July 6, 2024 01:25:49
post

Jasbeer Singh

(Chief Editor)

Patiala News

ਕੈਪਟਨ ਨੇ ਸਿਆਸਤ ਵਿੱਚ ਮੇਰੀਆਂ ਜੜ੍ਹਾਂ ਵੱਢੀਆਂ: ਅਮਰਜੀਤ ਕੌਰ

post-img

ਕੈਪਟਨ ਅਮਰਿੰਦਰ ਸਿੰਘ ਦੀ ਚਾਚੀ ਤੇ ਦੋ ਵਾਰ ਮੈਂਬਰ ਰਾਜ ਸਭਾ ਰਹੇ ਬੀਬਾ ਅਮਰਜੀਤ ਕੌਰ ਦੀ ਅਗਵਾਈ ਵਿੱਚ ਅੱਜ ਮੋਤੀ ਮਹਿਲ ਨੂੰ ਸੰਨ੍ਹ ਲਗਾਇਆ ਗਿਆ ਹੈ। ਅੱਜ ਮੋਤੀ ਮਹਿਲ ਦਾ ਖ਼ਾਸਮ-ਖ਼ਾਸ ਕੁਸ਼ ਸੇਠ ਆਪਣੇ ਸਾਥੀਆਂ ਸਮੇਤ ਭਾਜਪਾ ਨੂੰ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ਇਹ ਮੋਤੀ ਮਹਿਲ ਦਾ ਖ਼ਾਸ ਹੋਣ ਕਰਕੇ ਪਹਿਲਾਂ ਕਾਂਗਰਸ ਦਾ ਜਨਰਲ ਸਕੱਤਰ ਰਿਹਾ ਹੈ, ਜਿਸ ਨੂੰ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਮੀਤ ਪ੍ਰਧਾਨ ਬਣਾ ਦਿੱਤਾ ਗਿਆ ਹੈ। ਕੁਸ਼ ਸੇਠ ਦੀ ਪਟਿਆਲਾ ਸ਼ਹਿਰੀ ਖੇਤਰ ਵਿਚ ਕਾਫ਼ੀ ਸਾਖ ਬਣੀ ਹੋਈ ਹੈ। ਬੀਬਾ ਅਮਰਜੀਤ ਕੌਰ ਨੇ ਕਿਹਾ ਕਿ ਭਾਜਪਾ ਦੀਆਂ ਦੇਸ਼ ਵਿਚ ਫੁੱਟ ਪਾਊ ਨੀਤੀਆਂ ਤੋਂ ਲੋਕ ਕਾਫ਼ੀ ਖ਼ਫ਼ਾ ਹਨ, ਖ਼ਾਸ ਕਰਕੇ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਵਿਚ ਰਹਿ ਕੇ ਕੋਈ ਇਨਸਾਫ਼ ਪਸੰਦ ਤੇ ਸ਼ਾਂਤ ਰਹਿਣਾ ਵਾਲਾ ਵਿਅਕਤੀ ਜ਼ਿਆਦਾ ਦੇਰ ਖ਼ੁਸ਼ ਨਹੀਂ ਰਹਿ ਸਕਦਾ। ਇਸ ਵੇਲੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ, ਪੰਜਾਬ ਦੇ ਕਾਂਗਰਸ ਬੁਲਾਰੇ ਹਰਵਿੰਦਰ ਸਿੰਘ ਨਿੱਪੀ ਸਮੇਤ ਹੋਰ ਕਈ ਕਾਂਗਰਸੀਆਂ ਨੇ ਵੀ ਸੰਬੋਧਨ ਕੀਤਾ। ਬੀਬਾ ਅਮਰਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਕਦੇ ਵੀ ਮੋਤੀ ਮਹਿਲ ਦਾ ਬੁਰਾ ਨਹੀਂ ਚਾਹਿਆ ਪਰ ਪਤਾ ਨਹੀਂ ਕਿਉਂ ਕੈਪਟਨ ਅਮਰਿੰਦਰ ਸਿੰਘ ਨੇ ਉਸ ਦੀ ਸਿਆਸਤ ਵਿਚੋਂ ਜੜ੍ਹਾਂ ਵੱਢਣੀਆਂ ਜਾਰੀ ਰੱਖੀਆਂ, ਜਦੋਂ ਉਹ ਕਾਂਗਰਸ ਵਿਚ ਸੀ ਤਾਂ ਉਸ ਨੂੰ ਪੰਜਾਬ ਦੀ ਸਿਆਸਤ ਵਿਚ ਅਮਰਿੰਦਰ ਨੇ ਬੁਰੀ ਤਰ੍ਹਾਂ ਨਿਰਾਸ਼ ਕੀਤਾ, ਜਦੋਂ ਉਹ ਸ਼੍ਰੋਮਣੀ ਅਕਾਲੀ ਦਲ ਵਿਚ ਆਈ ਤਾਂ ਵੀ ਅਮਰਿੰਦਰ ਦੀ ਸੁਖਬੀਰ ਬਾਦਲ ਨਾਲ ਕਥਿਤ ਸਾਂਝ ਹੋਣ ਕਰਕੇ ਅਕਾਲੀ ਦਲ ਵਿਚ ਵੀ ਉਸ ਦੇ ਪੈਰ ਨਹੀਂ ਲੱਗਣ ਦਿੱਤੇ। ਉਨ੍ਹਾਂ ਕਿਹਾ ਕਿ ਆਉਂਦੇ ਦਿਨਾਂ ਵਿਚ ਪਟਿਆਲਾ ਤੋਂ ਭਾਜਪਾ ਵਿਚ ਗਏ ਬਹੁਤ ਸਾਰੇ ਕਾਂਗਰਸੀ ਵਾਪਸ ਕਾਂਗਰਸ ਵਿਚ ਆਉਣ ਲਈ ਤਿਆਰ ਬੈਠੇ ਹਨ।

Related Post