
ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਾਸੀਆਂ ਨੂੰ 2.82 ਕਰੋੜ ਰੁਪਏ ਦਾ ਤੋਹਫ਼ਾ
- by Jasbeer Singh
- June 5, 2025

ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਸੁਨਾਮ ਵਾਸੀਆਂ ਨੂੰ 2.82 ਕਰੋੜ ਰੁਪਏ ਦਾ ਤੋਹਫ਼ਾ - ਸੂਬੇ ਦੀ ਪਹਿਲੀ ਰੇਹੜੀ ਫੜ੍ਹੀ ਮੰਡੀ ਨੂੰ ਮਿਲੇਗਾ ਸ਼ੈੱਡ ਅਤੇ ਨਵੀਂ ਦਾਣਾ ਮੰਡੀ ਵਿੱਚ 35 ਸਾਲ ਬਾਅਦ ਬਣੇਗਾ ਪੱਕਾ ਫੜ੍ਹ - ਸ਼ਹਿਰ ਵਾਸੀਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਲਈ ਤਿੰਨ ਸਾਲਾਂ ਤੋਂ ਲਗਾਤਾਰ ਯਤਨਸ਼ੀਲ ਹਾਂ - ਅਮਨ ਅਰੋੜਾ - ਕਿਹਾ! ਲੁਧਿਆਣਾ ਜ਼ਿਮਨੀ ਚੋਣ ਵਿੱਚ ਆਪ ਉਮੀਦਵਾਰ ਦੀ ਵੱਡੀ ਜਿੱਤ ਯਕੀਨੀ ਸੁਨਾਮ (ਊਧਮ ਸਿੰਘ ਵਾਲਾ), 5 ਮਈ : ਹਲਕਾ ਵਿਧਾਇਕ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸ਼੍ਰੀ ਅਮਨ ਅਰੋੜਾ ਨੇ ਸ਼ਹਿਰ ਸੁਨਾਮ ਵਾਸੀਆਂ ਨੂੰ ਕੁੱਲ 2.82 ਕਰੋੜ ਰੁਪਏ ਦਾ ਤੋਹਫ਼ਾ ਦਿੰਦਿਆਂ ਸੂਬੇ ਦੀ ਪਹਿਲੀ ਰੇਹੜੀ ਫੜ੍ਹੀ ਮੰਡੀ ਵਿੱਚ ਸ਼ੈੱਡ ਬਣਾਉਣ ਅਤੇ ਨਵੀਂ ਦਾਣਾ ਮੰਡੀ ਵਿੱਚ ਪੱਕਾ ਫੜ੍ਹ ਬਣਾਉਣ ਦੇ ਕੰਮ ਦਾ ਨੀਂਹ ਪੱਥਰ ਰੱਖਿਆ। ਇਹ ਦੋਵੇਂ ਪ੍ਰੋਜੈਕਟ ਸ਼ਹਿਰ ਅਤੇ ਇਲਾਕਾ ਵਾਸੀਆਂ ਦੀ ਬਹੁਤ ਵੱਡੀਆਂ ਮੰਗਾਂ ਸਨ, ਜੋ ਕਿ ਜਲਦ ਪੂਰੀਆਂ ਹੋਣ ਜਾ ਰਹੀਆਂ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦਿਆਂ ਹੀ ਸ਼ਹਿਰ ਦੇ ਵਿਚਕਾਰ ਸਬਜ਼ੀ ਮੰਡੀ ਬਣਾਈ ਗਈ ਸੀ। ਜਿੱਥੇ ਕਿ ਸਬਜ਼ੀ ਅਤੇ ਫਰੂਟ ਵਿਕ੍ਰੇਤਾਵਾਂ ਦੀਆਂ ਕਰੀਬ 160 ਰੇਹੜੀਆਂ ਲੱਗਦੀਆਂ ਹਨ ਅਤੇ ਤਕਰੀਬਨ ਸਾਰਾ ਸ਼ਹਿਰ ਇਥੋਂ ਸਬਜ਼ੀ ਅਤੇ ਫਰੂਟ ਖਰੀਦਦਾ ਹੈ। ਇਸ ਮੰਡੀ ਵਿੱਚ ਸ਼ੈੱਡ ਨਾ ਹੋਣ ਕਾਰਨ ਸਬਜ਼ੀ ਅਤੇ ਫਰੂਟ ਖਰਾਬ ਹੋ ਜਾਂਦੇ ਸਨ। ਮੀਂਹ ਅਤੇ ਧੁੱਪ ਕਾਰਨ ਕਈ ਵਾਰ ਵਿਕ੍ਰੇਤਾਵਾਂ ਨੂੰ ਆਪਣਾ ਕਾਰੋਬਾਰ ਕਰਨ ਵਿੱਚ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਸੀ। ਇਥੋਂ ਤੱਕ ਕਿ ਤਰਪਾਲਾਂ ਦਾ ਵੀ ਵਾਧੂ ਖਰਚਾ ਝੱਲਣਾ ਪੈਂਦਾ ਸੀ। ਆਮ ਲੋਕਾਂ ਅਤੇ ਵਿਕ੍ਰੇਤਾਵਾਂ ਦੀ ਇਸ ਮੁਸ਼ਕਿਲ ਨੂੰ ਹੱਲ ਕਰਨ ਲਈ ਹੁਣ 1 ਕਰੋੜ ਰੁਪਏ ਦੀ ਲਾਗਤ ਨਾਲ ਸ਼ੈੱਡ ਬਣਾਇਆ ਜਾਵੇਗਾ। ਇਹ ਸ਼ੈੱਡ ਬਣਨ ਨਾਲ ਆਮ ਲੋਕਾਂ ਅਤੇ ਵਿਕ੍ਰੇਤਾਵਾਂ ਦੀ ਵੱਡੀ ਮੰਗ ਦੂਰ ਹੋ ਜਾਵੇਗੀ। ਇਸ ਕੰਮ ਦਾ ਟੈਂਡਰ ਹੀ ਚੁੱਕਾ ਹੈ ਅਤੇ ਕੰਮ ਜਲਦ ਹੀ ਸ਼ੁਰੂ ਹੋਣ ਜਾ ਰਿਹਾ ਹੈ। ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੰਮ ਅਗਲੇ 6 ਮਹੀਨੇ ਵਿੱਚ ਮੁਕੰਮਲ ਕਰਵਾ ਲਿਆ ਜਾਵੇ। ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਕੈਬਨਿਟ ਮੰਤਰੀ ਦੇ ਉਪਰਾਲੇ ਨਾਲ ਹਾਈ ਮਾਸਕ ਲਾਈਟਾਂ, ਸਾਫ਼ ਪੀਣ ਵਾਲਾ ਪਾਣੀ, ਵਾਸ਼ਰੂਮ ਅਤੇ ਸਾਫ਼ ਸਫ਼ਾਈ ਦਾ ਪਰਬੰਧ ਕਰਵਾ ਕੇ ਦਿੱਤਾ ਗਿਆ ਸੀ। ਉਹਨਾਂ ਦੱਸਿਆ ਕਿ ਸਥਾਨਕ ਨਵੀਂ ਅਨਾਜ ਮੰਡੀ ਵਿੱਚ ਨਵੇਂ ਫੜ੍ਹ ਦੇ ਕੰਮ ਦਾ ਵੀ ਨੀਂਹ ਪੱਥਰ ਰੱਖਿਆ ਗਿਆ ਹੈ। ਇਹ ਫੜ੍ਹ 35 ਸਾਲ ਪਹਿਲਾਂ ਬਣਿਆ ਸੀ। ਉਸ ਤੋਂ ਬਾਅਦ ਕਿਸੇ ਵੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ। ਹੁਣ ਇਸ ਦੀ ਹਾਲਤ ਬਹੁਤ ਹੀ ਤਰਸਯੋਗ ਬਣੀ ਹੋਈ ਸੀ। ਜਿਸ ਕਾਰਨ ਕਿਸਾਨਾਂ ਨੂੰ ਆਪਣੀ ਪੁੱਤਾਂ ਵਾਂਗੂੰ ਪਾਲੀ ਫ਼ਸਲ ਵੇਚਣ ਵਿੱਚ ਬਹੁਤ ਦਿੱਕਤ ਆਉਂਦੀ ਸੀ। ਇਸ ਮੰਡੀ ਵਿੱਚ 50 ਤੋਂ ਵਧੇਰੇ ਆੜ੍ਹਤੀ ਕੰਮ ਕਰਦੇ ਹਨ। ਇਹ ਵੀ ਬਹੁਤ ਔਖੇ ਸਨ। 10 ਏਕੜ ਵਿੱਚ ਬਣਨ ਵਾਲੇ ਇਸ ਪ੍ਰੋਜੈਕਟ ਤਹਿਤ ਜਿੱਥੇ ਨਵੇਂ ਬਲਾਕ ਬਣਾਏ ਜਾਣਗੇ ਉਥੇ ਹੀ ਬਣਦੀ ਰਿਪੇਅਰ ਵੀ ਕਾਰਵਾਈ ਜਾਵੇਗੀ। ਇਸ ਕੰਮ ਨੂੰ ਤਿੰਨ ਚਾਰ ਮਹੀਨੇ ਭਾਵ ਜੀਰੀ ਸੀਜ਼ਨ ਤੋਂ ਪਹਿਲਾਂ ਮੁਕੰਮਲ ਕਰਨ ਦਾ ਟੀਚਾ ਹੈ। ਇਹ ਫੜ੍ਹ ਬਣਨ ਨਾਲ ਇਲਾਕੇ ਦੇ ਵੱਡੀ ਗਿਣਤੀ ਵਿੱਚ ਕਿਸਾਨ ਭਰਾਵਾਂ ਅਤੇ ਆੜ੍ਹਤੀ ਵਰਗ ਨੂੰ ਭਾਰੀ ਲਾਭ ਮਿਲੇਗਾ । ਪੱਤਰਕਾਰਾਂ ਵੱਲੋਂ ਪੁੱਛੇ ਜਾਣ ਉੱਤੇ ਉਹਨਾਂ ਕਿਹਾ ਕਿ ਲੁਧਿਆਣਾ (ਪੱਛਮੀ) ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਆਪ ਉਮੀਦਵਾਰ ਦੀ ਵੱਡੀ ਜਿੱਤ ਯਕੀਨੀ ਹੈ। ਰੋਜ਼ਾਨਾ ਵੱਡੀ ਗਿਣਤੀ ਵਿੱਚ ਲੋਕ ਆਪ ਉਮੀਦਵਾਰ ਦੀ ਮੁਹਿੰਮ ਵਿੱਚ ਸ਼ਾਮਿਲ ਹੋ ਰਹੇ ਹਨ। ਉਹਨਾਂ ਕਿਹਾ ਕਿ ਸਾਰੇ ਵਿਰੋਧੀ ਉਮੀਦਵਾਰਾਂ ਨੂੰ ਵੱਡੇ ਫਰਕ ਨਾਲ ਹਾਰ ਦਾ ਮੂੰਹ ਵੇਖਣਾ ਪਵੇਗਾ। ਨਵੀਂ ਅਨਾਜ ਮੰਡੀ ਵਿੱਚ ਭਰਵੀਂ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਮਨ ਅਰੋੜਾ ਨੇ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀਆਂ ਉਮੀਦਾਂ ਉੱਤੇ ਖਰਾ ਉਤਰਨ ਲਈ ਤਿੰਨ ਸਾਲਾਂ ਤੋਂ ਲਗਾਤਾਰ ਯਤਨਸ਼ੀਲ ਹਨ। ਉਹਨਾਂ ਵਚਨਬੱਧਤਾ ਪ੍ਰਗਟਾਈ ਕਿ ਚੋਣ ਵਾਅਦੇ ਪੂਰੇ ਕਰਨ ਦੇ ਨਾਲ ਨਾਲ ਅਗਲੇ ਡੇਢ ਸਾਲ ਵਿੱਚ ਵੱਧ ਤੋਂ ਵੱਧ ਵਿਕਾਸ ਕਾਰਜ ਕਰਵਾਏ ਜਾਣਗੇ । ਇਸ ਮੌਕੇ ਸ਼੍ਰੀ ਪ੍ਰਮੋਦ ਸਿੰਗਲਾ ਐੱਸ ਡੀ ਐੱਮ ਸੁਨਾਮ, ਸ਼੍ਰੀ ਮੁਕੇਸ਼ ਜੁਨੇਜਾ ਚੇਅਰਮੈਨ ਮਾਰਕੀਟ ਕਮੇਟੀ ਸੁਨਾਮ, ਡੀਐਸਪੀ ਹਰਵਿੰਦਰ ਸਿੰਘ ਖਹਿਰਾ, ਨਗਰ ਕੌਂਸਲ ਸੁਨਾਮ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਆੜਤੀਆ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਰਾਜਨ ਹੌਡਲਾ, ਨਰਿੰਦਰ ਪਾਲ ਸਕੱਤਰ, ਮੀਡੀਆ ਇੰਚਾਰਜ ਜਤਿੰਦਰ ਜੈਨ, ਰਵੀ ਕਮਲ ਗੋਇਲ, ਮਨਪ੍ਰੀਤ ਬਾਂਸਲ, ਸਾਬਕਾ ਪ੍ਰਧਾਨ ਅਮਰੀਕ ਸਿੰਘ ਧਾਲੀਵਾਲ, ਤਰਸੇਮ ਕੁਲਾਰ, ਮਨੀਸ਼ ਸੋਨੀ, ਰਾਜਿੰਦਰ ਬਬਲੀ, ਕਾਲਾ ਖਡਿਆਲਿਆ, ਮਨਿੰਦਰ ਲਖਮੀਰਵਾਲਾ, ਬਘੀਰਥ ਘੀਰਾ ਅਤੇ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.