ਸਿਹਤ ਮੰਤਰੀ ਵੱਲੋਂ ਫੰਡਾਂ ਦੀ ਲਹਿਰ ਨਾਲ ਪਿੰਡਾਂ ` ਚ ਵਿਕਾਸ ਕਾਰਜ ਤੇਜ਼
- by Jasbeer Singh
- November 21, 2025
ਸਿਹਤ ਮੰਤਰੀ ਵੱਲੋਂ ਫੰਡਾਂ ਦੀ ਲਹਿਰ ਨਾਲ ਪਿੰਡਾਂ ` ਚ ਵਿਕਾਸ ਕਾਰਜ ਤੇਜ਼ -ਪੰਜ ਸਾਲ ਗਰੰਟੀ ਵਾਲੀਆਂ ਸੜਕਾਂ ਬਣਾਈਆਂ ਜਾਣਗੀਆਂ - ਡਾ. ਬਲਬੀਰ ਸਿੰਘ -ਪਿੰਡਾਂ ਵਿਚ ਸ਼ੁਰੂ ਹੋਵੇਗੀ ਨਵੀਂ ਈ-ਰਿਕਸ਼ਾ ਸਰਵਿਸ ਪਟਿਆਲਾ, 21 ਨਵੰਬਰ 2025 : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਵਿਕਾਸ ਅਤੇ ਫੰਡਾਂ ਦੀ ਲਹਿਰ ਪ੍ਰੋਗਰਾਮ ਤਹਿਤ ਪਟਿਆਲਾ ਦਿਹਾਤੀ ਦੇ ਵੱਖ-ਵੱਖ ਪਿੰਡਾਂ ਹਰਦਾਸਪੁਰ, ਕਾਲਵਾ, ਨੰਦਪੁਰ ਕੇਸ਼ੋਂ, ਚਲੈਲਾ, ਰੋਹਰਗੜ੍ਹ, ਕਿਸ਼ਨਗੜ੍ਹ, ਰੋਹਟੀ ਖ਼ਾਸ, ਇੱਛੇਵਾਲ ਅਤੇ ਸਿਉਨਾ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਵਿਕਾਸ ਫੰਡਾਂ ਦੀ ਵੰਡ ਕੀਤੀ। ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਟੀਚਾ ਪਿੰਡਾਂ ਦੇ ਵਸਨੀਕਾਂ ਨੂੰ ਬਿਹਤਰ ਸੁਵਿਧਾਵਾਂ ਤੇ ਨੌਜਵਾਨਾਂ ਲਈ ਨਵੇਂ ਰੋਜ਼ਗਾਰ ਦੇ ਰਸਤੇ ਤਿਆਰ ਕਰਨਾ ਹੈ। ਡਾ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਰੀ ਕੀਤੇ ਫੰਡਾਂ ਰਾਹੀਂ ਹੁਣ ਇਹਨਾਂ ਪਿੰਡਾਂ ਵਿੱਚ ਕਈ ਮਹੱਤਵਪੂਰਨ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ ਜਾਣਗੇ। ਇਨ੍ਹਾਂ ਵਿੱਚ ਪੰਜ ਸਾਲ ਦੀ ਗਰੰਟੀ ਵਾਲੀਆਂ ਪੱਕੀਆਂ ਸੜਕਾਂ , ਫਿਰਨੀ ਦੇ ਕੰਮ, ਕਮਿਊਨਿਟੀ ਹਾਲ, ਖੇਡ ਮੈਦਾਨ ਅਤੇ ਹੋਰ ਆਧੁਨਿਕ ਢਾਂਚੇ ਦੀ ਨਿਰਮਾਣ ਪ੍ਰਕਿਰਿਆ ਸ਼ਾਮਲ ਹੈ। ਇਹ ਸਹੂਲਤਾਂ ਸਿਰਫ਼ ਪਿੰਡਾਂ ਦੀ ਸੋਭਾ ਹੀ ਨਹੀਂ ਵਧਾਉਣਗੀਆਂ ਸਗੋਂ ਨੌਜਵਾਨ ਪੀੜ੍ਹੀ ਨੂੰ ਖੇਡਾਂ ਅਤੇ ਸਮਾਜਿਕ ਗਤੀਵਿਧੀਆਂ ਲਈ ਵੱਧ ਤੋ ਵੱਧ ਮੌਕੇ ਪ੍ਰਦਾਨ ਕਰਨਗੀਆਂ । ਉਹਨਾਂ ਕਿਹਾ ਕਿ ਪਿੰਡਾਂ ਦੇ ਕਈ ਥਾਵਾਂ `ਤੇ ਮੌਜੂਦ ਬੇਕਾਰ ਪਏ ਟੋਭੇ ਹੁਣ ਹਟਾ ਕੇ ਉਨ੍ਹਾਂ ਦੀ ਥਾਂ ਦਰੱਖਤ ਲਗਾਏ ਜਾਣਗੇ, ਤਾਂ ਜੋ ਪਿੰਡਾਂ ਦੀ ਹਵਾ ਅਤੇ ਵਾਤਾਵਰਣ ਹੋਰ ਸੁੰਦਰ ਬਣ ਸਕੇ । ਸਿਹਤ ਮੰਤਰੀ ਨੇ ਦੱਸਿਆ ਕਿ ਬਹੁਤ ਜਲਦ ਪਿੰਡਾਂ ਵਿੱਚ “ਈ-ਰਿਕਸ਼ਾ ਸਰਵਿਸ” ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਪਹਿਲ ਨਾਲ ਇੱਕ ਪਾਸੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਤਿਆਰ ਹੋਣਗੇ, ਦੂਜੇ ਪਾਸੇ ਪਿੰਡ ਵਾਸੀਆਂ, ਖ਼ਾਸ ਕਰਕੇ ਬਜ਼ੁਰਗਾਂ, ਵਿਦਿਆਰਥੀਆਂ ਅਤੇ ਮਹਿਲਾਵਾਂ ਨੂੰ ਆਵਾਜਾਈ ਸੁਵਿਧਾ ਪ੍ਰਾਪਤ ਹੋਵੇਗੀ । ਇਸ ਮੌਕੇ ਸਿਹਤ ਮੰਤਰੀ ਨੇ ਪਿੰਡਾਂ ਦੀਆਂ ਮਹਿਲਾਵਾਂ ਲਈ ਵੀ ਖ਼ਾਸ ਐਲਾਨ ਕੀਤਾ। ਉਹਨਾਂ ਦੱਸਿਆ ਕਿ ਹੁਣ ਬੀਬੀਆਂ ਅਤੇ ਭੈਣਾਂ ਨੂੰ ਸੈਲਫ ਹੈਲਪ ਗਰੁੱਪਾਂ ਰਾਹੀਂ ਹੋਰ ਵਧੇਰੇ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ। ਓਹਨਾ ਕਿਹਾ ਕਿ ਸਰਕਾਰ ਦਾ ਉਦੇਸ਼ ਹੈ ਕਿ ਹਰ ਪਿੰਡ ਦੀ ਮਹਿਲਾ ਘਰੇਲੂ ਉਦਯੋਗਾਂ ਰਾਹੀਂ ਮਜ਼ਬੂਤ ਅਤੇ ਆਤਮਨਿਰਭਰ ਬਣੇ ।ਇਸ ਤੋਂ ਇਲਾਵਾ, ਡਾ. ਬਲਬੀਰ ਸਿੰਘ ਨੇ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 23, 24 ਅਤੇ 25 ਨਵੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕੱਠੇ ਹੋ ਕੇ “ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ਼ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਨ ਨੂੰ ਸਮਰਪਿਤ ਸਮਾਗਮਾਂ ਵਿੱਚ ਵੱਧ ਤੋਂ ਵੱਧ ਸਮੂਲੀਅਤ ਕਰਨ।
