

ਪਟਿਆਲਾ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਪ੍ਰਨੀਤ ਕੌਰ ਨੇ ਰਾਜਪੁਰਾ ਦੇ ਵੱਖ-ਵੱਖ ਇਲਾਕਿਆਂ ਵਿਚ ਜਨਤਕ ਮੀਟਿੰਗਾਂ ਕੀਤੀਆਂ। ਇਸ ਦੌਰਾਨ ਉਨ੍ਹਾਂ ਨੇ ਪਟਿਆਲਾ ਅਤੇ ਪੰਜਾਬ ਦੇ ਉੱਜਵਲ ਭਵਿੱਖ ਦਾ ਹਵਾਲਾ ਦਿੰਦੇ ਹੋਏ ਲੋਕਾਂ ਤੋਂ ਆਪਣੇ ਲਈ ਵੋਟਾਂ ਮੰਗੀਆਂ। ਪ੍ਰਨੀਤ ਕੌਰ ਨੇ ਕਿਹਾ ਕਿ ਭੂਗੋਲਿਕ ਸਥਿਤੀਆਂ ਦੇ ਆਧਾਰ ’ਤੇ ਉਹ ਪੂਰੇ ਭਰੋਸੇ ਨਾਲ ਕਹਿ ਸਕਦੇ ਹਨ ਕਿ ਰਾਜਪੁਰਾ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਨ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਰੱਖਦਾ ਹੈ। ਉਨ੍ਹਾਂ ਦਾ ਇੱਕ ਅਹਿਮ ਸੁਫ਼ਨਾ ਰਾਜਪੁਰਾ ਨੂੰ ਪੰਜਾਬ ਦਾ ਮੁੱਖ ਉਦਯੋਗਿਕ ਕੇਂਦਰ ਬਣਾਉਣਾ ਹੈ। ਰੇਲ, ਸੜਕ ਅਤੇ ਹਵਾਈ ਸੰਪਰਕ ਨਾਲ ਜੁੜਿਆ ਹੋਣ ਕਰਕੇ ਰਾਜਪੁਰਾ ਪੰਜਾਬ ਦੀ ਮੁੱਖ ਉਦਯੋਗਿਕ ਇਕਾਈ ਬਣ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਨਵੇਂ ਮੌਕੇ ਪ੍ਰਦਾਨ ਕਰ ਸਕੇਗਾ। ਪ੍ਰਨੀਤ ਕੌਰ ਨੇ ਕਿਹਾ ਕਿ ਜੇਕਰ ਰਾਜਪੁਰਾ ਵਾਸੀਆਂ ਦੇ ਭਰੋਸੇ ਦੀ ਤਾਕਤ ਨਾਲ ਉਹ ਕੇਂਦਰ ਸਰਕਾਰ ਦਾ ਹਿੱਸਾ ਬਣਦੇ ਹਨ ਤਾਂ ‘ਮੇਕ ਇੰਨ ਇੰਡੀਆ’ ਤਹਿਤ ਉਹ ਰਾਜਪੁਰਾ ਨੂੰ ਪੰਜਾਬ ਦੇ ਮੁੱਖ ਉਦਯੋਗਿਕ ਖੇਤਰ ਵਜੋਂ ਵਿਕਸਤ ਕਰਨ ਲਈ ਨਰਿੰਦਰ ਮੋਦੀ ਸਰਕਾਰ ਤੋਂ ਵੱਡਾ ਆਰਥਿਕ ਪੈਕੇਜ ਲੈ ਕੇ ਆ ਸਕਣਗੇ। ਪ੍ਰਨੀਤ ਕੌਰ ਨੇ ਕਿਹਾ, ‘‘ਤੁਸੀਂ ਮੈਨੂੰ ਸੰਸਦ ਵਿਚ ਭੇਜੋ ਰਾਜਪੁਰਾ ਲਈ ਵੱਡਾ ਵਿਕਾਸ ਪੈਕੇਜ ਲਿਆ ਕੇ ਦੇਣ ਦੀ ਜ਼ਿੰਮੇਵਾਰੀ ਮੇਰੀ ਦੀ ਹੋਵੇਗੀ’’ ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਨੇ ਕਦੇ ਵੀ ਕਿਸੇ ਸੂਬੇ ਨੂੰ ਉਦਯੋਗ ਵਜੋਂ ਵਿਕਸਿਤ ਕਰਨ ਲਈ ਨਿਰਾਸ਼ ਨਹੀਂ ਕੀਤਾ। ਉਨ੍ਹਾਂ 1 ਜੂਨ ਨੂੰ ਕਮਲ ਦੇ ਫੁੱਲ ਦੇ ਬਟਨ ਨੂੰ ਦੱਬ ਕੇ ਨਰਿੰਦਰ ਮੋਦੀ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ, ਘਨੌਰ ਹਲਕਾ ਇੰਚਾਰਜ ਵਿਕਾਸ ਸ਼ਰਮਾ, ਸ਼ੇਖਰ ਚੌਧਰੀ, ਪ੍ਰਦੀਪ ਨੰਦਾ, ਅਮਰਜੀਤ ਉਕਸੀ, ਰਵਿੰਦਰ ਸਿੰਘ, ਸ਼ਾਂਤੀ ਸਪਰਾ, ਓਮ ਪ੍ਰਕਾਸ਼ ਭਾਰਤੀ ਆਦਿ ਹਾਜ਼ਰ ਸਨ।