
ਮੁੱਖ ਮੰਤਰੀ ਮਾਨ ਸਪੱਸ਼ਟ ਕਰਨ, ਜ਼ਮੀਨ ਅਧਿਗ੍ਰਹਣ ਦੀ ਮਨਸ਼ਾ ਖਤਮ ਹੋਈ ਜਾਂ ਨਹੀਂ: ਅਸ਼ਵਨੀ ਸ਼ਰਮਾ
- by Jasbeer Singh
- August 13, 2025

ਮੁੱਖ ਮੰਤਰੀ ਮਾਨ ਸਪੱਸ਼ਟ ਕਰਨ, ਜ਼ਮੀਨ ਅਧਿਗ੍ਰਹਣ ਦੀ ਮਨਸ਼ਾ ਖਤਮ ਹੋਈ ਜਾਂ ਨਹੀਂ : ਅਸ਼ਵਨੀ ਸ਼ਰਮਾ -- ਕਿਸਾਨਾਂ ਦੇ ਹਿੱਤ ਕਰਕੇ ਨਹੀਂ ਲਈ ਲੈਂਡ ਪੂਲਿੰਗ ਨੀਤੀ ਵਾਪਸ, ਸਗੋਂ ਹਾਈਕੋਰਟ ਦੇ ਡਰ ਨਾਲ:- ਅਸ਼ਵਨੀ ਸ਼ਰਮਾ ਚੰਡੀਗੜ੍ਹ, 12 ਅਗਸਤ 2025 : "ਮੈਨੂੰ ਯਕੀਨ ਹੈ ਕਿ ਪੰਜਾਬ ਦੀ ਆਮ ਆਦਮੀ ਸਰਕਾਰ ਕਿਸੇ ਹੋਰ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਅਧਿਗ੍ਰਹਿਤ ਕਰੇਗੀ ਕਿਉਂਕਿ ਉਨ੍ਹਾਂ ਨੇ ਸਿਰਫ਼ 14 ਮਈ 2025 ਨੂੰ ਘੋਸ਼ਿਤ ਕੀਤੀ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲਿਆ ਹੈ, ਨਾ ਕਿ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਅਧਿਗ੍ਰਹਣ ਕਰਨ ਦੀ ਮਨਸ਼ਾ ਨੂੰ।" ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਦੇ ਕਾਰਜਕਾਰੀ ਸੁਬਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ, ਜੋ ਅੱਜ ਨਵੇਂ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਸ਼ਰਮਾ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਨੇ ਲੈਂਡ ਪੂਲਿੰਗ ਨੀਤੀ ਕਿਸਾਨਾਂ ਦੇ ਹਿੱਤ ਵਿੱਚ ਵਾਪਸ ਨਹੀਂ ਲਈ, ਸਗੋਂ ਹਾਈਕੋਰਟ ਦੇ ਸਟੇ ਆਰਡਰ ਤੋਂ ਡਰ ਕਰ ਇਹ ਫ਼ੈਸਲਾ ਕੀਤਾ। ਜਿਹੜੀਆਂ ਗੱਲਾਂ ਅਸੀਂ ਕਹਿੰਦੇ ਸੀ, ਉਨ੍ਹਾਂ ਹੀ ਮੁੱਦਿਆਂ 'ਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੈਂਡ ਪੂਲਿੰਗ ਨੀਤੀ 'ਤੇ ਰੋਕ ਲਾ ਦਿੱਤੀ । ਜਿਸ ਤਰ੍ਹਾਂ ਇੱਕ ਸਰਕਾਰੀ ਅਧਿਕਾਰੀ ਦੇ ਆਦੇਸ਼ ਨਾਲ ਉਸ ਲੈਂਡ ਪੂਲਿੰਗ ਨੀਤੀ ਨੂੰ ਵਾਪਸ ਲਿਆ ਗਿਆ, ਜਿਸ ਨੂੰ ਮੁੱਖ ਮੰਤਰੀ ਅਤੇ ਉਨ੍ਹਾਂ ਦੇ ਮੰਤਰੀਆਂ ਨੇ ਕੈਬਿਨੇਟ ਮੀਟਿੰਗ ਕਰਕੇ ਘੋਸ਼ਿਤ ਕੀਤਾ ਸੀ, ਇਸ ਤੋਂ ਸਪੱਸ਼ਟ ਹੈ ਕਿ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਕਿਸਾਨਾਂ ਦੀ ਜ਼ਮੀਨ ਦਾ ਦੁਬਾਰਾ ਅਧਿਗ੍ਰਹਣ ਕਰੇਗੀ। ਜੇ ਇਹ ਸੱਚ ਨਹੀਂ ਹੈ ਤਾਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਹ ਘੋਸ਼ਣਾ ਕਰਨ ਕਿ ਉਹ ਕਿਸੇ ਵੀ ਤਰੀਕੇ ਨਾਲ ਪੰਜਾਬ ਦੇ ਕਿਸਾਨਾਂ ਦੀ ਉਹ ਹਜ਼ਾਰਾਂ ਏਕੜ ਜ਼ਮੀਨ, ਜਿਸ ਨੂੰ ਲੈਂਡ ਪੂਲਿੰਗ ਦੇ ਮਾਧਿਅਮ ਨਾਲ ਲੁੱਟ ਰਹੇ ਸਨ, ਨੂੰ ਦੁਬਾਰਾ ਕਿਸੇ ਵੀ ਤਰੀਕੇ ਨਾਲ ਅਧਿਗ੍ਰਹਿਤ ਨਹੀਂ ਕਰਨਗੇ।