
ਸਰਕਾਰੀ ਸਕੂਲਾਂ ਦੇ ਗਾਈਡੈਂਸ ਕਾਊਂਸਲਰਜ਼ ਲਈ ਕੈਰੀਅਰ ਵਰਕਸ਼ਾਪ ਆਯੋਜਿਤ
- by Jasbeer Singh
- February 19, 2025

ਸਰਕਾਰੀ ਸਕੂਲਾਂ ਦੇ ਗਾਈਡੈਂਸ ਕਾਊਂਸਲਰਜ਼ ਲਈ ਕੈਰੀਅਰ ਵਰਕਸ਼ਾਪ ਆਯੋਜਿਤ ਅਗਨੀਵੀਰ, ਅਰਧ ਸੈਨਿਕ ਬਲਾਂ, ਐੱਨ.ਡੀ.ਏ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਪ੍ਰੀਕਿਰਿਆ ਸਬੰਧੀ ਕਰਵਾਇਆ ਜਾਣੂ ਸੰਗਰੂਰ, 19 ਫਰਵਰੀ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਰਕਾਰੀ ਸਕੂਲਾਂ ਦੇ ਗਾਈਡੈਂਸ ਕਾਊਂਸਲਰਜ਼ ਲਈ ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਦਫਤਰ ਸੰਗਰੂਰ ਵੱਲੋਂ ਕੈਰੀਅਰ ਵਰਕਸ਼ਾਪ ਆਯੋਜਿਤ ਕੀਤੀ ਗਈ । ਇਸ ਵਰਕਸ਼ਾਪ ਵਿੱਚ ਸ਼ਾਮਲ ਹੁੰਦਿਆਂ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਸਕੂਲ ਗਾਈਡੈਂਸ ਕਾਊਂਸਲਰਜ਼ ਨੂੰ ਵਿਦਿਆਰਥੀਆਂ ਦੇ ਉਜਵੱਲ ਭਵਿੱਖ ਲਈ ਤਨਦੇਹੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕੀਤਾ । ਇਸ ਸਬੰਧੀ ਸ੍ਰੀਮਤੀ ਸਿੰਪੀ ਸਿੰਗਲਾ ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਦੱਸਿਆ ਗਿਆ ਕਿ ਇਸ ਵਰਕਸ਼ਾਪ ਵਿੱਚ ਜਿਲ੍ਹਾ ਸੰਗਰੂਰ ਦੇ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ 162 ਗਾਈਡੈਂਸ ਕਾਊਂਸਲਰਜ਼ ਵੱਲੋਂ ਹਿੱਸਾ ਲਿਆ ਗਿਆ।ਇਸ ਵਰਕਸ਼ਾਪ ਦੌਰਾਨ ਸੀ-ਪਾਈਟ ਨਾਭਾ ਦੇ ਇੰਚਾਰਜ ਯਾਦਵਿੰਦਰ ਸਿੰਘ ਵੱਲੋਂ ਅਗਨੀਵੀਰ, ਅਰਧ ਸੈਨਿਕ ਬਲਾਂ, ਐੱਨ. ਡੀ. ਏ. ਅਤੇ ਪੰਜਾਬ ਪੁਲਿਸ ਵਿੱਚ ਭਰਤੀ ਪ੍ਰੀਕਿਰਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ । ਇਸ ਵਰਕਸ਼ਾਪ ਦੌਰਾਨ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਵੱਲੋਂ ਸਕੂਲ ਗਾਈਡੈਂਸ ਕਾਊਂਸਲਰਜ਼ ਨੂੰ ਵੱਖ-ਵੱਖ ਕਰੀਅਰ ਫੀਲਡਜ਼, ਇੰਟਰਵਿਊ ਸਬੰਧੀ ਤਿਆਰੀ ਅਤੇ ਆਨ-ਲਾਈਨ ਰਜ਼ਿਊਮ ਆਦਿ ਤਿਆਰ ਕਰਨ ਸਬੰਧੀ ਏ. ਆਈ. ਟੂਲਜ਼ ਅਤੇ ਸਵੈ-ਰੋਜ਼ਗਾਰ ਸਕੀਮਾਂ ਆਦਿ ਬਾਰੇ ਵੀ ਦੱਸਿਆ ਗਿਆ । ਇਸ ਤੋਂ ਇਲਾਵਾ ਇਸ ਵਰਕਸ਼ਾਪ ਦੌਰਾਨ ਇਸ ਦਫਤਰ ਦੇ ਨੁੰਮਾਇੰਦਿਆਂ ਵੱਲੋਂ ਵੱਖ-ਵੱਖ ਸਕਿੱਲ ਟ੍ਰੇਨਿੰਗ ਕੋਰਸਾਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ । ਇਸ ਵਰਕਸ਼ਾਪ ਦੌਰਾਨ ਵਿਦਿਆਰਥੀਆਂ ਦੀ ਰੂਚੀ ਜਾਨਣ, ਸਾਈਕੋਮੀਟਰਿਕ ਟੈਸਟ ਅਤੇ ਆਪਣੀ ਫੀਲਡ ਦੇ ਮਾਹਰ ਵਲੰਟੀਅਰਜ਼ ਦੀ ਜਾਣਕਾਰੀ ਇੱਕਤਰ ਕਰਨ ਲਈ ਪ੍ਰੋਫਾਰਮੇ ਵੀ ਸਾਂਝੇ ਕੀਤੇ ਗਏ ।