
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਵਹਿੰਦੇ ਨਦੀਆਂ-ਨਾਲਿਆਂ ਦੇ ਪਾਣੀ ਦੇ ਪੱਧਰ ਦੀ ਸਮੀਖਿਆ
- by Jasbeer Singh
- July 3, 2025

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਜ਼ਿਲ੍ਹੇ 'ਚ ਵਹਿੰਦੇ ਨਦੀਆਂ-ਨਾਲਿਆਂ ਦੇ ਪਾਣੀ ਦੇ ਪੱਧਰ ਦੀ ਸਮੀਖਿਆ -ਪਟਿਆਲਾ ਸ਼ਹਿਰ ਦੇ ਨੀਵੇਂ ਖੇਤਰਾਂ 'ਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਸਥਾਈ ਹੱਲ ਕੱਢਿਆ ਜਾਵੇਗਾ : ਡਾ. ਬਲਬੀਰ ਸਿੰਘ -ਅਕਤੂਬਰ 'ਚ ਚਾਲੂ ਹੋਣਗੇ ਦੋ ਐਸ.ਟੀ.ਪੀਜ਼ : ਡਾ. ਬਲਬੀਰ ਸਿੰਘ ਪਟਿਆਲਾ, 3 ਜੁਲਾਈ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਤੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਪਟਿਆਲਾ ਜ਼ਿਲ੍ਹੇ 'ਚ ਵਹਿੰਦੇ ਘੱਗਰ ਦਰਿਆ ਸਮੇਤ ਟਾਂਗਰੀ, ਮਾਰਕੰਡਾ, ਮੀਰਾਪੁਰ ਚੋਅ ਤੇ ਪੱਚੀਦਰਾ ਆਦਿ ਵਿੱਚ ਪਾਣੀ ਦੇ ਪੱਧਰ ਦਾ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਦੀਆਂ-ਨਾਲਿਆਂ 'ਚ ਪਾਣੀ ਦੇ ਪੱਧਰ ਵੱਧਣ 'ਤੇ ਨਜ਼ਰ ਰੱਖੀ ਜਾਵੇ। ਉਨ੍ਹਾਂ ਕਿਹਾ ਕਿ ਪਟਿਆਲਾ ਵਿੱਚ ਵਹਿਣ ਵਾਲੇ ਨਦੀਆਂ-ਨਾਲਿਆਂ ਦੇ ਕੈਚਮੈਂਟ ਖੇਤਰ ਵਿੱਚ ਭਰਵੀਂ ਬਰਸਾਤ ਹੋਣ ਕਾਰਨ ਕੁਝ ਨਦੀਆਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ, ਪਰ ਖ਼ਤਰੇ ਵਾਲੀ ਕੋਈ ਗੱਲ ਨਹੀਂ ਹੈ। ਮੀਟਿੰਗ 'ਚ ਪੀ.ਡੀ.ਏ. ਦੇ ਮੁੱਖ ਪ੍ਰਸ਼ਾਸਕ ਮਨੀਸ਼ਾ ਰਾਣਾ, ਸੀਨੀਅਰ ਡਿਪਟੀ ਮੇਅਰ ਹਰਿੰਦਰ ਕੋਹਲੀ ਤੇ ਕੌਸਲਰ ਜਸਬੀਰ ਗਾਂਧੀ ਵੀ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਪਟਿਆਲਾ ਸ਼ਹਿਰ ਦੇ ਨੀਵੇਂ ਖੇਤਰਾਂ 'ਚ ਬਰਸਾਤੀ ਪਾਣੀ ਦੀ ਨਿਕਾਸੀ ਦੇ ਸਥਾਈ ਹੱਲ 'ਤੇ ਜ਼ੋਰ ਦਿੰਦਿਆਂ ਅਧਿਕਾਰੀਆਂ ਨੂੰ ਤਜਵੀਜ਼ ਤਿਆਰ ਕਰਨ ਦੀ ਹਦਾਇਤ ਕਰਦਿਆਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਵੱਡੀ ਨਦੀ ਵਿੱਚ ਪਹਿਲਾਂ ਹੀ ਪਾਣੀ ਹੋਣ ਕਾਰਨ ਸ਼ਹਿਰ ਦਾ ਬਰਸਾਤੀ ਪਾਣੀ ਇਸ ਵਿੱਚ ਦਾਖਲ ਨਹੀਂ ਹੋ ਸਕਦਾ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਜਿਹੜੇ ਨੀਵੇਂ ਖੇਤਰਾਂ ਵਿੱਚ ਬਰਸਾਤਾਂ ਦੌਰਾਨ ਪਾਣੀ ਦੀ ਨਿਕਾਸੀ ਨਹੀਂ ਹੁੰਦੀ ਉਥੇ ਸਟਰੋਮ ਵਾਟਰ ਲਈ ਵੱਖਰੀ ਪਾਈਪ ਲਾਈਨ ਪਾ ਕੇ ਇਸ ਬਰਸਾਤੀ ਪਾਣੀ ਨੂੰ ਕਿਸੇ ਹੋਰ ਰਸਤੇ ਬਾਹਰ ਕੱਢਿਆ ਜਾਵੇ। ਸਿਹਤ ਮੰਤਰੀ ਨੇ ਸੀਵਰੇਜ ਬੋਰਡ ਦੇ ਅਧਿਕਾਰੀ ਪਾਸੋਂ ਵੱਡੀ ਨਦੀ ਦੇ ਡਿਸਚਾਰਜ ਅਤੇ ਲੱਗੇ ਰਹੇ ਐਸ.ਟੀ.ਪੀਜ਼ ਸਬੰਧੀ ਜਾਣਕਾਰੀ ਹਾਸਲ ਕੀਤੀ। ਸੀਵਰੇਜ ਬੋਰਡ ਦੇ ਐਕਸੀਅਨ ਹਰਸ਼ਰਨਜੀਤ ਸਿੰਘ ਨੇ ਦੱਸਿਆ ਕਿ ਦੌਲਤਪੁਰ ਵਿਖੇ ਲੱਗ ਰਹੇ 15 ਐਮ.ਐਲ.ਡੀ. ਦੇ ਐਸ.ਟੀ.ਪੀ. ਰਾਹੀਂ ਵੱਡੀ ਨਦੀ ਵਿੱਚ ਪੈਣ ਵਾਲੇ ਗੰਦੇ ਪਾਣੀ ਨੂੰ ਟਰੀਟ ਕੀਤਾ ਜਾਵੇਗਾ। ਸੰਨੀ ਇਨਕਲੇਵ ਦੇ ਪਿਛਲੇ ਪਾਸੇ 26 ਐਮ.ਐਲ.ਡੀ. ਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਲਗਾਇਆ ਜਾ ਰਿਹਾ ਹੈ ਜਿਸ ਵਿੱਚ 15 ਐਮ.ਐਲ.ਡੀ. ਪੁੱਡਾ, 4 ਐਮ.ਐਲ.ਡੀ. ਸਨੌਰ ਤੇ 2 ਐਮ.ਐਲ.ਡੀ. ਹੋਰਨਾਂ ਕਲੋਨੀਆਂ ਦੇ ਸੀਵਰੇਜ ਨੂੰ ਟਰੀਟ ਕੀਤਾ ਜਾਵੇਗਾ। ਐਕਸੀਅਨ ਨੇ ਦੱਸਿਆ ਕਿ ਇਹ ਐਸ.ਟੀ.ਪੀ. ਭਵਿੱਖ ਦੀਆਂ ਯੋਜਨਾਵਾਂ ਨੂੰ ਮੁੱਖ ਰੱਖਦੇ ਹੋਏ ਬਣਾਇਆ ਗਿਆ ਹੈ ਜਿਸ ਕਰਕੇ ਇਸ ਦੀ ਸਮਰੱਥਾ 5 ਐਮ.ਐਲ.ਡੀ. ਵੱਧ ਰੱਖੀ ਗਈ ਹੈ। ਉਨ੍ਹਾਂ ਦੱਸਿਆ ਕਿ ਦੋਵੇਂ ਐਸ.ਟੀ.ਪੀ. ਅਕਤੂਬਰ ਤੱਕ ਮੁਕੰਮਲ ਕਰ ਲਏ ਜਾਣਗੇ। ਮੀਟਿੰਗ 'ਚ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.