
ਅਗ਼ਵਾ, ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਅਤੇ ਲਾਪਤਾ ਕਰਨ ਦੇ ਮਾਮਲੇ ਵਿਚ ਸੀਬੀਆਈ ਕੋਰਟ ਨੇ ਦਿੱਤਾ ਤਰਨਤਾਰਨ ਤੇ ਤਤਕਾਲੀ
- by Jasbeer Singh
- December 19, 2024

ਅਗ਼ਵਾ, ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਅਤੇ ਲਾਪਤਾ ਕਰਨ ਦੇ ਮਾਮਲੇ ਵਿਚ ਸੀਬੀਆਈ ਕੋਰਟ ਨੇ ਦਿੱਤਾ ਤਰਨਤਾਰਨ ਤੇ ਤਤਕਾਲੀ ਥਾਣੇਦਾਰ ਨੂੰ ਦੋਸ਼ੀ ਕਰਾਰ 23 ਦਸੰਬਰ ਨੂੰ ਸੁਣਾਈ ਜਾਵੇਗੀ ਕੋਰਟ ਵਲੋਂ ਸਜ਼ਾ ਮੋਹਾਲੀ : ਪੰਜਾਬ ਦੇ ਸ਼ਹਿਰ ਮੋਹਾਲੀ ਵਿਖੇ ਬਣੀ ਸੀ. ਬੀ. ਆਈ. ਕੋਰਟ ਵਲੋਂ 32 ਸਾਲ ਪਹਿਲਾਂ ਸਰਕਾਰੀ ਸਕੂਲ ਦੇ ਵਾਈਸ ਪ੍ਰਿੰਸੀਪਲ ਅਤੇ ਸੁਤੰਤਰਤਾ ਸੈਨਾਨੀ ਨੂੰ ਅਗ਼ਵਾ, ਗ਼ੈਰ-ਕਾਨੂੰਨੀ ਹਿਰਾਸਤ ਵਿਚ ਰੱਖਣ ਅਤੇ ਲਾਪਤਾ ਕਰਨ ਦੇ ਮਾਮਲੇ ਵਿਚ ਸੀਬੀਆਈ ਕੋਰਟ ਮੋਹਾਲੀ ਨੇ ਤਰਨਤਾਰਨ ਦੇ ਤਤਕਾਲੀ ਥਾਣੇਦਾਰ ਸੁਰਿੰਦਰਪਾਲ ਸਿੰਘ ਨੂੰ ਬੁਧਵਾਰ ਨੂੰ ਦੋਸ਼ੀ ਕਰਾਰ ਦੇ ਦਿਤਾ ਹੈ।ਦੱਸਣਯੋਗ ਹੈ ਕਿ ਦੋਸ਼ੀ ’ਤੇ 31 ਅਕਤੂਬਰ 1992 ਨੂੰ ਸੁਖਦੇਵ ਸਿੰਘ ਅਤੇ ਉਸ ਦੇ 80 ਸਾਲਾ ਸਹੁਰੇ ਸੁਲੱਖਣ ਸਿੰਘ ਵਾਸੀ ਭਕਨਾ ਨੂੰ ਅਗ਼ਵਾ ਤੇ ਗ਼ੈਰ ਕਾਨੂੰਨੀ ਹਿਰਾਸਤ ’ਚ ਰੱਖ ਕੇ ਗ਼ਾਇਬ ਕਰਨ ਦੇ ਦੋਸ਼ ਸਨ। ਇਸ ਕੇਸ ਵਿਚ ਸਜ਼ਾ ਦਾ ਫ਼ੈਸਲਾ 23 ਦੰਸਬਰ 2024 ਨੂੰ ਕੀਤਾ ਜਾਵੇਗਾ। ਇਸ ਘਟਨਾਂ ਦੌਰਾਨ ਸਾਲ 1992 ਵਿਚ ਸੁਰਿੰਦਰਪਾਲ ਜ਼ਿਲ੍ਹਾ ਤਰਨਤਾਰਨ ਦੇ ਸਰਹਾਲੀ ਖੇਤਰ ਦਾ ਥਾਣੇਦਾਰ ਸੀ। ਮਾਮਲੇ ’ਚ ਦੋਹਾਂ ਪੱਖਾਂ ਦੀਆਂ ਅਖ਼ੀਰੀ ਦਲੀਲਾਂ ਸੁਣਨ ਤੋਂ ਬਾਅਦ ਜੱਜ ਮਨਜੋਤ ਕੌਰ ਨੇ ਆਈਪੀਸੀ ਦੀ ਧਾਰਾ, 120ਬੀ,342,364 ਅਤੇ 365 ਵਿਚ ਸੁਰਿੰਦਰਪਾਲ ਦੀ ਸ਼ਮੂਲੀਅਤ ਨੂੰ ਮੰਨਦਿਆਂ ਉਸ ਨੂੰ ਦੋਸ਼ੀ ਕਰਾਰ ਦੇ ਦਿਤਾ। ਇਸ ਮਾਮਲੇ ਵਿਚ ਸੀਬੀਆਈ ਨੇ ਕੁਲ 14 ਗਵਾਹ ਪੇਸ਼ ਕੀਤੇ ਜਦੋਂ ਕਿ ਦੋਸ਼ੀਆਂ ਵਲੋਂ ਵੀ 9 ਗਵਾਹ ਪੇਸ਼ ਕੀਤੇ ਗਏ। ਇਸ ਮਾਮਲੇ ਵਿਚ ਕੁਲ 2 ਪੁਲਿਸ ਮੁਲਾਜ਼ਮਾਂ ਵਿਰੁਧ ਥਾਣੇਦਾਰ ਸੁਰਿੰਦਰਪਾਲ ਅਤੇ ਏਐੱਸਆਈ ਅਵਤਾਰ ਸਿੰਘ ਵਿਰੁਧ ਚਾਰਜਸ਼ੀਟ ਪੇਸ਼ ਕੀਤੀ ਸੀ। ਅਵਤਾਰ ਸਿੰਘ ਜਿਸ ਦੀ ਅਗਵਾਈ ਵਿਚ ਇਨ੍ਹਾਂ ਸੁਖਦੇਵ ਸਿੰਘ ਅਤੇ ਸੁਲੱਖਣ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਦੀ ਟਰਾਇਲ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੌਤ ਹੋ ਗਈ ਸੀ। ਮਾਮਲਾ ਸਾਲ 31 ਅਕਤੂਬਰ 1992 ਸ਼ਾਮ ਵੇਲੇ ਦਾ ਹੈ ਜਦੋਂ ਅਵਤਾਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਨੇ ਸੁਖਦੇਵ ਸਿੰਘ ਜੋ ਕਿ ਸਕੂਲ ਵਿਚ ਬਤੌਰ ਵਾਈਸ ਪ੍ਰਿੰਸੀਪਲ ਨੌਕਰੀ ਕਰਦਾ ਸੀ ਅਤੇ ਉਸ ਦੇ 80 ਸਾਲਾ ਆਜ਼ਾਦੀ ਘੁਲਾਟੀਏ ਸਹੁਰੇ ਸੁਲੱਖਣ ਸਿੰਘ ਵਾਸੀ ਭਕਨਾ ਨੂੰ ਸੁਖਦੇਵ ਸਿੰਘ ਦੇ ਘਰੋਂ ਪੁਛਗਿਛ ਲਈ ਹਿਰਾਸਤ ਵਿਚ ਲੈ ਲਿਆ ਸੀ। ਇਨ੍ਹਾਂ ਨੂੰ ਤਿੰਨ ਦਿਨਾਂ ਤਕ ਪੁਲਿਸ ਥਾਣਾ ਸਰਹਾਲੀ ਤਰਨਤਾਰਨ ਵਿਚ ਨਜਾਇਜ਼ ਤੌਰ ’ਤੇ ਰਖਿਆ ਗਿਆ। ਇਸ ਦੌਰਾਨ ਪ੍ਰਵਾਰ ਅਤੇ ਅਧਿਆਪਕ ਯੂਨੀਅਨਾਂ ਦੇ ਮੈਂਬਰ ਉਨ੍ਹਾਂ ਨੂੰ ਮਿਲਦੇ ਰਹੇ ਪਰ ਉਸ ਤੋਂ ਬਾਅਦ ਉਨ੍ਹਾਂ ਦਾ ਕੋਈ ਪਤਾ ਨਹੀਂ ਲੱਗਾ। ਸੁਖਦੇਵ ਸਿੰਘ ਦੀ ਪਤਨੀ ਸੁਖਵੰਤ ਕੌਰ ਜਿਸ ਦੇ ਪਤੀ ਅਤੇ ਪਿਤਾ ਨੂੰ ਚੁੱਕ ਲਿਆ ਗਿਆ ਸੀ, ਨੇ ਇਸ ਮਾਮਲੇ ਦੀ ਸ਼ਿਕਾਇਤ ਉੱਚ ਅਧਿਕਾਰੀਆਂ ਨੂੰ ਕੀਤੀ। ਅਪਣੀ ਸ਼ਿਕਾਇਤ ਵਿਚ ਉਸ ਨੇ ਦਸਿਆ ਸੀ ਕਿ ਉਸ ਦੀ ਪਤੀ ਸਰਕਾਰੀ ਸਕੂਲ ਲੋਪੋਕੇ ਵਿਚ ਲੈਕਚਰਾਰ ਅਤੇ ਸਹੁਰਾ ਆਜ਼ਾਦੀ ਘੁਲਾਟੀਏ ਸਨ ਅਤੇ ਆਜ਼ਾਦੀ ਦੀ ਲਹਿਰ ਦੌਰਾਨ ਬਾਬਾ ਸੋਹਣ ਸਿੰਘ ਭਕਨਾ ਦੇ ਨਜ਼ਦੀਕੀ ਸਾਥੀਆਂ ਵਿਚੋਂ ਇਕ। ਇਸ ਮਾਮਲੇ ਵਿਚ ਸਾਬਕਾ ਵਿਧਾਇਕ ਸਤਪਾਲ ਡਾਂਗ ਅਤੇ ਵਿਮਲਾ ਡਾਂਗ ਨੇ ਵੀ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਵੱਖ-ਵੱਖ ਚਿੱਠੀਆਂ ਲਿਖੀਆਂ ਅਤੇ ਮੁੱਖ ਮੰਤਰੀ ਨੇ ਵੀ ਜਵਾਬ ਦਿਤਾ ਕਿ ਉਹ ਪੁਲਿਸ ਦੀ ਹਿਰਾਸਤ ਵਿਚ ਨਹੀਂ ਹਨ। ਸਾਲ 2003 ਵਿਚ ਕੁੱਝ ਪੁਲਿਸ ਮੁਲਾਜ਼ਮਾਂ ਨੇ ਸੁਖਵੰਤ ਕੌਰ (ਸੁਖਦੇਵ ਸਿੰਘ ਦੀ ਪਤਨੀ) ਨਾਲ ਸੰਪਰਕ ਕਰ ਕੇ ਉਸ ਦੇ ਖ਼ਾਲੀ ਕਾਗ਼ਜ਼ਾਂ ’ਤੇ ਦਸਤਖ਼ਤ ਕਰਵਾ ਲਏ ਅਤੇ ਕੁੱਝ ਦਿਨਾਂ ਬਾਅਦ ਉਸ ਨੂੰ ਸੁਖਦੇਵ ਸਿੰਘ ਦਾ ਮੌਤ ਦਾ ਸਰਟੀਫ਼ੀਕੇਟ ਸੌਂਪ ਦਿਤਾ ਜਿਸ ਵਿਚ 8.7.1993 ਨੂੰ ਉਸ ਦੀ ਮੌਤ ਹੋਣ ਦਾ ਜ਼ਿਕਰ ਕੀਤਾ ਗਿਆ ਸੀ। ਪ੍ਰਵਾਰ ਨੂੰ ਸੂਚਿਤ ਕੀਤਾ ਗਿਆ ਕਿ ਤਸ਼ੱਦਦ ਦੌਰਾਨ ਸੁਖਦੇਵ ਸਿੰਘ ਦੀ ਮੌਤ ਹੋ ਗਈ ਅਤੇ ਉਸ ਦੀ ਲਾਸ਼ ਸੁਲੱਖਣ ਸਿੰਘ ਦੇ ਨਾਲ ਹਰੀਕੇ ਨਹਿਰ ਵਿਚ ਸੁੱਟ ਦਿਤੀ ਗਈ ਹੈ। ਇਸ ਮਾਮਲੇ ਵਿਚ ਸੁਖਵੰਤ ਕੌਰ ਨੇ ਸੁਪਰੀਮ ਕੋਰਟ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੁਖ਼ ਕੀਤਾ ਗਿਆ ਸੀ। ਸੀ.ਬੀ.ਆਈ. ਨੇ 20 ਨਵੰਬਰ.1996 ਨੂੰ ਸੁਖਵੰਤ ਕੌਰ ਦੇ ਬਿਆਨ ਵੀ ਦਰਜ ਕਰਕੇ 6 ਮਾਰਚ 1997 ਨੂੰ ਏ.ਐਸ.ਆਈ ਅਵਤਾਰ ਸਿੰਘ, ਐਸ.ਆਈ ਸੁਰਿੰਦਰਪਾਲ ਅਤੇ ਹੋਰਾਂ ਵਿਰੁਧ ਬਕਾਇਦਾ ਮੁਕੱਦਮਾ/ਆਰ.ਸੀ. 11/97-ਸੀ.ਐਚ.ਡੀ. ਦੀ ਧਾਰਾ 364/34 ਆਈ.ਪੀ.ਸੀ. ਸਾਲ 2000 ਵਿਚ ਸੀਬੀਆਈ ਨੇ ਕਲੋਜ਼ਰ ਰਿਪੋਰਟ ਦਾਇਰ ਕੀਤੀ। ਹੁਣ ਇਸ ਮਾਮਲੇ ਵਿਚ ਅਦਾਲਤ ਨੇ ਸੁਰਿੰਦਰਪਾਲ ਸਿੰਘ ਨੂੰ ਦੋਸ਼ੀ ਕਰਾਰ ਦੇ ਦਿਤਾ ਹੈ ਜਿਸ ਦੀ ਸਜ਼ਾ ’ਤੇ ਫ਼ੈਸਲਾ 23 ਦਸੰਬਰ ਨੂੰ ਕੀਤਾ ਜਾਣਾ ਹੈ।
Related Post
Popular News
Hot Categories
Subscribe To Our Newsletter
No spam, notifications only about new products, updates.