
ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੋ ਨਵੇਂ ਰੂਟਾਂ ਉੱਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਵਿਖਾਈ
- by Jasbeer Singh
- March 16, 2025

ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੋ ਨਵੇਂ ਰੂਟਾਂ ਉੱਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਵਿਖਾਈ ਲਹਿਰਾ ਵਾਸੀਆਂ ਦੀ ਚਿਰਾਂ ਪੁਰਾਣੀ ਮੰਗ ਹੋਈ ਪੂਰੀ, ਲਹਿਰਾ ਤੋਂ ਹੁਸ਼ਿਆਰਪੁਰ ਅਤੇ ਮੂਨਕ ਤੋਂ ਖਨੌਰੀ ਲਈ ਬੱਸ ਸੇਵਾਵਾਂ ਦੀ ਸ਼ੁਰੂਆਤ ਲਹਿਰਾ/ ਸੰਗਰੂਰ, 16 ਮਾਰਚ (ਰਾਜੇਸ਼): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਹੇਠ ਹਲਕਾ ਲਹਿਰਾ ਦੇ ਨਿਵਾਸੀਆਂ ਨੂੰ ਲਗਾਤਾਰ ਵੱਡੀਆਂ ਸੌਗਾਤਾਂ ਦੇਣ ਦੀ ਦਿਸ਼ਾ ਵਿੱਚ ਇੱਕ ਹੋਰ ਸ਼ਾਨਦਾਰ ਕਦਮ ਪੁੱਟਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਲਹਿਰਾ ਬੱਸ ਸਟੈਂਡ ਤੋਂ ਦੋ ਨਵੇਂ ਰੂਟਾਂ ਉੱਤੇ ਚੱਲਣ ਵਾਲੀਆਂ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ । ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਸ੍ਰੀ ਗੋਇਲ ਨੇ ਕਿਹਾ ਕਿ ਲਹਿਰਾ ਤੋਂ ਹੁਸ਼ਿਆਰਪੁਰ ਜਾਣ ਵਾਲੇ ਵਪਾਰੀਆਂ ਨੂੰ ਅਕਸਰ ਸਫਰ ਦੌਰਾਨ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਕਿਉਂ ਕਿ ਇਥੋਂ ਸਿੱਧੀ ਬੱਸ ਸਰਵਿਸ ਦੀ ਕੋਈ ਸੁਵਿਧਾ ਨਹੀਂ ਸੀ । ਉਹਨਾਂ ਕਿਹਾ ਕਿ ਹੁਣ ਰੋਜ਼ਾਨਾ ਸਵੇਰੇ 6.45 ਵਜੇ ਲਹਿਰਾ ਬੱਸ ਸਟੈਂਡ ਤੋਂ ਵਾਇਆ ਸੁਨਾਮ, ਸੰਗਰੂਰ, ਲੁਧਿਆਣਾ ਹੁੰਦੇ ਹੋਏ ਦੁਪਹਿਰ ਸਮੇਂ ਬੱਸ ਹੁਸ਼ਿਆਰਪੁਰ ਵਿਖੇ ਪੁੱਜੇਗੀ ਅਤੇ ਉਥੋਂ ਦੁਪਹਿਰ 2.37 ਵਜੇ ਲਹਿਰਾ ਲਈ ਰਵਾਨਾ ਹੋਵੇਗੀ । ਉਨ੍ਹਾਂ ਕਿਹਾ ਕਿ 422 ਕਿਲੋਮੀਟਰ ਦਾ ਸਫ਼ਰ ਤੈਅ ਕਰਨ ਵਾਲੀ ਇਸ ਬੱਸ ਨਾਲ ਯਾਤਰੀ ਵੱਡੀ ਰਾਹਤ ਮਹਿਸੂਸ ਕਰਨਗੇ । ਕੈਬਨਿਟ ਮੰਤਰੀ ਸ਼੍ਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਕਿ ਦੂਜੀ ਬੱਸ ਸੇਵਾ ਮੂਨਕ ਤੋਂ ਖਨੌਰੀ ਦੇ ਯਾਤਰੀਆਂ ਨੂੰ ਸੇਵਾਵਾਂ ਪ੍ਰਦਾਨ ਕਰੇਗੀ । ਉਨ੍ਹਾਂ ਕਿਹਾ ਕਿ ਵਿਦਿਆਰਥੀ ਵਰਗ ਨੂੰ ਇਸ ਰੂਟ ਉਤੇ ਸਰਕਾਰੀ ਬੱਸ ਸੇਵਾ ਨਾ ਹੋਣ ਕਾਰਨ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਅਤੇ ਹੁਣ ਇਹ ਸਮੱਸਿਆ ਸਥਾਈ ਤੌਰ ਉੱਤੇ ਹੱਲ ਕਰ ਦਿੱਤੀ ਗਈ ਹੈ । ਕੈਬਨਿਟ ਮੰਤਰੀ ਬਰਿੰਦਰ ਗੋਇਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਦਾ ਵਿਸ਼ੇਸ਼ ਤੌਰ ਉੱਤੇ ਧੰਨਵਾਦ ਕੀਤਾ । ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਜਿਹੜੇ ਪਿੰਡਾਂ ਵਿੱਚ ਬੱਸ ਸੇਵਾਵਾਂ ਸਮੇਤ ਲੋਕਾਂ ਦੀਆਂ ਹੋਰ ਮੰਗਾਂ ਦੀ ਅਣਦੇਖੀ ਕੀਤੀ ਸੀ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਉਨ੍ਹਾਂ ਸਾਰੇ ਪਿੰਡਾਂ ਵਿੱਚ ਵੀ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿੱਤੀ ਹੈ ਅਤੇ ਅੱਜ ਪੰਜਾਬ ਦੇ ਹਰ ਪਿੰਡ ਤੇ ਸ਼ਹਿਰ ਵਿੱਚ ਵਿਕਾਸ ਕਾਰਜਾਂ ਪੱਖੋਂ ਕੋਈ ਕਮੀ ਨਹੀਂ ਹੈ । ਇਸ ਮੌਕੇ ਉਹਨਾਂ ਨਾਲ ਗੌਰਵ ਗੋਇਲ, ਮਾਰਕੀਟ ਕਮੇਟੀ ਚੇਅਰਮੈਨ ਸ਼ੀਸ਼ਪਾਲ ਆਨੰਦ, ਪੀ. ਏ. ਰਾਕੇਸ਼ ਕੁਮਾਰ ਗੁਪਤਾ, ਰਮੇਸ਼ ਕੁਮਾਰ ਸੇਵਾ ਮੁਕਤ ਅਧਿਆਪਕ, ਰਾਕੇਸ਼ ਕੁਮਾਰ ਆੜ੍ਹਤੀ, ਨੰਦ ਲਾਲ, ਡਾ. ਸੇਠੀ ਵੀ ਹਾਜ਼ਰ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.