀਂ ਮਿਲਿਆ। ਪੁਲੀਸ ਨੇ ਇਸ ਸਬੰਧੀ ਕੇਸ ਦਰਜ ਕਰਦਿਆਂ ਝੂਠੀਆਂ ਈਮੇਲਜ਼ ਭੇਜਣ ਵਾਲਿਆਂ ਨੂੰ ਲੱਭਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਪਿਛਲੇ ਸਮੇਂ ਦੌਰਾਨ ਰਾਜਧਾਨੀ ਵਿੱਚ ਸਕੂਲ, ਕਾਲਜ, ਹਸਪਤਾਲ ਅਤੇ ਹਵਾਈ ਅੱਡੇ ਵਿਚ ਵੀ ਬੰਬ ਹੋਣ ਸਬੰਧੀ ਝੂਠੀਆਂ ਧਮਕੀਆਂ ਦਿੱਤੀਆਂ ਗਈਆਂ ਹਨ। ਮਈ ਮਹੀਨੇ ਵਿੱਚ ਦਿੱਲੀ ਦੀਆਂ ਦੋ ਯੂਨੀਵਰਸਿਟੀਆਂ ਨੂੰ ਬੰਬ ਹੋਣ ਸਬੰਧੀ ਝੂਠੀ ਧਮਕੀ ਆਈ, ਇਸੇ ਮਹੀਨੇ ਦਿੱਲੀ ਐਨਸੀਆਰ ਦੇ 100 ਤੋਂ ਜ਼ਿਆਦਾ ਸਕੂਲਾਂ ਨੂੰ ਵੀ ਇਸੇ ਤਰ੍ਹਾਂ ਦੀਆਂ ਈਮੇਲਜ਼ ਆਈਆਂ। ਅਪਰੈਲ ਮਹੀਨੇ ਵਿੱਚ ਹਾਈ ਕੋਰਟ ਨੇ ਦਿੱਲੀ ਸਰਕਾਰ ਤੋਂ ਪ੍ਰਾਈਵੇਟ ਸਕੂਲਾਂ ਵਿੱਚ ਆ ਰਹੀਆਂ ਬੰਬ ਦੀਆਂ ਧਮਕੀਆਂ ਭਰੀਆਂ ਈਮੇਲਜ਼ ਸਬੰਧੀ ਰਿਪੋਰਟ ਮੰਗੀ ਸੀ। ਇਸ ਸਬੰਧੀ 17 ਮਈ ਨੂੰ ਦਿੱਲੀ ਪੁਲੀਸ ਨੇ ਹਾਈ ਕੋਰਟ ‘ਚ ਸਟੇਟਸ ਰਿਪੋਰਟ ਦਾਇਰ ਕੀਤੀ, ਜਿਸ ਵਿੱਚ ਕਿਹਾ ਕਿ 5 ਬੰਬ ਨਿਰੋਧਕ ਦਸਤੇ ਤਾਇਨਾਤ ਕੀਤੇ ਗਏ ਹਨ ਅਤੇ 18 ਬੰਬ ਖੋਜੀ ਟੀਮਾਂ ਹਰ ਜ਼ਿਲ੍ਹੇ, ਆਈਜੀਆਈ ਹਵਾਈ ਅੱਡਾ, ਰੇਲਵੇ ਅਤੇ ਮੈਟਰੋ ਸਟੇਸ਼ਨਾਂ ਤੇ ਮੌਜੂਦ ਹਨ।

Related Post