post

Jasbeer Singh

(Chief Editor)

Patiala News

ਪੰਜਾਬ ’ਚ ਐਫ ਸੀ ਆਈ ਕੋਲ 83 ਲੱਖ ਟਨ ਚਾਵਲ ਸਟੋਰ ਕਰਨ ਲਈ ਸਪੇਸ ਦੀ ਘਾਟ

post-img

ਪੰਜਾਬ ’ਚ ਐਫ ਸੀ ਆਈ ਕੋਲ 83 ਲੱਖ ਟਨ ਚਾਵਲ ਸਟੋਰ ਕਰਨ ਲਈ ਸਪੇਸ ਦੀ ਘਾਟ ਕੇਂਦਰ ਤੁਰੰਤ ਦਖਲ ਦੇਵੇ: ਰਾਈਸ ਮਿੱਲਰਜ਼ ਐਸੋਸੀਏਸ਼ਨ ਹੜ੍ਹਾਂ ਨਾਲ ਹੋਏ ਕਿਸਾਨੀ ਨੁਕਸਾਨ ਦਾ ਬਣਦਾ ਮੁਆਵਜ਼ਾ ਦੇਵੇ ਸੂਬਾ ਸਰਕਾਰ: ਗਿਆਨ ਚੰਦ ਭਾਰਦਵਾਜ ਪਟਿਆਲਾ, 21 ਨਵੰਬਰ : ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ’ਚ ਝੋਨੇ ਦੀ ਮਿਲਿੰਗ ਵਾਸਤੇ ਸ਼ੁਰੂ ਹੋਏ ਸੀਜ਼ਨ ਨਾਲ ਤਿਆਰ ਹੋਣ ਵਾਸਤੇ 105 ਲੱਖ ਮੀਟਰਿਕ ਟਨ ਚਾਵਲਾਂ ਦੀ ਸਟੋਰੇਜ ਵਾਸਤੇ ਐਫ ਸੀ ਆਈ ਕੋਲ ਸਿਰਫ 22 ਲੱਖ ਮੀਟਰਿਕ ਟਨ ਚਾਵਲ ਦੀ ਸਟੋਰੇਜ ਲਈ ਥਾਂ ਹੈ ਜਦੋਂ ਕਿ 83 ਲੱਖ ਮੀਟਰਿਕ ਟਨ ਚਾਵਲਾਂ ਦੀ ਸਟੋਰੇਜ ਵਾਸਤੇ ਥਾਂ ਦੀ ਜ਼ਰੂਰਤ ਹੈ ਜਿਸ ਵਾਸਤੇ ਸਰਕਾਰ ਨੂੰ ਤੁਰੰਤ ਦਖਲ ਦੇਣ ਦੀ ਜ਼ਰੂਰਤ ਹੈ। ਅੱਜ ਇਥੇ ਪਟਿਆਲਾ ਮੀਡੀਆ ਕਲੱਬ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਈਸ ਮਿੱਲਰਜ਼ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਗਿਆਨੀ ਚੰਦ ਭਾਰਦਵਾਜ ਤੇ ਬਾਕੀ ਸਾਥੀਆਂ ਨੇ ਦੱਸਿਆ ਕਿ ਇਸ ਵਾਰ ਪੰਜਾਬ ਵਿਚ 156 ਲੱਖ ਮੀਟਰਿਕ ਟਨ ਝੋਨੇ ਦੀ ਪੈਦਾਵਾਰ ਹੋਈ ਹੈ ਜੋ ਰਾਈਸ ਮਿੱਲਰਾਂ ਨੂੰ ਮਿਲਿੰਗ ਵਾਸਤੇ ਸੌਂਪਿਆ ਗਿਆ ਹੈ ਜਿਸ ਵਿਚੋਂ 105 ਲੱਖ ਮੀਟਰਿਕ ਟਨ ਚਾਵਲ ਤਿਆਰ ਕਰ ਕੇ ਐਫ ਸੀ ਆਈ ਨੂੰ ਸਪਲਾਈ ਕੀਤੇ ਜਾਣੇ ਹਨ। ਇਸ ਵਿਚੋਂ 20 ਲੱਖ ਟਨ ਚਾਵਲ 10 ਫੀਸਦੀ ਬਰੋਕਨ ਅਤੇ ਬਾਕੀ ਦੇ 85 ਲੱਖ ਟਨ ਚਾਵਲ 25 ਫੀਸਦੀ ਬਰੋਕਨ ਦੇ ਹਿਸਾਬ ਨਾਲ ਐਫ ਸੀ ਆਈ ਨੂੰ 30 ਅਪ੍ਰੈਲ 2026 ਤੱਕ ਡਲੀਵਰ ਕਰਨਾ ਹੈ। ਉਹਨਾਂ ਕਿਹਾ ਕਿ ਜੇਕਰ 30 ਅਪ੍ਰੈਲ 2026 ਤੱਕ ਡਲੀਵਰੀ ਮੁਕੰਮਲ ਨਾ ਹੋਈ ਤਾਂ ਗਰਮੀ ਕਾਰਨ ਬਰੋਕਨ ਦੀ ਮਾਤਰਾ ਹੋਰ ਵੱਧ ਜਾਵੇਗੀ। ਉਹਨਾਂ ਕਿਹਾ ਕਿ ਇਸ ਤੋਂ ਵੀ ਵੱਡੀ ਸਮੱਸਿਆ ਹੈ ਕਿ ਪੰਜਾਬ ਵਿਚ ਸਟੋਰੇਜ ਦੀ ਬਹੁਤ ਵੱਡੀ ਘਾਟ ਹੈ। ਉਹਨਾਂ ਕਿਹਾ ਕਿ ਸਟੋਰੇਜ ਲਈ ਥਾਂ ਬਣਾਉਣ ਵਾਸਤੇ ਜ਼ਰੂਰੀ ਹੈ ਕਿ ਕੇਂਦਰ ਸਰਕਾਰ ਸਪੈਸ਼ਲਾਂ ਦਾ ਪ੍ਰਬੰਧ ਕਰੇ ਅਤੇ ਇਥੇ ਪਹਿਲਾਂ ਪਏ ਭੰਡਾਰ ਨੂੰ ਹੋਰ ਰਾਜਾਂ ਵਿਚ ਸ਼ਿਫਟ ਕਰੇ ਜਾਂ ਫਿਰ ਇਸਨੂੰ ਬਰਾਮਦ ਕਰੇ। ਉਹਨਾਂ ਕਿਹਾ ਕਿ ਇਹ ਕੰਮ 30 ਅਪ੍ਰੈਲ 2026 ਤੱਕ ਮੁਕੰਮਲ ਹੋਣਾ ਜ਼ਰੂਰੀ ਹੈ। ਉਹਨਾਂ ਇਹ ਵੀ ਆਖਿਆ ਕਿ ਇਸ ਵਾਰ ਹੜ੍ਹਾਂ ਕਾਰਨ ਝੋਨੇ ਦਾ ਝਾੜ ਘਟਣ ਨਾਲ ਕਿਸਾਨਾਂ ਦਾ ਬਹੁਤ ਨੁਕਸਾਨ ਹੋਇਆ ਹੈ ਜਿਸ ਲਈ ਉਹ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਉਹ ਸਪੈਸ਼ਲ ਗਿਰਦਾਵਰੀ ਅਨੁਸਾਰ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਅਦਾ ਕਰੇ। ਇਸ ਮੌਕੇ ਗਿਆਨ ਚੰਦ ਭਾਰਦਵਾਜ ਨੇ ਦੱਸਿਆ ਕਿ ਇਸ ਵਾਰ ਪਟਿਆਲਾ ਜ਼ਿਲ੍ਹੇ ਵਿਚ ਐਸ ਐਸ ਪੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਸਰਹੱਦੀ ਖੇਤਰਾਂ ਵਿਚ ਲਗਾਏ ਨਾਕਿਆਂ ਕਾਰਨ ਪੰਜਾਬ ਦੇ ਬਾਹਰੋਂ ਝੋਨਾ ਪੰਜਾਬ ਦੀਆਂ ਮੰਡੀਆਂ ਵਿਚ ਨਹੀਂ ਆ ਸਕਿਆ ਜਿਸ ਲਈ ਅਸੀਂ ਉਹਨਾਂ ਦੇ ਧੰਨਵਾਦੀ ਹਾਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਪੂਰਥਲਾ ਤੋਂ ਜੈਪਾਲ ਗੋਇਲ, ਨਾਮਦੇਵ ਅਰੋੜਾ, ਗੁਰਦਾਸਪੁਰ ਤੋਂ ਅਰਵਿੰਦ ਜ਼ੁਲਕਾਂ, ਅਸ਼ਵਨੀ ਕੁਮਾਰ, ਬਲਵਿੰਦਰ ਸਿੰਘ ਧੂਰੀ, ਸੰਜੀਵ ਕੁਮਾਰ ਮਾਨਸਾ, ਅਮਿਤ ਗੋਇਲ ਰਿਸ਼ੂ, ਰਾਜੀਵ ਸ਼ੇਰੂ, ਬੰਟੀ ਧੂਰੀ, ਅਨਿਲ ਧਵਨ, ਪਵਨ ਕੁਮਾਰ, ਜੈਪਾਲ ਮਿੱਡਾ, ਮਹਿੰਦਰਪਾਲ ਸ੍ਰੀ ਮੁਕਤਸਰ ਸਾਹਿਬ, ਪ੍ਰਵੀਨ ਜੈਨ, ਵਿਸ਼ਾਲ ਗੁਪਤਾ, ਸੁਰਜੀਤ ਸਿੰਘ, ਅਮਨ ਗੋਇਲ, ਮਨੀਸ਼ ਜਿੰਦਲ, ਰਿੰਕੂ ਮੂਣਕ, ਦਵਿੰਦਰ ਬਿੰਦਰਾ ਅਤੇ ਵਿਕਾਸ ਖਰੜ ਸਮੇਤ ਵੱਡੀ ਗਿਣਤੀ ਵਿਚ ਰਾਈਸ ਮਿੱਲਰਜ਼ ਮੌਜੂਦ ਸਨ।

Related Post

Instagram