ਕੈਬਨਿਟ ਮੰਤਰੀ ਅਮਨ ਅਰੋੜਾ ਨੇ 61 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ 'ਨੇਚਰ ਪਾਰਕ' ਸੁਨਾਮ ਵਾਸੀਆਂ ਨੂੰ ਕੀਤਾ ਸਮਰਪਿਤ
- by Jasbeer Singh
- December 26, 2024
ਕੈਬਨਿਟ ਮੰਤਰੀ ਅਮਨ ਅਰੋੜਾ ਨੇ 61 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ 'ਨੇਚਰ ਪਾਰਕ' ਸੁਨਾਮ ਵਾਸੀਆਂ ਨੂੰ ਕੀਤਾ ਸਮਰਪਿਤ ਸੁਨਾਮ ਸ਼ਹਿਰ ਵਿੱਚ ਬਣੇ ਵਿਰਾਸਤੀ ਗੇਟ ਦੀ ਦਿੱਖ ਨੂੰ ਸੰਵਾਰਨ ਦੀ ਪ੍ਰਕਿਰਿਆ ਕਰਵਾਈ ਸ਼ੁਰੂ ਸੁਨਾਮ ਸ਼ਹਿਰ ਵਿੱਚ ਕਰੀਬ 75 ਲੱਖ ਰੁਪਏ ਦੀ ਲਾਗਤ ਵਾਲੇ 2 ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਸੁਨਾਮ ਊਧਮ ਸਿੰਘ ਵਾਲਾ, 26 ਦਸੰਬਰ : ਪੰਜਾਬ ਦੇ ਨਵੀ ਤੇ ਨਵਿਆਉਣਯੋਗ ਊਰਜਾ ਸਰੋਤ, ਛਪਾਈ ਤੇ ਲਿਖਣ ਸਮੱਗਰੀ, ਪ੍ਰਸ਼ਾਸਕੀ ਸੁਧਾਰ ਤੇ ਸ਼ਿਕਾਇਤ ਨਿਵਾਰਣ ਅਤੇ ਰੋਜ਼ਗਾਰ ਉਤਪਤੀ ਤੇ ਸਿਖਲਾਈ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਅੱਜ ਸੁਨਾਮ ਸ਼ਹਿਰ ਵਿਖੇ ਜਿੱਥੇ ਲਗਭਗ 61 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਨੇਚਰ ਪਾਰਕ ਸੁਨਾਮ ਸ਼ਹਿਰ ਦੇ ਵਾਸੀਆਂ ਨੂੰ ਸਮਰਪਿਤ ਕੀਤਾ ਉੱਥੇ ਨਾਲ ਹੀ ਲਗਭਗ 75 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ 2 ਵੱਖ-ਵੱਖ ਲੋਕ ਪੱਖੀ ਪ੍ਰੋਜੈਕਟਾਂ ਦੀ ਰਸਮੀ ਸ਼ੁਰੂਆਤ ਵੀ ਕੀਤੀ । ਅੱਜ ਤੜਕਸਾਰ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਰੋਡ ਉੱਤੇ ਸਥਿਤ ਨੇਚਰ ਪਾਰਕ ਦਾ ਉਦਘਾਟਨ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸ਼ਹਿਰ ਵਾਸੀਆਂ ਨੂੰ ਕੁਦਰਤ ਦੇ ਨਾਲ ਜੋੜਨ ਲਈ ਇਹ ਉਪਰਾਲਾ ਕੀਤਾ ਗਿਆ ਹੈ, ਜਿਸ ਦਾ ਆਗਾਜ਼ ਪਿਛਲੇ ਸਾਲ ਜਨਵਰੀ ਮਹੀਨੇ ਵਿੱਚ ਕੀਤਾ ਗਿਆ ਸੀ ਅਤੇ ਮਹਿਜ਼ ਦੋ ਸਾਲਾਂ ਦੇ ਅੰਦਰ ਇਸ ਨੇਚਰ ਪਾਰਕ ਨੂੰ ਖੂਬਸੂਰਤ ਦਿੱਖ ਪ੍ਰਦਾਨ ਕਰਕੇ ਵਾਤਾਵਰਣ ਪ੍ਰੇਮੀਆਂ ਨੂੰ ਸੌਂਪ ਦਿੱਤਾ ਗਿਆ ਹੈ । ਸ੍ਰੀ ਅਰੋੜਾ ਨੇ ਕਿਹਾ ਕਿ ਇਸ ਪਾਰਕ ਵਿੱਚ ਸੈਰ ਕਰਨ ਲਈ ਆਉਣ ਵਾਲੇ ਹਰ ਉਮਰ ਵਰਗ ਦੇ ਨਾਗਰਿਕ, ਕੁਦਰਤ ਨਾਲ ਨੇੜਿਓਂ ਸਾਂਝ ਪਾਉਣ ਦੇ ਸਮਰੱਥ ਬਣਨਗੇ । ਉਹਨਾਂ ਦੱਸਿਆ ਕਿ ਇਹ ਜਗ੍ਹਾ ਪਿਛਲੇ ਕਈ ਸਾਲਾਂ ਤੋਂ ਅਣਗੌਲੀ ਪਈ ਸੀ ਅਤੇ ਲੋਕ ਇਸ ਨੂੰ ਕੂੜੇ ਡੰਪ ਵੱਜੋਂ ਵਰਤੋ ਵਿੱਚ ਲਿਆ ਰਹੇ ਸਨ ਜਿਸ ਨੂੰ ਲੋਕ ਹਿੱਤ ਵਿੱਚ ਪੂਰਨ ਤੌਰ ਤੇ ਨਵੀਂ ਦਿੱਖ ਪ੍ਰਦਾਨ ਕੀਤੀ ਗਈ ਹੈ । ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਜਿੱਥੇ ਹਰਿਆਲੀ ਭਰਪੂਰ ਚੌਗਿਰਦਾ ਵਿਕਸਿਤ ਕੀਤਾ ਗਿਆ ਹੈ ਉੱਥੇ ਹੀ ਬੱਚਿਆਂ ਦੇ ਖੇਡਣ ਲਈ ਸੁਵਿਧਾ, ਓਪਨ ਜਿਮ, ਸੋਲਰ ਲਾਈਟਾਂ ਦੀ ਵਿਵਸਥਾ ਅਤੇ ਬਾਰਿਸ਼ ਤੋਂ ਬਚਾਅ ਲਈ ਸ਼ੈੱਡ ਤੇ ਗਜੀਬੋ ਵੀ ਤਿਆਰ ਕਰਵਾਏ ਗਏ ਹਨ । ਇਸ ਉਪਰੰਤ ਉਹਨਾਂ ਨੇ ਰੋਜ਼ ਗਾਰਡਨ ਦੇ ਨਾਲ ਹੀ 54.41 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਨਵੇਂ ਪਾਰਕ ਦਾ ਨੀਹ ਪੱਥਰ ਵੀ ਰੱਖਿਆ । ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਆਰੰਭੀ ਮੁਹਿੰਮ ਦੇ ਤਹਿਤ ਸ਼ਹੀਦ ਊਧਮ ਸਿੰਘ ਦੀ ਧਰਤੀ ਸੁਨਾਮ ਸ਼ਹਿਰ ਵਿੱਚ ਬਣੇ ਵਿਰਾਸਤੀ ਗੇਟ ਦੀ ਦਿੱਖ ਨੂੰ ਸੰਵਾਰਨ ਦੇ ਪ੍ਰੋਜੈਕਟ ਦੀ ਸ਼ੁਰੂਆਤ ਕਰਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਇਸ ਵਿਰਾਸਤੀ ਗੇਟ ਦਾ ਕਾਇਆ ਕਲਪ ਹੋ ਜਾਵੇਗਾ ਅਤੇ ਇਹ ਸ਼ਹਿਰ ਦੀ ਖੂਬਸੂਰਤੀ ਵਿੱਚ ਹੋਰ ਵਾਧਾ ਕਰੇਗਾ । ਉਹਨਾਂ ਦੱਸਿਆ ਕਿ ਇਸ ਉੱਤੇ ਲਗਭਗ 21 ਲੱਖ ਰੁਪਏ ਦੀ ਲਾਗਤ ਆਵੇਗੀ ਅਤੇ ਵਿਭਾਗੀ ਅਧਿਕਾਰੀਆਂ ਨੂੰ ਢੁਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦੇ ਦਿੱਤੇ ਗਏ ਹਨ । ਇਸ ਮੌਕੇ ਡਵੀਜ਼ਨਲ ਵਣ ਅਫਸਰ ਮੋਨਿਕਾ ਦੇਵੀ ਯਾਦਵ, ਪ੍ਰਧਾਨ ਨਗਰ ਕੌਂਸਲ ਨਿਸ਼ਾਨ ਸਿੰਘ ਟੋਨੀ, ਚੇਅਰਮੈਨ ਮਾਰਕੀਟ ਕਮੇਟੀ ਮੁਕੇਸ਼ ਜੁਨੇਜਾ, ਜਤਿੰਦਰ ਜੈਨ, ਐਮ.ਸੀ ਚਮਕੌਰ ਸਿੰਘ ਹਾਂਡਾ, ਗੁਰਤੇਗ ਸਿੰਘ, ਆਸ਼ਾ ਬਜਾਜ, ਵਿੱਕੀ ਐਮ. ਸੀ., ਸੰਤੋਸ਼ ਰਾਣੀ, ਸਾਹਿਬ ਸਿੰਘ ਬਲਾਕ ਪ੍ਰਧਾਨ, ਰਵੀ ਕਮਲ ਗੋਇਲ, ਮਨਪ੍ਰੀਤ ਬਾਂਸਲ, ਮਨੀ ਸਰਾਓ, ਹਰਵਿੰਦਰ ਸਿੰਘ ਨਾਮਧਾਰੀ, ਨਰਿੰਦਰ ਠੇਕੇਦਾਰ, ਰੇਂਜ ਅਫਸਰ ਸਤਬੀਰ ਸਿੰਘ, ਘਨਈਆ ਲਾਲ, ਸੋਨੂੰ ਵਰਮਾ ਵੀ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.