
ਲੁਧਿਆਣਾ ਵਿੱਚ ਬੁੱਢਾ ਨਾਲੇ ਦੀ ਸਫ਼ਾਈ ਤਿੰਨ ਪੜਾਵੀ ਰਣਨੀਤੀ ਬਣਾ ਕੇ ਕੀਤੀ ਜਾਵੇਗੀ ਸ਼ੁਰੂ : ਮੁੱਖ ਮੰਤਰੀ ਮਾਨ
- by Jasbeer Singh
- September 20, 2024

ਲੁਧਿਆਣਾ ਵਿੱਚ ਬੁੱਢਾ ਨਾਲੇ ਦੀ ਸਫ਼ਾਈ ਤਿੰਨ ਪੜਾਵੀ ਰਣਨੀਤੀ ਬਣਾ ਕੇ ਕੀਤੀ ਜਾਵੇਗੀ ਸ਼ੁਰੂ : ਮੁੱਖ ਮੰਤਰੀ ਮਾਨ ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਲੁਧਿਆਣਾ ਵਿੱਚ ਬੁੱਢਾ ਨਾਲੇ ਦੀ ਸਫ਼ਾਈ ਤਿੰਨ ਪੜਾਵੀ ਰਣਨੀਤੀ ਬਣਾ ਕੇ ਸ਼ੁਰੂ ਕੀਤੀ ਜਾਵੇਗੀ। ਇੱਥੇ ਵਿਸ਼ਵ ਪ੍ਰਸਿੱਧ ਨੇਬੁਲਾ ਗਰੁੱਪ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਪਾਣੀ ਦੇ ਪ੍ਰਦੂਸ਼ਣ ਦੀ ਸਮੱਸਿਆ ਨਾਲ ਨਜਿੱਠਣ ਲਈ ਇਸ ਗਰੁੱਪ ਦੀ ਮੁਹਾਰਤ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਮੌਜੂਦਾ ਮੁਹਿੰਮ ਨੇਬੁਲਾ ਗਰੁੱਪ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਜਾਵੇਗੀ ਅਤੇ ਨੇਬੁਲਾ ਓਜ਼ੋਨੇਸ਼ਨ ਤਕਨਾਲੋਜੀ ਨਾਲ ਮਿਲ ਕੇ ਕੈਂਸਰ ਦਾ ਕਾਰਨ ਬਣਨ ਵਾਲੀਆਂ ਅਸ਼ੁੱਧੀਆਂ ਨੂੰ ਨੈਨੋ ਪੱਧਰ ਉਤੇ ਜਾ ਕੇ ਸਾਫ਼ ਕੀਤਾ ਜਾਵੇਗਾ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਦਾ ਉਦੇਸ਼ ਪਾਣੀ ਦਾ ਟੀ.ਡੀ.ਐਸ. (ਟੋਟਲ ਡਿਸੋਲਵਡ ਸਾਲਿਡਜ਼) ਪੱਧਰ 100 ਤੋਂ ਥੱਲੇ ਲਿਆ ਕੇ ਇਸ ਨੂੰ ਪੀਣ ਦੇ ਯੋਗ ਬਣਾਉਣਾ ਹੈ।ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਨੇਬੁਲਾ ਓਜ਼ੋਨੇਸ਼ਨ ਕੋਲ ਅਜਿਹੀ ਨੈਨੋ ਲੈਵਲ ਤਕਨਾਲੋਜੀ ਹੈ, ਜਿਸ ਨੇ ਪਾਣੀ ਦੀਆਂ ਅਸ਼ੁੱਧੀਆਂ ਅਤੇ ਕੈਂਸਰ ਦਾ ਕਾਰਨ ਬਣਨ ਵਾਲੇ ਤੱਤਾਂ ਦੀ ਸਫ਼ਾਈ ਦੇ ਮਾਮਲੇ ਵਿੱਚ ਆਪਣੀ ਅਹਿਮੀਅਤ ਸਾਬਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਤਿੰਨ ਪੜਾਵੀ ਪ੍ਰੋਗਰਾਮ ਦਾ ਉਦੇਸ਼ ਬੁੱਢਾ ਨਾਲੇ ਦੇ ਪਾਣੀ ਦੀ ਗੁਣਵੱਤਾ ਨੂੰ ਸੁਧਾਰਨਾ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਗਰੁੱਪ ਦੀ ਟੀਮ ਨੇ ਪੰਜਾਬ ਜਲ ਸਪਲਾਈ ਤੇ ਸੀਵਰੇਜ਼ ਬੋਰਡ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ.ਪੀ.ਸੀ.ਬੀ.) ਦੇ ਅਧਿਕਾਰੀਆਂ ਤੇ ਹੋਰ ਸਬੰਧਤ ਧਿਰਾਂ ਨਾਲ ਮਿਲ ਕੇ ਬੁੱਢਾ ਨਾਲਾ ਦਾ ਦੌਰਾ ਵੀ ਕਰ ਲਿਆ ਹੈ। ਇਸ ਪ੍ਰਾਜੈਕਟ ਦੇ ਪਹਿਲੇ ਪੜਾਅ ਵਿੱਚ ਅਲਟਰਾਸੋਨਿਕ ਵਾਟਰ ਮੀਟਰਿੰਗ ਸਿਸਟਮ ਸਥਾਪਤ ਕਰਨ ਅਤੇ ਸੀਵਰੇਜ ਨੈੱਟਵਰਕ ਦੇ ਅਧਿਐਨ ਲਈ ਸਾਫਟਵੇਅਰ ਦੀ ਮਾਡਲਿੰਗ ਕਰਨਾ ਸ਼ਾਮਲ ਹੈ ਤਾਂ ਕਿ ਪੂਰੇ ਲਧਿਆਣਾ ਦੇ ਸੈਂਪਲਿੰਗ ਪੁਆਇੰਟ ਦੀ ਸ਼ਨਾਖ਼ਤ ਕੀਤੀ ਜਾ ਸਕੇ। ਇਸੇ ਤਰ੍ਹਾਂ ਇਸ ਪੜਾਅ ਵਿੱਚ ਲੁਧਿਆਣਾ ਦੀਆਂ ਰੰਗਾਈ ਇਕਾਈਆਂ ਲਈ ਵੱਖ-ਵੱਖ ਪ੍ਰੀ-ਟਰੀਟਮੈਂਟ ਪਲਾਟਾਂ ਦੀ ਸ਼ਨਾਖ਼ਤ ਅਤੇ ਸਥਾਪਨਾ ਉਤੇ ਧਿਆਨ ਦਿੱਤਾ ਜਾਵੇਗਾ। ਇਹ 200 ਯੂਨਿਟਾਂ ਪ੍ਰਤੀ ਦਿਨ 95 ਮਿਲੀਅਨ ਲਿਟਰ ਪਾਣੀ ਦੀ ਨਿਕਾਸੀ ਕਰਦੇ ਹਨ। ਇਸ ਕਦਮ ਨਾਲ ਪ੍ਰਦੂਸ਼ਣ ਦੀ ਰੋਕਥਾਮ ਵਿੱਚ ਸਹਾਇਤਾ ਮਿਲੇਗੀ ।ਇਸੇ ਤਰ੍ਹਾਂ ਦੂਜੇ ਪੜਾਅ ਵਿੱਚ ਸਮੱਸਿਆ ਦਾ ਕਾਰਨ ਬਣੇ ਨਿਕਾਸੀ ਰਸਤਿਆਂ ਦੀ ਸ਼ਨਾਖਤ ਕਰਨ ਅਤੇ ਸੀਵਰੇਜ ਦਾ ਪੱਧਰ ਸੁਧਾਰਨ ਲਈ ਦੂਸ਼ਿਤ ਪਾਣੀ ਨੂੰ ਸੋਧਣ ਲਈ ਛੋਟੇ ਪੱਧਰ ਦੇ ਟਰੀਟਮੈਂਟ ਸਿਸਟਮ ਸਥਾਪਤ ਕਰਨ ਉਤੇ ਧਿਆਨ ਦਿੱਤਾ ਜਾਵੇਗਾ। ਤੀਜੇ ਪੜਾਅ ਵਿੱਚ ਬੁੱਢਾ ਨਾਲੇ ਦੀ ਲਾਈਨਿੰਗ ਦੀ ਰੂਪ-ਰੇਖਾ ਤਿਆਰ ਕਰਨ ਅਤੇ ਉਸ ਦੇ ਅਮਲ ਉਤੇ ਜ਼ੋਰ ਦਿੱਤਾ ਜਾਵੇਗਾ। ਤੀਜੇ ਪੜਾਅ ਦੇ ਅਮਲ, ਸਾਂਭ-ਸੰਭਾਲ ਅਤੇ ਕਾਰਜਸ਼ੀਲ ਰੱਖਣ ਅਤੇ ਪੂਰੇ ਲੁਧਿਆਣਾ ਵਿੱਚ ਸਥਾਪਤ ਕੀਤੇ ਟਰੀਟਮੈਂਟ ਸਿਸਟਮ ਨੂੰ ਚਾਲੂ ਰੱਖਣ ਲਈ ਨੇਬੁਲਾ ਗਰੁੱਪ ਅਤੇ ਸੂਬਾ ਸਰਕਾਰ ਇਕੱਠੇ ਕੰਮ ਕਰਨਗੇ।
Related Post
Popular News
Hot Categories
Subscribe To Our Newsletter
No spam, notifications only about new products, updates.