
ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਰਾਲਾ ਹੈਡ ਅਤੇ ਨਾਲ ਲਗਦੇ ਪਿੰਡਾਂ ਦਾ ਦੌਰਾ
- by Jasbeer Singh
- January 19, 2025

ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਰਾਲਾ ਹੈਡ ਅਤੇ ਨਾਲ ਲਗਦੇ ਪਿੰਡਾਂ ਦਾ ਦੌਰਾ - ਸਰਾਲਾ ਕਲਾਂ ਦੀਆਂ ਸੜਕਾਂ ਦੀ ਮੁਰੰਮਤ ਇਕ ਹਫ਼ਤੇ 'ਚ ਮੁਕੰਮਲ ਕੀਤੀ ਜਾਵੇਗੀ : ਡਾ. ਬਲਬੀਰ ਸਿੰਘ -ਕਿਹਾ, ਸਰਾਲਾ ਕਲਾ ਵਿਖੇ ਬਣ ਰਿਹਾ ਪੁਲ ਦੋ ਦਿਨਾਂ 'ਚ ਕੀਤਾ ਜਾਵੇਗਾ ਚਾਲੂ ਘਨੌਰ/ਰਾਜਪੁਰਾ/ਪਟਿਆਲਾ, 19 ਜਨਵਰੀ : ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਵੇਰੇ ਅਚਨਚੇਤ ਰਾਜਪੁਰਾ ਸਬ ਡਵੀਜ਼ਨ ਦੇ ਪਿੰਡ ਸਰਾਲਾ ਕਲਾਂ ਅਤੇ ਨਾਲ ਲੱਗਦੇ ਹੋਰਨਾਂ ਪਿੰਡਾਂ ਦਾ ਦੌਰਾ ਕੀਤਾ ਤੇ ਭਾਰੀ ਟਰੈਫ਼ਿਕ ਕਾਰਨ ਟੁੱਟੀਆਂ ਸੜਕਾਂ ਦਾ ਪੈਦਲ ਚੱਲਕੇ ਜਾਇਜ਼ਾ ਲਿਆ । ਇਸ ਮੌਕੇ ਉਨ੍ਹਾਂ ਪੀ. ਡਬਲਿਊ. ਡੀ, ਪੰਜਾਬ ਮੰਡੀ ਬੋਰਡ, ਪੰਚਾਇਤੀ ਰਾਜ ਤੇ ਬੀ. ਐਮ. ਐਲ. ਦੇ ਅਧਿਕਾਰੀਆਂ ਨੂੰ ਆਪਣੇ ਅਧੀਨ ਪੈਂਦੀਆਂ ਸੜਕਾਂ ਤੇ ਪੁਲਾਂ ਦੀ ਮੁਰੰਮਤ ਇੱਕ ਹਫ਼ਤੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ । ਇਸ ਮੌਕੇ ਪਿੰਡ ਸਰਾਲਾ ਕਲਾ ਦੇ ਵਸਨੀਕਾਂ ਨਾਲ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਲੋਕਾਂ ਤੱਕ ਪਹੁੰਚ ਬਣਾਉਣ ਲਈ ਚਲਾਏ 'ਆਪ ਦੀ ਸਰਕਾਰ ਆਪ ਦੇ ਦੁਆਰ' ਪ੍ਰੋਗਰਾਮ ਤਹਿਤ ਅੱਜ ਉਹ ਪਿੰਡ ਸਰਾਲਾ ਕਲਾਂ ਦੇ ਵਸਨੀਕਾਂ ਕੋਲ ਪੁੱਜੇ ਹਨ ਤੇ ਸਥਾਨਕ ਵਸਨੀਕਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ ਅਧਿਕਾਰੀਆਂ ਨੂੰ ਮੌਕੇ 'ਤੇ ਨਿਰਦੇਸ਼ ਦਿੱਤੇ ਗਏ ਹਨ । ਡਾ. ਬਲਬੀਰ ਸਿੰਘ ਨੇ ਪੰਚਾਇਤ ਵਿਭਾਗ ਨੂੰ ਸਰਾਲਾ ਕਲਾਂ ਦੇ ਟੋਭੇ ਨੂੰ ਡੂੰਘਾ ਕਰਨ, ਪੀ. ਡਬਲਿਊ. ਡੀ. ਨੂੰ ਪਿੰਡ ਸਰਾਲਾ ਖੁਰਦ ਤੋਂ ਸਰਾਲਾ ਕਲਾਂ ਨੂੰ ਆਉਂਦੀ ਸੜਕ ਦੀ ਮੁਰੰਮਤ ਅਤੇ ਬਰਮਾ ਦੀ ਸਫ਼ਾਈ ਹਫ਼ਤੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੰਦਿਆਂ ਬੀ. ਐਮ. ਐਲ. ਦੇ ਅਧਿਕਾਰੀਆਂ ਨੂੰ ਸਰਾਲਾ ਹੈਡ ਦੇ ਪੁਲ ਦੇ ਪਾਸੇ ਤੁਰੰਤ ਮਜ਼ਬੂਤ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਕਿਹਾ ਕਿ ਸਰਾਲਾ ਕਲਾਂ ਵਿੱਚ ਨਵਾਂ ਬਣ ਰਿਹਾ ਪੁਲ ਅਗਲੇ ਦੋ ਦਿਨਾਂ ਅੰਦਰ ਚਾਲੂ ਕਰ ਦਿੱਤਾ ਜਾਵੇਗਾ, ਇਸ ਪੁਲ ਦੇ ਚੱਲਣ ਨਾਲ ਟਰੈਫ਼ਿਕ ਦੀ ਸਮੱਸਿਆ ਹੱਲ ਹੋ ਜਾਵੇਗੀ । ਸਿਹਤ ਮੰਤਰੀ ਨੇ ਊਂਟਸਰ ਤੋਂ ਲੋਹਸਿੰਬਲੀ ਵਾਲੀ 5.44 ਕਿਲੋਮੀਟਰ ਸੜਕ, ਅੰਬਾਲਾ ਤੋਂ ਪਟਿਆਲਾ ਆਉਣ ਵਾਲੀ ਕਪੂਰੀ-ਲੋਹਸਿੰਬਲੀ ਵਾਲੀ 17.50 ਕਿਲੋਮੀਟਰ ਲੰਬੀ ਸੜਕ, ਸਰਾਲਾ ਕਲਾਂ ਤੋਂ ਹਰਿਆਣਾ ਬਾਰਡਰ ਨਾਲ ਲੱਗਦੀ ਲਿੰਕ ਸੜਕ ਦੇ 1.13 ਕਿਲੋਮੀਟਰ ਦੇ ਹੋਣ ਵਾਲੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਇਹ ਸਾਰੀਆਂ ਸੜਕਾਂ ਸੂਬੇ ਦੇ ਅਰਥਚਾਰੇ ਨੂੰ ਹੋਰ ਮਜ਼ਬੂਤ ਕਰਨ ਲਈ ਜ਼ਰੂਰੀ ਹਨ, ਇਸ ਲਈ ਇਨ੍ਹਾਂ ਦਾ ਕੰਮ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇਗਾ । ਉਨ੍ਹਾਂ ਸਬੰਧਤ ਵਿਭਾਗਾਂ ਨੂੰ ਕੰਮ 'ਚ ਹੋਰ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ । ਡਾ. ਬਲਬੀਰ ਸਿੰਘ ਨੇ ਪੀ. ਡਬਲਿਊ. ਡੀ. ਵਿਭਾਗ ਨੂੰ ਫਿੱਕੀਆਂ ਪੈ ਚੁੱਕੀਆਂ ਸੜਕਾਂ ਦੀਆਂ ਚਿੱਟੀਆਂ ਪੱਟੀਆਂ ਨੂੰ ਤੁਰੰਤ ਦੁਬਾਰਾ ਲਗਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਧੁੰਦ ਦੇ ਮੌਸਮ ਵਿੱਚ ਚਿੱਟੀ ਪੱਟੀ ਨਾ ਹੋਣ ਕਾਰਨ ਸੜਕੀ ਹਾਦਸੇ ਹੋਣ ਦਾ ਖਤਰਾਂ ਰਹਿੰਦਾ ਹੈ, ਇਸ ਲਈ ਜਿਹੜੀਆਂ ਸੜਕਾਂ 'ਤੇ ਚਿੱਟੀਆਂ ਪੱਟੀਆਂ ਨਹੀਂ ਹਨ, ਉਥੇ ਤੁਰੰਤ ਲਗਵਾਈਆਂ ਜਾਣ । ਇਸ ਮੌਕੇ ਐਸ. ਪੀ. ਰਾਜੇਸ਼ ਛਿੱਬਰ, ਐਸ. ਡੀ. ਐਮ. ਰਾਜਪੁਰਾ ਅਵਿਕੇਸ਼ ਗੁਪਤਾ, ਐਸ. ਡੀ. ਐਮ. ਦੁਧਨਸਾਧਾਂ ਕ੍ਰਿਪਾਲਬੀਰ ਸਿੰਘ, ਐਕਸੀਅਨ ਨਵੀਨ ਮਿੱਤਲ, ਡੀ. ਡੀ. ਪੀ. ਓ. ਸ਼ਵਿੰਦਰ ਸਿੰਘ ਸਮੇਤ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.