ਰਿਪੁਦਮਨ ਸਿੰਘ ਮਲਿਕ ਦਾ ਕਤਲ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੇ ਦੋਸ਼ ਕਬੂਲਿਆ ਕੈਨੇਡਾ : ਸਾਲ 1985 ਵਿਚ ਏਅਰ ਇੰਡੀਆ ਕਨਿਸ਼ਕ ਜਹਾਜ਼ ਉਡਾਉਣ ਦੇ ਮਾਮਲੇ ਵਿਚ ਬਰੀ ਕੀਤੇ ਗਏ ਰਿਪੁਦਮਨ ਸਿੰਘ ਮਲਿਕ ਦਾ ਕਤਲ ਕਰਨ ਵਾਲੇ ਦੋਵੇਂ ਮੁਲਜ਼ਮਾਂ ਨੇ ਕਤਲ ਦਾ ਦੋਸ਼ ਕਬੂਲ ਲਿਆ ਹੈ। ਇਹ ਪ੍ਰਗਟਾਵਾ ਮੀਡੀਆ ਰਿਪੋਰਟਾਂ ਵਿਚ ਕੀਤਾ ਗਿਆ ਹੈ। ਇਹਨਾਂ ਦੋਵੇਂ ਮੁਲਜ਼ਮਾਂ ਦੀ ਪਛਾਣ ਟੈਨਰ ਫੋਕਸ ਅਤੇ ਜੋਜ਼ ਲੋਪੇਜ਼ ਵਜੋਂ ਹੋਈ ਹੈ। ਦੋਵਾਂ ਨੇ ਬ੍ਰਿਟਿਸ਼ ਕੋਲੰਬੀਆ ਦੀ ਸੁਪਰੀਮ ਕੋਰਟ ਵਿਚ ਆਪਣੀਆਂ ਅਰਜ਼ੀਆਂ ਦਾਇਰ ਕੀਤੀਆਂ ਹਨ, ਜਿਸ ਵਿਚ ਉਹਨਾਂ ਨੇ 14 ਜੁਲਾਈ 2022 ਨੂੰ ਮਲਿਕ ਦਾ ਕਤਲ ਕਰਨ ਦੀ ਗੱਲ ਕਬੂਲੀ ਹੈ। ਮਲਿਕ ਦਾ ਸਰੀ ਵਿਚ ਉਸਦੇ ਦਫਤਰ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।ਦੱਸਣਯੋਗ ਹੈ ਕਿ ਮਲਿਕ ਤੇ ਉਸਦੇ ਸਾਥੀ ਅਜੈਬ ਸਿੰਘ ਬਾਗੜੀ ਨੂੰ 2005 ਵਿਚ ਅਦਾਲਤ ਨੇ 1985 ਵਿਚ ਏਅਰ ਇੰਡੀਆ ਦਾ ਜਹਾਜ਼ ਉਡਾਣ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਸੀ। ਦੋ ਬੰਬਾਂ ਨਾਲ ਜਹਾਜ਼ ਉਡਾਉਣ ਕਾਰਣ 331 ਲੋਕਾਂ ਦੀ ਮੌਤ ਹੋ ਗਈ ਸੀ ।
