
ਪੱਲੇਦਾਰਾਂ ਦੇ ਹੜ੍ਹਤਾਲ ਦੇ ਕਾਰਨ ਮੰਡੀਆਂ ’ਚ ਲੱਗੇ ਕਣਕ ਦੇ ਅੰਬਾਰ
- by Jasbeer Singh
- April 22, 2024

ਪਟਿਆਲਾ, 22 ਅਪ੍ਰੈਲ (ਜਸਬੀਰ)-ਪੱਲੇਦਾਰਾਂ ਦੀ ਹੜ੍ਹਤਾਲ ਦੇ ਕਾਰਨ ਜ਼ਿਲੇ ’ਚ ਕਣਕ ਦੀ ਖਰੀਦ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਕਿਉਕਿ ਹੜ੍ਹਤਾਲ ਕਾਰਨ ਨਾ ਤਾਂ ਮੰਡੀਆਂ ’ਚ ਬਾਰਦਾਨਾ ਪਹੁੰਚਿਆ ਤੇ ਨਾ ਹੀ ਲਿਫਟਿੰਗ ਦਾ ਕੰਮ ਹੋ ਸਕਿਆ, ਜਿਸ ਕਾਰਨ ਮੰਡੀਆਂ ਪੂਰੀ ਤਰ੍ਹਾਂ ਕਣਕ ਨਾਲ ਭਰ ਗਈਆਂ ਤੇ ਕਈ ਥਾਵਾਂ ’ਤੇ ਆੜ੍ਹਤੀਆਂ ਨੂੰ ਮੰਡੀਆਂ ਤੋਂ ਬਾਹਰ ਵੱਖ-ਵੱਖ ਥਾਵਾਂ ’ਤੇ ਕਣਕ ਰੱਖਣੀ ਪੈ ਰਹੀ ਹੈ। ਇਕ ਤਾਂ ਇਸ ਸਮੇਂ ਕਣਕ ਦਾ ਸੀਜ਼ਨ ਪੂਰੇ ਸਿਖਰ ’ਤੇ ਹੈ ਅਤੇ ਕਾਫੀ ਗਿਣਤੀ ਵਿਚ ਕਣਕ ਖੇਤਾਂ ’ਚੋਂ ਕੱਟ ਕੇ ਮੰਡੀਆਂ ਵਿਚ ਪਹੁੰਚ ਚੁੱਕੀ ਹੈ ਤੇ ਉਸ ਸਮੇਂ ਹੜ੍ਹਤਾਲ ਹੋਣ ਕਾਰਨ ਦੋ ਦਿਨਾਂ ਤੋਂ ਕਣਕ ਦੀ ਖਰੀਦ ਦਾ ਕੰਮ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ ਕਿਉਕਿ ਲਿਫਟਿੰਗ ਜੇਕਰ ਲੇਬਰ ਗੋਦਾਮਾਂ ਵਿਚ ਨਹੀਂ ਕਣਕ ਉਤਾਰੇਗੀ ਤਾਂ ਨਹੀਂ ਹੋ ਸਕਦੀ ਤੇ ਦੂਜੇ ਪਾਸੇ ਆੜ੍ਹਤੀਆਂ ਨੂੰ ਕਣਕ ਭਰਨ ਲਈ ਬਾਰਦਾਨਾ ਮਿਲਦਾ ਹੈ ਉਹ ਵੀ ਲੇਬਰ ਵਲੋਂ ਹੀ ਅਪਲੋਡ ਕੀਤਾ ਜਾਂਦਾ ਹੈ। ਦੋਵੇਂ ਕੰਮ ਬੰਦ ਹੋਣ ਕਾਰਨ ਕਣਕ ਦੀ ਖਰੀਦ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ। ਇਸਨੂੰ ਲੈ ਕੇ ਪਿਛਲੇ ਦੋ ਦਿਨਾਂ ਤੋਂ ਅਧਿਕਾਰੀਆਂ ਵਲੋਂ ਪੱਲੇਦਾਰ ਯੂਨੀਅਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਪਰ ਯੂਨੀਅਨ ਵਲੋਂ ਲਗਾਤਾਰ ਆਪਣੀਆਂ ਮੰਗਾਂ ਜਿਨ੍ਹਾ ’ਚ ਪ੍ਰਮੁੱਖ ਮੰਗ ਠੇਕੇਦਾਰੀ ਸਿਸਟਮ ਖਤਮ ਕਰਕੇ ਲੇਬਰ ਦੀ ਸਿੱਧੀ ਅਦਾਇਗੀ ਕਰਨਾ ਮੁੱਖ ਤੌਰ ’ਤੇ ਸ਼ਾਮਲ ਸੀ, ਇਸਨੂੰ ਲੈ ਕੇ ਕਈ ਵਾਰ ਲੇਬਰ ਯੂਨੀਅਨ ਅਤੇ ਖੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਅਧਿਕਾਰੀਆਂ ਦੇ ਵਿਚਕਾਰ ਵੱਡੀਆਂ ਮੀਟਿੰਗਾਂ ਹੋਈਆਂ ਪਰ ਉਨ੍ਹਾਂ ਦਾ ਕੋਈ ਸਿੱਟਾ ਨਾ ਨਿਕਲਿਆ, ਜਿਸ ਕਾਰਨ 21 ਅਪੈ੍ਰਲ ਤੋਂ ਪੱਲੇਦਾਰ ਯੂਨੀਅਨ ਨੇ ਹੜ੍ਹਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਸੀ ਅਤੇ ਉਹ ਹੜ੍ਹਤਾਲ ’ਤੇ ਚਲੇ ਵੀ ਗਏ, ਜਿਸ ਕਾਰਨ ਖਰੀਦ ਕਾਫੀ ਜ਼ਿਆਦਾ ਪ੍ਰਭਾਵਿਤ ਹੋਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਪਿਛਲੇ ਇਕ ਹਫ਼ਤੇ ਤੋਂ ਤਾਪਮਾਨ ਵਿਚ ਲਗਾਤਾਰ ਵਾਧੇ ਦੇ ਕਾਰਨ ਕਣਕ ਦੀ ਫਸਲ ਇਕਦਮ ਪੱਕ ਗਈ ਅਤੇ ਮੰਡੀਆਂ ਵਿਚ ਪਹੰੁਚ ਗਈ ਤੇ ਉਪਰੋਂ ਲੇਬਰ ਦੀ ਹੜ੍ਹਤਾਲ ਨੇ ਮਸਲੇ ਨੂੰ ਹੋਰ ਗੰਭੀਰ ਕਰ ਦਿੱਤਾ। ਇਥੇ ਇਹ ਦੱਸਣਯੋਗ ਹੈ ਕਿ ਪਟਿਆਲਾ ਜ਼ਿਲੇ ਵਿਚ 100 ਤੋਂ ਜ਼ਿਆਦਾ ਛੋਟੇ ਪ੍ਰਚੇਜ਼ ਸੈਂਟਰਾਂ ਜਿਹੜੇ ਲਗਭਗ ਪੂਰੀ ਤਰ੍ਹਾਂ ਫੁੱਲ ਹਨ।