ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਮਨਾਇਆ ਜਾਵੇਗਾ 18 ਨਵੰਬਰ ਤਕ : ਡਾ. ਪ੍ਰੀਤੀ ਯਾਦਵ
- by Jasbeer Singh
- November 11, 2025
ਬਾਲ ਅਤੇ ਕਿਸ਼ੋਰ ਮਜ਼ਦੂਰੀ ਖਾਤਮਾ ਸਪਤਾਹ ਮਨਾਇਆ ਜਾਵੇਗਾ 18 ਨਵੰਬਰ ਤਕ : ਡਾ. ਪ੍ਰੀਤੀ ਯਾਦਵ ਸਪਤਾਹ ਦੌਰਾਨ ਅਧੀਕਾਰੀਆਂ ਨੂੰ ਵਿਸ਼ੇਸ਼ ਰੇਡਜ਼ ਦੇ ਹੁਕਮ ਜਾਰੀ ਪਟਿਆਲਾ, 11 ਨਵੰਬਰ 2025 : ਡਿਪਟੀ ਕਮਿਸ਼ਨਰ ਪਟਿਆਲਾ ਡਾ ਪ੍ਰੀਤੀ ਯਾਦਵ ਨੇ ਦੱਸਿਆ ਕਿ ਬਾਲ ਅਤੇ ਕਿਸ਼ੋਰ ਮਜ਼ਦੂਰੀ ਖ਼ਾਤਮਾ ਸਪਤਾਹ 10 ਤੋਂ 18 ਨਵੰਬਰ ਤੱਕ ਜ਼ਿਲ੍ਹਾ ਪੱਧਰ ’ਤੇ ਮਨਾਇਆ ਜਾ ਰਿਹਾ ਹੈ। ਇਸ ਮੌਕੇ, ਡੀ.ਸੀ. ਨੇ ਜਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਨੂੰ ਹਦਾਇਤ ਕੀਤੀ ਹੈ ਕਿ ਆਪਣੇ ਆਪਣੇ ਖੇਤਰਾਂ ਵਿੱਚ ਵੱਧ ਤੋਂ ਵੱਧ ਰੇਡਜ਼ ਕਰਕੇ ਬਾਲ ਅਤੇ ਕਿਸ਼ੋਰ ਮਜ਼ਦੂਰੀ ਦੇ ਮਾਮਲੇ ਸਾਹਮਣੇ ਲਿਆਂਦੇ ਜਾਣ ਅਤੇ ਇਸ ਦਾ ਪੂਰਨ ਤੌਰ ’ਤੇ ਖ਼ਾਤਮਾ ਕੀਤਾ ਜਾਵੇ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਲ ਅਤੇ ਕਿਸ਼ੋਰ ਮਜ਼ਦੂਰੀ (ਰੋਕਥਾਮ ਅਤੇ ਨਿਯੰਤਰਣ) ਚਾਈਲਡ ਐਂਡ ਐਡੋਲੋਸੇਂਟ ਲੇਬਰ ਪ੍ਰੋਹਿਬਸ਼ਨ ਐਂਡ ਰੈਗੂਲੇਸ਼ਨ ਐਕਟ 1986 ਦੀਆਂ ਧਾਰਾਵਾਂ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਬੱਚੇ ਨੂੰ ਕਿਸੇ ਉਦਯੋਗ, ਦੁਕਾਨ, ਹੋਟਲ, ਢਾਬੇ, ਵਰਕਸ਼ਾਪ, ਫੈਕਟਰੀ ਜਾਂ ਹੋਰ ਵਪਾਰਿਕ ਇਕਾਈ ਵਿੱਚ ਰੋਜ਼ਗਾਰ ਦੇਣਾ ਪੂਰੀ ਤਰ੍ਹਾਂ ਗੈਰਕਾਨੂੰਨੀ ਹੈ। ਇਸ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ’ਤੇ ਸਖ਼ਤ ਸਜ਼ਾ ਅਤੇ ਜੁਰਮਾਨਾ ਲਗਾਇਆ ਜਾ ਸਕਦਾ ਹੈ । ਡੀ.ਸੀ. ਨੇ ਜਿਲ੍ਹਾ ਪੱਧਰੀ ਟਾਸਕ ਫੋਰਸ ਕਮੇਟੀ ਨੂੰ ਆਦੇਸ਼ ਦਿੱਤੇ ਹਨ ਕਿ ਉਹ ਵਿਸ਼ੇਸ਼ ਟੀਮਾਂ ਬਣਾ ਕੇ ਹੋਟਲਾਂ, ਢਾਬਿਆਂ, ਮੋਟਰ ਗੈਰਾਜਾਂ, ਸਫਾਈ ਕੰਮਾਂ ਅਤੇ ਵਪਾਰਿਕ ਸਥਾਪਨਾਵਾਂ ਵਿੱਚ ਰੇਡਜ਼ ਕਰਨ। ਡੀ.ਸੀ. ਨੇ ਇਹ ਵੀ ਦੱਸਿਆ ਕਿ ਇਸ ਸਪਤਾਹ ਦੌਰਾਨ ਜਾਗਰੂਕਤਾ ਮੁਹਿੰਮਾਂ, ਸੈਮੀਨਾਰਾਂ, ਰੈਲੀਆਂ ਅਤੇ ਸਕੂਲ ਪੱਧਰ ’ਤੇ ਵਿਸ਼ੇਸ਼ ਗਤੀਵਿਧੀਆਂ ਰਾਹੀਂ ਲੋਕਾਂ ਨੂੰ ਬਾਲ ਅਤੇ ਕਿਸ਼ੋਰ ਮਜ਼ਦੂਰੀ ਦੇ ਨੁਕਸਾਨਾਂ ਬਾਰੇ ਜਾਣੂ ਕੀਤਾ ਜਾਵੇਗਾ । ਇਸ ਮੌਕੇ ਸਹਾਇਕ ਲੇਬਰ ਕਮਿਸ਼ਨਰ ਪਵਨੀਤ ਕੌਰ, ਡੀ ਈ ਓ ਸ਼ਾਲੂ ਮਹਿਰਾ ਤੋਂ ਇਲਾਵਾ ਹੋਰ ਸੀਨੀਅਰ ਅਧਿਕਾਰੀ ਅਤੇ ਸਮਾਜਿਕ ਸੰਸਥਾਵਾਂ ਦੇ ਮੁਖੀ ਹਾਜਰ ਸਨ ।

