post

Jasbeer Singh

(Chief Editor)

Patiala News

ਪਿੰਡ ਤੇਈਪੁਰ ਦੇ ਚੀਮਾ ਭਰਾ ਪਰਾਲੀ ਦਾ ਨਿਪਟਾਰਾ ਖੇਤਾਂ 'ਚ ਹੀ ਕਰਕੇ ਹੋਰਨਾਂ ਕਿਸਾਨਾਂ ਲਈ ਬਣੇ ਪ੍ਰੇਰਨਾ ਸਰੋਤ

post-img

ਪਿੰਡ ਤੇਈਪੁਰ ਦੇ ਚੀਮਾ ਭਰਾ ਪਰਾਲੀ ਦਾ ਨਿਪਟਾਰਾ ਖੇਤਾਂ 'ਚ ਹੀ ਕਰਕੇ ਹੋਰਨਾਂ ਕਿਸਾਨਾਂ ਲਈ ਬਣੇ ਪ੍ਰੇਰਨਾ ਸਰੋਤ -ਪਰਾਲੀ ਖੇਤਾਂ 'ਚ ਮਿਲਾਉਣ ਨਾਲ ਕੱਲਰ ਖਤਮ ਹੋਇਆ, ਉਪਜਾਊ ਸ਼ਕਤੀ ਵਧੀ, ਯੂਰੀਆ ਦੀ ਵਰਤੋਂ ਅੱਧੀ ਹੋਣ ਲੱਗੀ : ਕਿਸਾਨ ਗੁਰਮੁਖ ਸਿੰਘ -10 ਏਕੜ ਜ਼ਮੀਨ 'ਚ ਪਰਾਲੀ ਨੂੰ ਬਿਨਾਂ ਅੱਗ ਲਗਾਏ ਕੀਤੀ ਕਣਕ ਦੀ ਬਿਜਾਈ -ਪਰਾਲੀ ਖੇਤਾਂ 'ਚ ਮਿਲਾਉਣ ਨਾਲ ਫ਼ਸਲ ਦੀ ਕੁਆਲਿਟੀ ਤੇ ਰੰਗਤ 'ਚ ਹੋਇਆ ਸੁਧਾਰ ਪਟਿਆਲਾ, 8 ਅਕਤੂਬਰ : ਵਧਦੇ ਵਾਤਾਵਰਣ ਪ੍ਰਦੂਸ਼ਣ ਨੂੰ ਠੱਲ ਪਾਉਣ ਲਈ ਕਿਸਾਨਾਂ ਵੱਲੋਂ ਵੀ ਆਧੁਨਿਕ ਖੇਤੀ ਮਸ਼ੀਨਰੀ ਦੀ ਵਰਤੋਂ ਨਾਲ ਫ਼ਸਲਾਂ ਦੀ ਰਹਿੰਦ-ਖੂੰਹਦ ਦੇ ਨਿਪਟਾਰੇ ਲਈ ਉਪਰਾਲੇ ਕੀਤੇ ਜਾ ਰਹੇ ਹਨ ਜਿਸ ਤਹਿਤ ਪਟਿਆਲਾ ਜ਼ਿਲ੍ਹੇ ਦੇ ਪਿੰਡ ਤੇਈਪੁਰ ਦੇ ਚੀਮਾ ਭਰਾ ਗੁਰਮੁਖ ਸਿੰਘ ਅਤੇ ਜਤਿੰਦਰ ਸਿੰਘ ਪਿਛਲੇ ਨੌਂ ਸਾਲਾਂ ਤੋਂ ਆਪਣੀ 10 ਏਕੜ ਜ਼ਮੀਨ 'ਚ ਖੇਤਾਂ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕਰ ਕੇ ਜਿਥੇ ਚੰਗੀ ਆਮਦਨ ਕਰ ਰਹੇ ਹਨ ਉਥੇ ਵਾਤਾਵਰਣ ਨੂੰ ਦੂਸ਼ਿਤ ਨਾ ਕਰਕੇ ਸਕੂਨ ਵੀ ਮਹਿਸੂਸ ਕਰਦੇ ਹਨ। ਕਿਸਾਨ ਗੁਰਮੁਖ ਸਿੰਘ ਨੇ ਦੱਸਿਆ ਕਿ ਉਹ ਸਾਲ 2015 ਤੋਂ ਪਰਾਲੀ ਨੂੰ ਬਿਨ੍ਹਾਂ ਅੱਗ ਲਗਾਏ ਖੇਤਾਂ 'ਚ ਹੀ ਮਿਲਾ ਕੇ ਖੇਤੀ ਕਰਦੇ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਕੰਬਾਈਨ 'ਤੇ ਲੱਗੇ ਸੁਪਰ ਐਸ.ਐਮ.ਐਸ. ਅਤੇ ਫੇਰ ਸੁਪਰ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਜਾਂਦੀ ਹੈ। ਆਪਣੇ ਖੇਤੀ ਤਜਰਬੇ ਸਾਂਝੇ ਕਰਦਿਆਂ ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਖੇਤ 'ਚ ਹੀ ਮਿਲਾਉਣ ਸਦਕਾ ਜ਼ਮੀਨ ਦਾ ਕੱਲਰ ਖਤਮ ਹੋ ਗਿਆ ਹੈ ਤੇ ਉਪਜਾਊ ਸ਼ਕਤੀ ਵਧਣ ਦੇ ਨਾਲ ਨਾਲ ਯੂਰੀਆ ਖਾਦ ਦੀ ਵਰਤੋਂ ਵੀ ਪਹਿਲਾਂ ਨਾਲੋਂ ਅੱਧੀ ਰਹਿ ਗਈ ਹੈ। ਗੁਰਮੁਖ ਸਿੰਘ ਨੇ ਦੱਸਿਆ ਕਿ ਫ਼ਸਲਾਂ ਦਾ ਝਾੜ ਵਧਣ ਸਮੇਤ ਫ਼ਸਲ ਦੀ ਕੁਆਲਿਟੀ ਤੇ ਰੰਗਤ ਵਿੱਚ ਵੀ ਫਰਕ ਪਿਆ ਹੈ ਤੇ ਉੱਲੀ ਲੱਗਣਾ ਘਟਿਆਂ ਤੇ ਜ਼ਮੀਨ ਵਿੱਚ ਪੋਲਾਪਣ ਆਉਣ ਨਾਲ ਜ਼ਮੀਨ ਦਾ ਪਾਣੀ ਜਜ਼ਬ ਕਰਨ ਦੀ ਸਮਰੱਥਾ ਵਿੱਚ ਵਾਧਾ ਹੋਇਆ ਹੈ ਤੇ ਹੁਣ ਖੇਤਾਂ 'ਚ ਨਦੀਨ ਵੀ ਨਹੀਂ ਪੈਦਾ ਹੁੰਦੇ। ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਵਾਤਾਵਰਣ ਸਹਿਯੋਗੀ ਤਕਨੀਕ ਹੋਣ ਦੇ ਨਾਲ-ਨਾਲ ਇਸ ਦੇ ਹੋਰ ਵੀ ਕਈ ਲਾਭ ਹਨ ਜਿਸ ਵਿਚ ਪ੍ਰਮੁੱਖ ਤੌਰ 'ਤੇ ਇਸ ਦੀ ਵਰਤੋਂ ਨਾਲ ਜਿਥੇ ਕਣਕ ਦੀ ਬਿਜਾਈ ਇਕ ਵਾਰ ਵਿਚ ਹੀ ਹੋ ਜਾਂਦੀ ਹੈ ਉਥੇ ਹੀ ਸਮੇਂ ਦੀ ਬਹੁਤ ਬੱਚਤ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਸੁਪਰ ਸੀਡਰ ਨਾਲ ਬੀਜੀ ਕਣਕ ਨੂੰ ਅੱਗ ਲਗਾਕੇ ਬੀਜੀ ਕਣਕ ਨਾਲੋਂ ਪਾਣੀ ਵੀ ਘੱਟ ਲੱਗਦਾ ਹੈ। ਅਗਾਂਹਵਧੂ ਕਿਸਾਨ ਗੁਰਮੁਖ ਸਿੰਘ ਨੇ ਹੋਰਨਾਂ ਕਿਸਾਨਾਂ ਨੂੰ ਵੀ ਅਪੀਲ ਕਰਦਿਆਂ ਕਿਹਾ ਕਿ ਖੇਤੀ ਲਈ ਆਧੁਨਿਕ ਮਸ਼ੀਨਰੀ ਦੀ ਵਰਤੋਂ ਕਰਕੇ ਸਾਨੂੰ ਸਾਰਿਆ ਨੂੰ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਹੰਭਲਾ ਮਾਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਆਧੁਨਿਕ ਮਸ਼ੀਨਰੀ ਨਾਲ ਜਿਥੇ ਪੈਸੇ ਅਤੇ ਸਮੇਂ ਦੀ ਬੱਚਤ ਹੋਵੇਗੀ ਉਥੇ ਹੀ ਜ਼ਮੀਨ ਦੀ ਉਪਜਾਊ ਸ਼ਕਤੀ ਵਿਚ ਵੀ ਵਾਧਾ ਹੋਵੇਗਾ।

Related Post