
ਸੀ. ਬੀ. ਐਸ. ਸੀ. ਸਿਲੇਬਸ ਵਿਚੋਂ ਪੰਜਾਬੀ ਭਾਸ਼ਾ ਨੂੰ ਮਨਫ਼ੀ ਕਰਨ ਦੀ ਕੀਤੀ ਜਾ ਰਹੀ ਕੋਝੀ ਸਾਜ਼ਿਸ਼ੀ : ਪ੍ਰੋ. ਬਡੂੰਗਰ
- by Jasbeer Singh
- February 28, 2025

ਸੀ. ਬੀ. ਐਸ. ਸੀ. ਸਿਲੇਬਸ ਵਿਚੋਂ ਪੰਜਾਬੀ ਭਾਸ਼ਾ ਨੂੰ ਮਨਫ਼ੀ ਕਰਨ ਦੀ ਕੀਤੀ ਜਾ ਰਹੀ ਕੋਝੀ ਸਾਜ਼ਿਸ਼ੀ : ਪ੍ਰੋ. ਬਡੂੰਗਰ ਪਟਿਆਲਾ 28 ਫਰਵਰੀ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਸੀ. ਬੀ. ਐਸ. ਈ. ਸਿਲੇਬਸ ਵਿਚੋਂ ਪੰਜਾਬ ਭਾਸ਼ਾ ਨੂੰ ਮਨਫ਼ੀ ਕੀਤੇ ਜਾਣ ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਕੇਂਦਰ ਸਰਕਾਰ ਦੀ ਸੰਸਥਾ ਕੇਂਦਰੀ ਸੈਕੰਡਰੀ ਬੋਰਡ ਮਾਟੋ ਐਜੂਕੇਸ਼ਨ (ਸੀ. ਬੀ. ਐਸ. ਈ.) ਵਲੋਂ ਪੰਜਾਬੀ ਭਾਸ਼ਾ ਨੂੰ ਆਪਣੇ ਸਿਲੇਬਸ ਅਤੇ ਪਾਠ ਪੁਸਤਕਾਂ ਵਿਚ ਮਨਫੀ ਕਰਨ ਦਾ ਕੋਝਾ ਉਪਰਾਲਾ ਕੀਤਾ ਜਾ ਰਿਹਾ ਹੈ ਅਤੇ ਬੋਰਡ ਦਾ ਪੰਜਾਬੀ ਭਾਸ਼ਾ ਵਿਰੋਧੀ ਫੈਸਲਾ ਨਿੰਦਣਯੋਗ ਹੈ । ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਕਿਹਾ ਕਿ ਸਮੇਂ ਸਮੇਂ ਕੇਂਦਰ ਦੀਆਂ ਸਰਕਾਰਾਂ ਨੇ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਉੱਤੇ ਮਾਰੂ ਹਮਲੇ ਕੀਤੇ ਹਨ ਅਤੇ ਪੰਜਾਬ ਨੂੰ ਵਾਰ ਵਾਰ ਹਰ ਪਖੋਂ ਛਾਂਗਣ ਦੇ ਯਤਨ ਕੀਤੇ ਜਾਂਦੇ ਰਹੇ ਹਨ । ਉਨ੍ਹਾਂ ਕਿਹਾ ਕਿ ਇਤਿਹਾਸ ਗਵਾਹ ਹੈ ਕਿ ਪੰਜਾਬੀ ਭਾਈਚਾਰੇ ਖਾਸ ਕਰਕੇ ਸਿੱਖ ਭਾਈਚਾਰੇ ਨੇ ਦੇਸ਼ ਦੀ ਜੰਗ-ਏ-ਅਜ਼ਾਦੀ ਵਿਚ ਸਭ ਤੋਂ ਵੱਧ ਕੁਰਬਾਨੀਆਂ ਦਿਤੀਆਂ ਅਤੇ ਅਜ਼ਾਦੀ ਉਪਰੰਤ ਅਮਰੀਕਾ ਤੋਂ ਸੂਰਾਂ ਦੇ ਖਾਣ ਵਾਲੀ ਲਾਲ ਰੰਗ ਦੀ ਕਣਕ ਤੋਂ ਖਹਿੜਾ ਛੁਡਵਾ ਕੇ ਦੇਸ਼ ਦਾ ਅੰਨ ਭੰਡਾਰ ਭਰਿਆ । ਇਸ ਦੇ ਨਾਲ 1948, 1962, 1965, 1971 ਅਤੇ 1999 ਦੀ ਭਾਰਤ-ਪਾਕ, ਭਾਰਤ-ਚੀਨੀ ਜੰਗਾਂ ਵਿਚ ਪੰਜਾਬੀ ਫੌਜੀ ਜੁਆਨਾਂ ਅਤੇ ਅਫਸਰਾਂ ਨੇ ਯੋਗਦਾਨ ਪਾਇਆ ਅਤੇ ਲਾਮਿਸਾਲ ਸ਼ਹੀਦੀਆਂ ਵੀ ਦਿਤੀਆਂ। ਪ੍ਰੋਂ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਕੇਂਦਰ ਸਰਕਾਰ ਨਾਲ ਸਬੰਧਤ ਅਦਾਰਿਆਂ ਵਲੋਂ ਮਹਾਨ ਪੰਜਾਬੀ ਭਾਈਚਾਰੇ ਉੱਤੇ ਮਾਰੂ ਹਮਲੇ ਕੀਤੇ ਜਾਣਾ ਬੇਹੱਦ ਚਿੰਤਾ ਦਾ ਵਿਸ਼ਾ ਹੈ। ਅੰਤ ਵਿਚ ਸਾਬਕਾ ਪ੍ਰਧਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਨੇ ਸੈਕੰਡਰੀ ਬੋਰਡ ਅਤੇ ਕੇਂਦਰੀ ਸਿੱਖਿਆ ਮੰਤਰੀ ਨੂੰ ਪੰਜਾਬੀ ਮਾਰੂ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ।