ਜ਼ਮੀਨ ਬਦਲੇ ਨੌਕਰੀ ਘਪਲੇ ਵਿਚ ਲਾਲੂ ਪਰਿਵਾਰ ਸਮੇਤ 41 ਖ਼ਿਲਾਫ਼ ਦੋਸ਼ ਤੈਅ
- by Jasbeer Singh
- January 10, 2026
ਜ਼ਮੀਨ ਬਦਲੇ ਨੌਕਰੀ ਘਪਲੇ ਵਿਚ ਲਾਲੂ ਪਰਿਵਾਰ ਸਮੇਤ 41 ਖ਼ਿਲਾਫ਼ ਦੋਸ਼ ਤੈਅ ਨਵੀਂ ਦਿੱਲੀ, 10 ਜਨਵਰੀ 2026 : ਰਾਸ਼ਟਰੀ ਰਾਜਧਾਨੀ ਦੀ ਇਕ ਅਦਾਲਤ ਨੇ ਰਾਸ਼ਟਰੀ ਜਨਤਾ ਦਲ (ਰਾਜਦ) ਮੁਖੀ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਨਾਂ ਖਿਲਾਫ਼ ਕਥਿਤ ਜ਼ਮੀਨ ਦੇ ਬਦਲੇ ਨੌਕਰੀ ਘਪਲੇ ਦੇ ਮਾਮਲੇ 'ਚ ਦੋਸ਼ ਤੈਅ ਕਰਨ ਦਾ ਸ਼ੁੱਕਰਵਾਰ ਨੂੰ ਹੁਕਮ ਦਿੱਤਾ । ਯਾਦਵ ਨੇ ਰੇਲ ਮੰਤਰਾਲਾ ਨੂੰ ਵਰਤਿਆ ਨਿੱਜੀ ਜਗੀਰ ਵਾਂਗ ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਕਿਹਾ ਕਿ ਯਾਦਵ ਨੇ ਰੇਲ ਮੰਤਰਾਲਾ ਨੂੰ ਆਪਣੀ ਨਿੱਜੀ ਜਗੀਰ ਵਾਂਗ ਵਰਤਿਆ ਤਾਂ ਕਿ ਉਹ ਇਕ ਅਪਰਾਧਿਕ ਗਤੀਵਿਧੀ ਨੂੰ ਅੰਜਾਮ ਦੇ ਸਕੇ। ਉਨਾਂ ਕਿਹਾ ਕਿ ਇਸ 'ਚ ਸਰਕਾਰੀ ਨੌਕਰੀ ਨੂੰ ਸੌਦੇਬਾਜ਼ੀ ਦੇ ਹਥਿਆਰ ਵਜੋਂ ਵਰਤ ਕੇ ਯਾਦਵ ਪਰਿਵਾਰ ਨੇ ਰੇਲਵੇ ਅਧਿਕਾਰੀਆਂ ਅਤੇ ਆਪਣੇ ਕਰੀਬੀ ਸਾਥੀਆਂ ਦੀ ਮਿਲੀਭੁਗਤ ਨਾਲ ਜ਼ਮੀਨ ਹਾਸਲ ਕੀਤੀ । ਅਦਾਲਤ ਨੇ 41 ਖ਼ਿਲਾਫ਼ ਦੋਸ਼ ਤੈਅ ਕਰਦਿਆਂ 52 ਰੇਲਵੇ ਅਧਿਕਾਰੀਆਂ ਨੂੰ ਕੀਤਾ ਬਰੀ ਹੁਕਮ ਦੇ ਮੁੱਖ ਹਿੱਸੇ ਨੂੰ ਜ਼ੁਬਾਨੀ ਸੁਣਾਉਂਦੇ ਹੋਏ ਜੱਜ ਨੇ ਕਿਹਾ ਕਿ ਸੀ. ਬੀ. ਆਈ. ਦੀ ਅੰਤਿਮ ਰਿਪੋਰਟ ਤੋਂ 'ਗੰਭੀਰ ਸ਼ੱਕ ਦੇ ਆਧਾਰ 'ਤੇ ਇਕ ਵਿਆਪਕ ਸਾਜ਼ਿਸ਼' ਦਾ ਖੁਲਾਸਾ ਹੁੰਦਾ ਹੈ। ਉਨ੍ਹਾਂ ਲਾਲੂ ਪ੍ਰਸਾਦ ਅਤੇ ਉਨ੍ਹਾਂ ਪਰਿਵਾਰਕ ਮੈਂਬਰਾਂ ਸਮੇਤ ਮੁਲਜ਼ਮਾਂ ਵੱਲੋਂ ਬਰੀ ਕੀਤੇ ਜਾਣ ਦੀ ਪਟੀਸ਼ਨ ਨੂੰ ਵੀ 'ਅਣਉਚਿਤ' ਦੱਸਦੇ ਹੋਏ ਰੱਦ ਕਰ ਦਿੱਤਾ। ਅਦਾਲਤ ਨੇ ਇਸ ਮਾਮਲੇ 'ਚ 41 ਲੋਕਾਂ ਖ਼ਿਲਾਫ਼ ਦੋਸ਼ ਤੈਅ ਕੀਤੇ ਅਤੇ ਰੇਲਵੇ ਅਧਿਕਾਰੀਆਂ ਸਮੇਤ 52 ਲੋਕਾਂ ਨੂੰ ਬਰੀ ਕਰ ਦਿੱਤਾ ।
