

ਸਮਾਣਾ ਚੁੰਗੀ ’ਤੇ ਬੰਦ ਪਿਆ ਪਬਲਿਕ ਬਾਥਰੂਮ ਬਣਿਆ ਚਿੱਟਾ ਹਾਥੀ -ਆਮ ਲੋਕਾਂ, ਖਾਸ ਔਰਤਾਂ ਨੂੰ ਕਰਨਾ ਪੈ ਰਿਹਾ ਵੱਡੀ ਸਮੱਸਿਆ ਦਾ ਸਾਹਮਣਾ -ਨਗਰ ਨਿਗਮ ਕੁੰਭਕਰਨੀ ਨੀਂਦ ਸੁੱਤਾ ਪਟਿਆਲਾ, 20 ਜੂਨ ( )- ਸਮਾਣਾ ਚੁੰਗੀ ’ਤੇ ਸਥਿਤ ਪਬਲਿਕ ਬਾਥਰੂਮ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਇਹ ਬਾਥਰੂਮ ਨਗਰ ਨਿਗਮ ਵਲੋਂ ਪਬਲਿਕ ਦੀ ਸੁਵਿਧਾ ਲਈ ਬਣਾਏ ਗਏ ਸਨ ਤੇ ਚੌਂਕ ਦੀ ਅਹਿਮੀਅਤ ਅਨੁਸਾਰ ਇਥੇ ਬਾਥਰੂਮ ਦੀ ਜ਼ਿਆਦਾ ਲੋੜ ਵੀ ਹੈ, ਕਿਉਂਕਿ ਇਥੇ ਨੇੜੇ ਹੀ ਬੱਸ ਸਟੋਪ ਹੈ, ਜਿਥੇ ਬਠਿੰਡਾ-ਸੰਗਰੂਰ ਰੂਟ ’ਤੇ ਜਾਣ ਵਾਲੀਆਂ ਬੱਸਾਂ ਰੁੱਕ ਕੇ ਸਵਾਰੀਆਂ ਚੁੱਕਦੀਆਂ ਹਨ। ਸਵੇਰ ਤੋਂ ਲੈ ਕੇ ਰਾਤ ਤੱਕ ਹਰ ਸਮੇਂ ਇਥੇ ਦਰਜਨਾਂ ਲੋਕ ਬੱਸਾਂ ਦੀ ਉਡੀਕ ਵਿਚ ਖੜ੍ਹੇ ਹੀ ਰਹਿੰਦੇ ਹਨ। ਇਹੀ ਨਹੀਂ ਇਥੇ ਸਾਹਮਣੇ ਹੀ ਰਜਿੰਦਰਾ ਹਸਪਤਾਲ ਨਾਲ ਲਗਦੀਆਂ ਮੈਡੀਸਨ ਦੀਆਂ ਦੁਕਾਨਾਂ ਹਨ, ਜੋਕਿ 24 ਘੰਟੇ ਖੁੱਲ੍ਹੀਆਂ ਰਹਿੰਦੀਆਂ ਹਨ ਅਤੇ ਨਾਲ ਹੀ ਇਕ ਟੈਕਸੀ ਸਟੈਂਡ ਹੈ। ਇਸ ਲਿਹਾਜ਼ ਨਾਲ ਇਥੇ ਆਮ ਲੋਕਾਂ ਦੀ ਸੁਵਿਧਾ ਲਈ ਪਬਲਿਕ ਬਾਥਰੂਮ ਹੋਣਾ ਅਤਿ ਜ਼ਰੂਰੀ ਹੈ, ਪਰ ਬੜੇ ਅਫਸੋਸ ਦੇ ਨਾਲ ਲਿਖਣਾ ਪੈ ਰਿਹਾ ਹੈ ਕਿ ਐਨਾ ਪੈਸਾ ਲਗਾਉਣ ਦੇ ਬਾਵਜੂਦ ਇਹ ਪਬਲਿਕ ਬਾਥਰੂਮ ਕਰੀਬ ਪਿਛਲੇ 6 ਮਹੀਨਿਆਂ ਤੋਂ ਪੱਕਾ ਬੰਦ ਪਿਆ ਹੈ, ਜਿਸ ਕਾਰਨ ਇਥੇ ਬੱਸਾਂ ਦੀ ਉਡੀਕ ਕਰਦੇ ਆਮ ਲੋਕਾਂ ਖਾਸ ਕਰਕੇ ਔਰਤਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਬੰਦ ਹੋਣ ਕਾਰਨ ਲੋਕ ਸੜਕ ’ਤੇ ਹੀ ਆਸੇ ਪਾਸੇ ਮਲ-ਮੂਤਰ ਕਰਦੇ ਹਨ, ਜਿਸ ਕਾਰਨ ਗੰਦੀ ਬਦਬੂ ਕਾਰਨ ਖੜ੍ਹਾਂ ਮੁਸ਼ਕਿਲ ਹੋ ਜਾਂਦਾ ਹੈ। ਇਸ ਸਬੰਧੀ ਸੈਂਟਰਲ ਵਾਲਮੀਕਿ ਸਭਾ ਇੰਡੀਆ ਵਲੋਂ ਨਗਰ ਨਿਗਮ ਕਮਿਸ਼ਨਰ ਅਤੇ ਏਰੀਏ ਦੇ ਐਮ ਐਲ ਏ ਅਜੀਤਪਾਲ ਕੋਹਲੀ ਨੂੰ ਮੰਗ ਕੀਤੀ ਹੈ ਕਿ ਇਸ ਪਬਲਿਕ ਟੋਈਲਟ ਅਤੇ ਬਾਥਰੂਮ ਨੂੰ ਜਲਦ ਤੋਂ ਜਲਦ ਖੁਲ੍ਹਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਿਲ ਤੋਂ ਨਿਜ਼ਾਤ ਮਿਲੇ।