
Steroid ਇੰਜੈਕਸ਼ਨ ਦੀ ਓਵਰਡੋਜ਼ ਕਾਰਨ ਬਾਊਂਸਰ ਦੀ ਮੌਤ, ਤਿੰਨ ਦਿਨਾਂ ਤੋਂ ਪੀਜੀਆਈ ’ਚ ਸੀ ਦਾਖ਼ਲ
- by Aaksh News
- May 17, 2024

ਇਥੋਂ ਦੇ ਨਜ਼ਦੀਕੀ ਪਿੰਡ ਜਵਾਹਰਪੁਰ ਦੇ 19 ਸਾਲਾਂ ਨੌਜਵਾਨ ਦੀ ਦਿਮਾਗ ਵਾਲੀ ਨਾੜੀ ਫਟਣ ਕਾਰਨ ਮੌਤ ਹੋ ਗਈ। ਮ੍ਰਿਤਕ ਵਿਅਕਤੀ ਪੇਸ਼ੇ ਤੋਂ ਬਾਊਂਸਰ ਸੀ। ਇਸ ਨੌਜਵਾਨ ਵੱਲੋਂ ਆਪਣੇ ਸਰੀਰ ਨੂੰ ਬਣਾਉਣ ਲਈ ਸਟੀਰੌਇਡ ਦੇ ਟੀਕੇ ਦੀ ਓਵਰਡੋਜ਼ ਜਾਨਲੇਵਾ ਸਾਬਤ ਹੋਈ। ਉਸ ਨੂੰ ਤਿੰਨ ਦਿਨ ਪਹਿਲਾਂ ਪੀਜੀਆਈ ’ਚ ਦਾਖ਼ਲ ਕਰਵਾਇਆ ਗਿਆ ਸੀ ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੇ ਜੀਜੇ ਮਨਜੀਤ ਸਿੰਘ ਅਤੇ ਪਿੰਡ ਦੇ ਸਰਪੰਚ ਗੁਰਵਿੰਦਰ ਸਿੰਘ ਉਰਫ਼ ਛੋਟਾ ਨੇ ਦੱਸਿਆ ਕਿ ਕੁਲਰਾਜ ਸਿੰਘ ਉਰਫ਼ ਗੱਬਰ ਬਾਊਂਸਰ ਦਾ ਕੰਮ ਕਰਦਾ ਸੀ ਅਤੇ ਜਿੰਮ ’ਚ ਕਸਰਤ ਕਰਨ ਦਾ ਸ਼ੌਕ ਸੀ। ਉਸ ਨੇ ਦੱਸਿਆ ਕਿ 11 ਮਈ ਨੂੰ ਉਹ ਚੰਡੀਗੜ੍ਹ ਵਿਖੇ ਸੀ। ਜਦੋਂ ਉਹ ਡਿੱਗਿਆ ਤਾਂ ਜਿੰਮ ’ਚ ਕਸਰਤ ਕਰ ਰਿਹਾ ਸੀ। ਜਿਸ ਨੂੰ ਪ੍ਰਾਈਵੇਟ ਹਸਪਤਾਲ ਤੋਂ ਬਾਅਦ ਪੀਜੀਆਈ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਸੀ। ਜਿਸ ਨੂੰ ਹਾਈ ਬਲੱਡ ਪ੍ਰੈਸ਼ਰ ਕਾਰਨ ਬੇ੍ਰਨ ਹੈਮਰੇਜ ਹੋ ਗਿਆ ਅਤੇ ਉਸ ਦੇ ਸਰੀਰ ਦੇ ਇਕ ਹਿੱਸੇ ਨੇ ਕੰਮ ਕਰਨਾ ਬੰਦ ਕਰ ਦਿੱਤਾ। ਪੀਜੀਆਈ ’ਚ ਉਸ ਦੇ ਸਿਰ ਦਾ ਅਪਰੇਸ਼ਨ ਵੀ ਹੋਇਆ ਸੀ ਪਰ ਬੀਤੀ ਦੇਰ ਰਾਤ ਉਸ ਦੀ ਮੌਤ ਹੋ ਗਈ। ਕੁਲਰਾਜ ਇਕ ਮਿਹਨਤੀ ਨੌਜਵਾਨ ਸੀ ਜਿਸਨੂੰ ਪਿੰਡ ਵਾਲੇ ਬੜੇ ਪਿਆਰ ਨਾਲ ਬੱਬਰ ਸਿੰਘ ਵੀ ਕਹਿੰਦੇ ਸੀ। ਉਸ ਪਰਿਵਾਰ ’ਚ ਮਾਤਾ-ਪਿਤਾ ਅਤੇ ਭੈਣ ਸ਼ਾਮਲ ਹੈ। ਪਰਿਵਾਰ ਨੇ ਬਿਨਾਂ ਪੋਸਟਮਾਰਟਮ ਅਤੇ ਪੁਲਿਸ ਕਾਰਵਾਈ ਤੋਂ ਉਸ ਦੇ ਜੱਦੀ ਪਿੰਡ ਜਵਾਹਰਪੁਰ ’ਚ ਉਸਦਾ ਸਸਕਾਰ ਕਰ ਦਿੱਤਾ।