ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਘਾਤਕ-ਸਿਹਤ ਮੰਤਰੀ
- by Jasbeer Singh
- October 12, 2024
ਕੇਂਦਰ ਸਰਕਾਰ ਵੱਲੋਂ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਘਾਤਕ-ਸਿਹਤ ਮੰਤਰੀ -ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਪੰਜਾਬ ਦੇ ਗੁਦਾਮਾਂ 'ਚੋਂ ਅਨਾਜ ਵੀ ਨਹੀਂ ਚੁੱਕਿਆ ਗਿਆ ਤੇ ਢਾਈ ਸਾਲਾਂ ਤੋਂ ਮੰਡੀ ਬੋਰਡ ਦਾ ਫੰਡ ਵੀ ਰੋਕਿਆ -ਡਾ. ਬਲਬੀਰ ਸਿੰਘ ਵੱਲੋਂ ਪਟਿਆਲਾ ਅਨਾਜ ਮੰਡੀ 'ਚ ਝੋਨੇ ਦੀ ਖਰੀਦ ਦਾ ਜਾਇਜ਼ਾ, ਮੰਡੀ ਪ੍ਰਬੰਧਾਂ 'ਤੇ ਤਸੱਲੀ ਜਤਾਈ -ਕਿਹਾ, ਸੋਨੇ ਵਰਗਾ ਝੋਨਾ ਮੰਡੀਆਂ 'ਚ ਆਇਆ, ਦਾਣਾ-ਦਾਣਾ ਖਰੀਦ ਕਰਵਾਏਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ -'ਕਿਸਾਨਾਂ, ਮਜ਼ਦੂਰਾਂ, ਸ਼ੈਲਰ ਮਾਲਕਾਂ ਤੇ ਆੜਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ ਪੰਜਾਬ ਸਰਕਾਰ' ਪਟਿਆਲਾ, 12 ਅਕਤੂਬਰ : ਪੰਜਾਬ ਦੇ ਮੈਡੀਕਲ ਸਿੱਖਿਆ ਤੇ ਖੋਜ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਪਟਿਆਲਾ ਦੀ ਸਰਹਿੰਦ ਰੋਡ 'ਤੇ ਸਥਿਤ ਅਨਾਜ ਮੰਡੀ 'ਚ ਝੋਨੇ ਦੀ ਚੱਲ ਰਹੀ ਖਰੀਦ ਪ੍ਰਕ੍ਰਿਆ ਦਾ ਜਾਇਜ਼ਾ ਲੈਂਦਿਆਂ ਕਿਹਾ ਕਿ ਕੇਂਦਰ ਸਰਕਾਰ ਦਾ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਘਾਤਕ ਹੈ। ਸਿਹਤ ਮੰਤਰੀ ਨੇ ਸਮੁੱਚੇ ਮੰਡੀ ਪ੍ਰਬੰਧਾਂ 'ਤੇ ਤਸੱਲੀ ਦਾ ਇਜ਼ਹਾਰ ਕੀਤਾ ਅਤੇ ਦੱਸਿਆ ਕਿ ਦੇਸ਼ ਤੇ ਦੁਨੀਆਂ ਭਰ 'ਚ ਅਨਾਜ ਦੀ ਭਾਰੀ ਮੰਗ ਦੇ ਬਾਵਜੂਦ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਸ਼ੈਲਰਾਂ ਤੇ ਗੁਦਾਮਾਂ 'ਚ ਪਿਆ ਅਨਾਜ਼ ਸਮੇਂ ਸਿਰ ਨਾ ਚੁੱਕਣ ਕਰਕੇ ਲਿਫਟਿੰਗ ਦੀ ਸਮੱਸਿਆ ਆਈ ਹੈ ਜਦਕਿ ਪੰਜਾਬ ਸਰਕਾਰ ਲਗਾਤਾਰ ਕੇਂਦਰ 'ਤੇ ਦਬਾਅ ਬਣਾ ਰਹੀ ਹੈ। ਮੀਡੀਆ ਨਾਲ ਗ਼ੈਰਰਸਮੀ ਗੱਲਬਾਤ ਕਰਦਿਆਂ ਡਾ. ਬਲਬੀਰ ਸਿੰਘ ਨੇ ਕੇਂਦਰ ਸਰਕਾਰ ਮੰਡੀਆਂ ਬੰਦ ਕਰਕੇ ਕਿਸਾਨਾਂ ਤੇ ਆੜਤੀਆਂ ਦਾ ਭਾਈਚਾਰਾ ਖਤਮ ਕਰਨਾ ਚਾਹੁੰਦੀ ਹੈ ਪਰੰਤੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ, ਕਿਸਾਨਾਂ, ਮਜ਼ਦੂਰਾਂ, ਸ਼ੈਲਰਾਂ ਤੇ ਆੜਤੀਆਂ ਦੇ ਨਾਲ ਸਾਰੇ ਇੱਕ ਮੰਚ 'ਤੇ ਇਕੱਠੇ ਹਨ ਤੇ ਕੇਂਦਰ ਦੇ ਨਾਦਰਸ਼ਾਹੀ ਫੁਰਮਾਨ ਨਹੀਂ ਚੱਲਣ ਦਿੱਤੇ ਜਾਣਗੇ। ਸਿਹਤ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਿਛਲੇ ਢਾਈ ਸਾਲਾਂ ਤੋਂ ਮੰਡੀ ਬੋਰਡ ਦੇ ਫੰਡ ਰੋਕਣ ਕਰਕੇ ਅਜਿਹੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸੂਬਾ ਸਰਕਾਰ ਨੇ ਮੰਡੀਆਂ 'ਚ ਨਵੇਂ ਫੜ੍ਹ, ਵੱਡੇ-ਵੱਡੇ ਸ਼ੈਡ, ਕਿਸਾਨਾਂ-ਮਜ਼ਦੂਰਾਂ ਲਈ ਵਾਸ਼ਰੂਮਜ਼ ਤੇ ਆਰਾਮ ਘਰ ਬਣਾਉਣ ਦੀ ਤਜਵੀਜ਼ ਬਣਾਈ ਸੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਪਿਛਲੇ ਸੀਜ਼ਨ 'ਚ 40 ਆਰਜ਼ੀ ਖਰੀਦ ਕੇਂਦਰ ਸਨ ਤੇ ਇਸ ਵਾਰ 109 ਮਨਜੂਰ ਕੀਤੇ ਗਏ ਹਨ ਅਤੇ ਮੰਡੀਆਂ 'ਚ ਆ ਰਿਹਾ ਕਿਸਾਨਾਂ ਦੇ ਸੋਨੇ ਵਰਗੇ ਝੋਨੇ ਦਾ ਇੱਕ-ਇੱਕ ਦਾਣਾ ਖਰੀਦਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ, ਮਜ਼ਦੂਰਾਂ, ਸ਼ੈਲਰ ਮਾਲਕਾਂ ਤੇ ਆੜਤੀਆਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਗੁਜ਼ਰਾਤ ਤੇ ਮਹਾਰਾਸ਼ਟਰ ਦੀਆਂ ਪੋਰਟਾਂ 'ਤੇ ਵਪਾਰ ਹੋ ਰਿਹਾ ਹੈ ਪਰੰਤੂ ਦੁਨੀਆਂ 'ਚ ਮੰਗ ਦੇ ਬਾਵਜੂਦ ਪੰਜਾਬ ਦੇ ਅਨਾਜ ਦੇ ਨਿਰਯਾਤ 'ਤੇ ਪਾਬੰਦੀ ਕਰਕੇ ਸੂਬੇ ਦੇ ਗੁਦਾਮਾਂ 'ਚੋਂ ਅਨਾਜ ਨਹੀਂ ਚੁੱਕਿਆ ਗਿਆ, ਜਿਸ ਕਰਕੇ ਸਾਡੇ ਕਿਸਾਨਾਂ ਤੇ ਸ਼ੈਲਰ ਮਾਲਕਾਂ ਨੂੰ ਵੱਡਾ ਘਾਟਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੇ ਉਨ੍ਹਾਂ ਸਮੇਤ ਹੋਰ ਕੈਬਨਿਟ ਮੰਤਰੀਆਂ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਕੇਂਦਰ ਦੇ ਮੰਤਰੀਆਂ ਤੋਂ ਮੀਟਿੰਗਾਂ ਲਈ ਸਮਾਂ ਨਹੀਂ ਮਿਲ ਰਿਹਾ। ਸਿਹਤ ਮੰਤਰੀ ਨੇ ਆੜਤੀ ਭਾਈਚਾਰਾ ਐਸੋਸੀਏਸ਼ਨ ਦੇ ਪ੍ਰਧਾਨ ਸਤਵਿੰਦਰ ਸਿੰਘ ਸੈਣੀ, ਨਰੇਸ਼ ਮਿੱਤਲ, ਅਸ਼ੋਕ ਕੁਮਾਰ ਗੋਇਲ, ਚਰਨਦਾਸ ਗੋਇਲ, ਖਰਦਮਨ ਰਾਏ ਗੁਪਤਾ, ਦਵਿੰਦਰ ਕੁਮਾਰ ਬੱਗਾ, ਹਰਦੇਵ ਸਿੰਘ ਸਰਪੰਚ ਤੇ ਪ੍ਰੇਮ ਚੰਦ ਬਾਂਸਲ, ਦਰਬਾਰਾ ਸਿੰਘ ਜਾਹਲਾਂ, ਪ੍ਰਗਟ ਸਿਘ ਜਾਹਲਾਂ, ਨਰੇਸ਼ ਮਿੱਤਲ, ਤੀਰਥ ਬਾਂਸਲ, ਰਤਨ ਗੋਇਲ ਸੁਰੇਸ਼ ਡਕਾਲਾ ਅਤੇ ਹੋਰ ਨੁਮਾਇੰਦਿਆਂ ਨਾਲ ਬੈਠਕ ਵੀ ਕੀਤੀ। ਉਨ੍ਹਾਂ ਨੇ ਆਪਣੀ ਜਿਣਸ ਵੇਚਣ ਆਏ ਕਿਸਾਨਾਂ ਨਾਲ ਗੱਲਬਾਤ ਕੀਤੀ ਤੇ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਕੋਈ ਮੁਸ਼ਕਿਲ ਨਹੀਂ ਆਉਣ ਦੇਵੇਗੀ ਪਰੰਤੂ ਕਿਸਾਨ ਆਪਣੇ ਖੇਤਾਂ ਵਿੱਚ ਪਰਾਲੀ ਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ । ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ, ਏ.ਡੀ.ਸੀ. (ਜ) ਇਸ਼ਾ ਸਿੰਗਲ, ਐਸ.ਡੀ.ਐਮ. ਮਨਜੀਤ ਕੌਰ, ਡੀ.ਐਸ.ਪੀ ਮਨੋਜ ਗੋਰਸੀ, ਖੁਰਾਕ ਤੇ ਸਿਵਲ ਸਪਲਾਈਜ ਦੇ ਡਿਪਟੀ ਡਾਇਰੈਕਟਰ ਤਰਵਿੰਦਰ ਸਿੰਘ ਚੋਪੜਾ, ਡੀ.ਐਫ.ਐਸ.ਸੀ. ਰੂਪਪ੍ਰੀਤ ਕੌਰ, ਜ਼ਿਲ੍ਹਾ ਮੰਡੀ ਅਫ਼ਸਰ ਮਨਦੀਪ ਸਿੰਘ, ਸਕੱਤਰ ਮਾਰਕੀਟ ਕਮੇਟੀ ਪ੍ਰਭਲੀਨ ਸਿੰਘ ਚੀਮਾ ਸਮੇਤ ਵੱਖ-ਵੱਖ ਖਰੀਦ ਏਜੰਸੀਆਂ ਦੇ ਨੁਮਾਇੰਦੇ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.