ਇਸ ਵਾਰ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਿੱਚ ਕਣਕ ਦੀ ਫ਼ਸਲ ’ਤੇ ਬੋਨਸ ਦਿੱਤੇ ਜਾਣ ਦਾ ਪੰਜਾਬ ’ਤੇ ਚੰਗਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਦੋਵੇਂ ਸੂਬਿਆਂ ’ਚੋਂ ਕਣਕ ਖ਼ਰੀਦਣ ਵਾਲੇ ਵਪਾਰੀ ਹੁਣ ਪੰਜਾਬ ਆਉਣ ਲੱਗੇ ਹਨ ਜੋ ਪਹਿਲਾਂ ਉੱਚੀ ਮਾਰਕੀਟ ਫ਼ੀਸ ਕਾਰਨ ਪੰਜਾਬ ਤੋਂ ਪਾਸਾ ਵੱਟਦੇ ਸਨ। ਪੰਜਾਬ ਦੇ ਗੁਆਂਢੀ ਸੂਬੇ ਵਿਚ ਕਣਕ 2400 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਰਕਾਰੀ ਤੌਰ ’ਤੇ ਖ਼ਰੀਦ ਕੀਤੀ ਜਾ ਰਹੀ ਹੈ ਜਿਸ ’ਚ 125 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾ ਰਿਹਾ ਹੈ। ਇਸੇ ਤਰ੍ਹਾਂ ਮੱਧ ਪ੍ਰਦੇਸ਼ ਸਰਕਾਰ ਵੀ ਸਵਾ ਸੌ ਰੁਪਏ ਪ੍ਰਤੀ ਕੁਇੰਟਲ ਬੋਨਸ ਦੇ ਰਹੀ ਹੈ। ਪੰਜਾਬ ਵਿਚ ਘੱਟੋ-ਘੱਟ ਸਮਰਥਨ ਮੁੱਲ 2275 ਰੁਪਏ ਹੈ।ਪਿਛਲੇ ਵਰ੍ਹਿਆਂ ਵਿੱਚ ਪੰਜਾਬ ਦੀ ਹੱਦ ਨਾਲ ਲੱਗਦੇ ਰਾਜਸਥਾਨ ਦੇ ਪਿੰਡਾਂ ਦੇ ਕਿਸਾਨ ਆਪਣੀ ਕਣਕ ਪੰਜਾਬ ਵਿਚ ਵੇਚ ਜਾਂਦੇ ਸਨ। ਇਸ ਵਾਰ ਪੰਜਾਬ ਦੇ ਭਾਅ ਨਾਲੋਂ ਰਾਜਸਥਾਨ ਵਿੱਚ ਕੀਮਤ ਜ਼ਿਆਦਾ ਹੈ ਜਿਸ ਕਰਕੇ ਰਾਜਸਥਾਨੀ ਕਿਸਾਨ ਪੰਜਾਬ ਤੋਂ ਕਿਨਾਰਾ ਕਰ ਗਏ ਹਨ। ਫ਼ਾਜ਼ਿਲਕਾ ਜ਼ਿਲ੍ਹੇ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਦੱਸਦੇ ਹਨ ਕਿ ਰਾਜਸਥਾਨ ਦਾ ਕਰੀਬ 70 ਕਿੱਲੋਮੀਟਰ ਬਾਰਡਰ ਪੰਜਾਬ ਨਾਲ ਲੱਗਦਾ ਹੈ ਅਤੇ ਗੰਗਾਨਗਰ ਤੇ ਸੰਗਰੀਆ ਇਲਾਕੇ ਦੇ ਕਰੀਬ 100 ਪਿੰਡਾਂ ਦੇ ਕਿਸਾਨ ਪਹਿਲਾਂ ਪੰਜਾਬ ਵਿੱਚ ਫ਼ਸਲ ਵੇਚਣ ਜਾਂਦੇ ਸਨ ਪਰ ਇਸ ਵਾਰ ਉਹ ਨਹੀਂ ਆ ਰਹੇ।ਕਿਸਾਨ ਆਗੂ ਨੇ ਦੱਸਿਆ ਕਿ ਰਾਜਸਥਾਨ ਵਿੱਚ ਫ਼ਸਲ ਵੇਚਣ ਲਈ ਸ਼ਨਾਖ਼ਤੀ ਕਾਰਡ ਜ਼ਰੂਰੀ ਹੈ ਜਿਸ ਕਰਕੇ ਪੰਜਾਬ ਦੀ ਕਣਕ ਵੀ ਰਾਜਸਥਾਨ ਵਿੱਚ ਨਹੀਂ ਜਾ ਸਕੇਗੀ। ਬਠਿੰਡਾ ਦੇ ਆਟਾ ਚੱਕੀ ਚਾਲਕ ਗੁਰਜੰਟ ਸਿੰਘ ਮਹਿਮਾ ਸਰਜਾ ਦਾ ਕਹਿਣਾ ਸੀ ਕਿ ਫਲੋਰ ਮਿੱਲਾਂ ਵਾਲੇ ਫ਼ਸਲ ਖ਼ਰੀਦ ਰਹੇ ਹਨ ਅਤੇ ਵੱਡੀਆਂ ਕੰਪਨੀਆਂ ਵੀ ਮੰਡੀਆਂ ’ਚੋਂ ਫ਼ਸਲ ਲੈ ਰਹੀਆਂ ਹਨ। ਪਹਿਲਾਂ ਇਹ ਵਪਾਰੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ’ਚੋਂ ਫ਼ਸਲ ਖ਼ਰੀਦਦੇ ਸਨ। ਪੰਜਾਬ ਵਿੱਚ ਹੁਣ ਤੱਕ 1.36 ਲੱਖ ਮੀਟਰਿਕ ਟਨ ਫ਼ਸਲ ਪ੍ਰਾਈਵੇਟ ਵਪਾਰੀਆਂ ਨੇ ਖ਼ਰੀਦੀ ਹੈ।ਆਸ਼ੀਰਵਾਦ ਆਟੇ ਵਾਲੇ ਵੀ ਸੰਗਤ ਇਲਾਕੇ ’ਚੋਂ ਕਣਕ ਖ਼ਰੀਦ ਰਹੇ ਹਨ। ਸੂਬੇ ਵਿਚ ਇਸ ਵਾਰ 132 ਲੱਖ ਮੀਟਰਿਕ ਟਨ ਫ਼ਸਲ ਖ਼ਰੀਦਣ ਦਾ ਟੀਚਾ ਹੈ ਅਤੇ 161 ਲੱਖ ਮੀਟਰਿਕ ਟਨ ਪੈਦਾਵਾਰ ਹੋਣ ਦਾ ਅਨੁਮਾਨ ਹੈ। ਪੰਜਾਬ ਦੀਆਂ ਮੰਡੀਆਂ ਵਿੱਚ ਹੁਣ ਤੱਕ 22.73 ਲੱਖ ਮੀਟਰਿਕ ਟਨ ਕਣਕ ਪੁੱਜ ਚੁੱਕੀ ਹੈ ਜਿਸ ’ਚੋਂ 18.85 ਲੱਖ ਮੀਟਰਿਕ ਟਨ ਕਣਕ ਖ਼ਰੀਦੀ ਗਈ ਹੈ ਜੋ 83 ਫ਼ੀਸਦੀ ਬਣਦੀ ਹੈ। ਸੰਗਰੂਰ ਜ਼ਿਲ੍ਹੇ ’ਚ 3.81 ਲੱਖ ਐੱਮਟੀ ਅਤੇ ਪਟਿਆਲਾ ਵਿੱਚ 4.10 ਲੱਖ ਐੱਮਟੀ ਫ਼ਸਲ ਪੁੱਜੀ ਹੈ। ਪੰਜਾਬ ਦੇ ਕਈ ਖ਼ਿੱਤਿਆਂ ਵਿਚ ਕਣਕ ਵਿਚ ਨਮੀ ਜ਼ਿਆਦਾ ਹੋਣ ਕਰਕੇ ਖ਼ਰੀਦ ਵਿੱਚ ਅੜਿੱਕੇ ਖੜ੍ਹੇ ਹੋ ਗਏ ਹਨ।ਮੁੱਖ ਸਕੱਤਰ ਵੱਲੋਂ ਅਫ਼ਸਰਾਂ ਨੂੰ ਹਦਾਇਤਾਂਮੁੱਖ ਸਕੱਤਰ ਅਨੁਰਾਗ ਵਰਮਾ ਨੇ ਅੱਜ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲ ਮੀਟਿੰਗ ਕਰਕੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਅਤੇ ਬੇਮੌਸਮੀ ਮੀਂਹ ਕਾਰਨ ਖ਼ਰਾਬ ਹੋਈਆਂ ਫ਼ਸਲਾਂ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਫ਼ੌਰੀ ਮੰਡੀਆਂ ਵਿੱਚ ਜਾਣ ਤੇ ਖ਼ਰੀਦ ਕਰਨ ਲਈ ਕਿਹਾ। 48 ਘੰਟੇ ਅੰਦਰ ਕਿਸਾਨ ਨੂੰ ਖਰੀਦੀ ਫ਼ਸਲ ਦੀ ਅਦਾਇਗੀ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਹੁਣ ਤੱਕ ਕਿਸਾਨਾਂ ਨੂੰ 898 ਕਰੋੜ ਰੁਪਏ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਿਫ਼ਟਿੰਗ ਦਾ ਕੰਮ ਤੇਜ਼ ਕੀਤਾ ਜਾਵੇ।ਮੰਡੀਆਂ ’ਚ ਲਿਫ਼ਟਿੰਗ ਦੀ ਚੁਣੌਤੀਪੰਜਾਬ ਵਿੱਚ ਮੁੱਢਲੇ ਪੜਾਅ ’ਤੇ ਹੀ ਮੰਡੀਆਂ ਵਿਚ ਫ਼ਸਲ ਦੀ ਚੁਕਾਈ ਦੀ ਸਮੱਸਿਆ ਖੜ੍ਹੀ ਹੋ ਗਈ ਹੈ। ਖ਼ਰੀਦ ਦਾ ਕੰਮ ਬੇਸ਼ੱਕ ਤੇਜ਼ ਰਫ਼ਤਾਰ ਨਾਲ ਚੱਲ ਰਿਹਾ ਹੈ ਪਰ ਲਿਫ਼ਟਿੰਗ ਦੀ ਸਮੱਸਿਆ ਹਾਕਮ ਧਿਰ ਨੂੰ ਮੁਸ਼ਕਲ ਵਿੱਚ ਪਾ ਸਕਦੀ ਹੈ। ਸਮੁੱਚੇ ਪੰਜਾਬ ਵਿੱਚ ਸਿਰਫ਼ 20 ਫ਼ੀਸਦੀ ਲਿਫ਼ਟਿੰਗ ਹੋਈ ਹੈ। ਮੁਕਤਸਰ ਜ਼ਿਲ੍ਹੇ ਵਿਚ ਸਿਰਫ਼ ਚਾਰ ਫ਼ੀਸਦੀ, ਮੋਗਾ ਵਿਚ ਚਾਰ ਫ਼ੀਸਦੀ, ਬਠਿੰਡਾ ਵਿਚ 16 ਫ਼ੀਸਦੀ ਅਤੇ ਬਰਨਾਲਾ ਵਿਚ 13 ਫ਼ੀਸਦੀ ਕਣਕ ਦੀ ਲਿਫ਼ਟਿੰਗ ਹੋਈ ਹੈ। ਅੱਜ ਸਮੁੱਚੇ ਸੂਬੇ ਵਿੱਚ ਪੱਲੇਦਾਰਾਂ ਦੀ ਹੜਤਾਲ ਕਰਕੇ ਵੀ ਲਿਫ਼ਟਿੰਗ ਦਾ ਕੰਮ ਪ੍ਰਭਾਵਿਤ ਹੋਇਆ ਹੈ।
Popular Tags:
Related Post
Popular News
Hot Categories
Subscribe To Our Newsletter
No spam, notifications only about new products, updates.