ਬੱਚਿਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਪ੍ਰਸੰਸਾਯੋਗ ਉਪਰਾਲੇ : ਮੰਜੂ ਗਰਗ
- by Jasbeer Singh
- July 14, 2025
ਬੱਚਿਆਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਉਣ ਲਈ ਪ੍ਰਸੰਸਾਯੋਗ ਉਪਰਾਲੇ : ਮੰਜੂ ਗਰਗ ਪਟਿਆਲਾ, 14 ਜੁਲਾਈ 2025 : ਵੱਧ ਰਹੀਆਂ ਕੁਦਰਤੀ ਅਤੇ ਮਨੁੱਖੀ ਆਪਦਾਵਾਂ ਸਮੇਂ ਆਪਣੇ ਬਚਾਅ ਅਤੇ ਪੀੜਤਾਂ ਨੂੰ ਬਚਾਉਣ ਲਈ, ਗ੍ਰੀਨ ਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਵਿਖੇ ਪੰਜਵੀਂ ਅਤੇ ਉਪਰ ਦੀਆਂ ਕਲਾਸਾਂ ਦੇ ਬੱਚਿਆਂ ਨੂੰ ਕਾਕਾ ਰਾਮ ਵਰਮਾ, ਚੀਫ ਟ੍ਰੇਨਰ ਫਸਟ ਏਡ, ਸੇਫਟੀ, ਸਿਹਤ, ਜਾਗਰੂਕਤਾ ਮਿਸ਼ਨ ਵਲੋਂ ਟ੍ਰੇਨਿੰਗ ਅਤੇ ਅਭਿਆਸ ਕਰਵਾਏ ਅਤੇ ਅਜ ਮੁਕਾਬਲੇ ਕਰਵਾਏ। ਇਹ ਜਾਣਕਾਰੀ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਦਿੰਦੇ ਹੋਏ ਦੱਸਿਆ ਕਿ ਪੰਜਵੀਂ ਅਤੇ ਛੇਵੀਂ ਕਲਾਸਾਂ ਦੇ ਛੋਟੇ ਛੋਟੇ ਬੱਚਿਆਂ ਵਲੋਂ ਡੁਬਦੇ ਇਨਸਾਨ ਨੂੰ ਬਚਾਉਣ ਲਈ ਰਸੀਆਂ, ਚੂਨੀਆਂ, ਟਾਹਣੀਆਂ, ਟਿਯੂਬਾ, ਲਕੜਾਂ , ਪਲਾਸਟਿਕ ਦੀਆਂ ਖਾਲੀ ਬੋਤਲਾਂ, ਡੱਰਮ ਦੀ ਵਰਤੋਂ ਕਰਕੇ, ਡੁਬਦੇ ਇਨਸਾਨ ਨੂੰ ਰੈਸਕਿਯੂ ਕਰਨ ਅਤੇ ਉਸਦੀ ਸਾਹ ਨਾਲੀ ਵਿੱਚੋ ਪਾਣੀ ਬਾਹਰ ਕੱਢਣ ਲਈ, ਪੇਟ ਭਾਰ ਲਿਟਾ ਕੇ ਫਸਟ ਏਡ ਦੀ ਏ ਬੀ ਸੀ ਡੀ ਅਤੇ ਸੀ ਪੀ ਆਰ ਕਰਕੇ ਦਿਖਾਏ। ਕੁਝ ਬੱਚਿਆਂ ਨੇ ਘਰਾਂ ਵਿੱਚ ਗੈਸ ਲੀਕ ਹੋਣ ਜਾਂ ਅੱਗਾਂ ਲਗਣ ਸਮੇਂ ਸੇਫਟੀ ਅਤੇ ਫਸਟ ਏਡ, ਰੈਸਕਿਯੂ ਅਤੇ ਪੁਲਿਸ, ਐਂਬੁਲੈਂਸਾਂ, ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਉਣ , ਅੱਗਾਂ ਬੁਝਾਉਣ ਵਾਲੇ ਸਿਲੰਡਰਾਂ ਦੀ ਵਰਤੋਂ, ਅੱਗਾਂ ਦੀਆਂ ਕਿਸਮਾਂ ਅਤੇ ਬੇਹੋਸ਼ ਹੋਣ ਤੇ ਬਣਾਉਟੀ ਸਾਹ ਦੇਣ ਦੇ ਪ੍ਰਦਰਸ਼ਨ ਕੀਤੇ। ਜੈਤੂ ਵਿਦਿਆਰਥੀਆਂ ਨੂੰ ਮੈਡਲ ਦੇਕੇ ਸਨਮਾਨਿਤ ਕੀਤਾ ਗਿਆ। ਜਲਦੀ ਹੀ ਵੱਡੀ ਕਲਾਸਾਂ ਦੇ ਬੱਚਿਆਂ ਦੇ ਮੁਕਾਬਲੇ, ਜਿਨ੍ਹਾਂ ਵਿੱਚ ਗੱਡੀਆਂ ਨੂੰ ਅੱਗ ਲੱਗਣ, ਜੰਗਾਂ ਦੌਰਾਨ ਬੰਬ ਮਿਜ਼ਾਇਲਾਂ ਡਿਗਣ ਸਮੇਂ ਬਚਣ ਅਤੇ ਪੀੜਤਾਂ ਦੀ ਮਦਦ ਕਰਨ ਦੇ ਮੁਕਾਬਲੇ ਕਰਵਾਏ ਜਾਣਗੇ। ਪ੍ਰਿੰਸੀਪਲ ਸ਼੍ਰੀਮਤੀ ਮੰਜੂ ਗਰਗ ਨੇ ਧੰਨਵਾਦ ਕਰਦੇ ਹੋਏ ਕਿਹਾ ਕਿ ਸ਼੍ਰੀ ਕਾਕਾ ਰਾਮ ਵਰਮਾ ਜੀ ਵਲੋਂ ਸਕੂਲਾਂ, ਕਾਲਜਾਂ, ਫੈਕਟਰੀਆਂ ਵਿਖੇ, ਇਸ ਤਰ੍ਹਾਂ ਦੀ ਟ੍ਰੇਨਿੰਗ ਅਭਿਆਸ ਅਤੇ ਪ੍ਰਦਰਸ਼ਨ, ਕਰਵਾਕੇ, ਵਿਦਿਆਰਥੀਆਂ ਅਧਿਆਪਕਾਂ ਅਤੇ ਨਾਗਰਿਕਾਂ ਵਿੱਚ ਐਮਰਜੈਂਸੀ ਦੌਰਾਨ ਕੀਮਤੀ ਜਾਨਾਂ ਅਤੇ ਪ੍ਰਾਪਰਟੀਆਂ ਨੂੰ ਬਚਾਉਣ ਦੇ ਹੌਸਲੇ, ਆਤਮ ਵਿਸ਼ਵਾਸ ਅਤੇ ਇਰਾਦੇ ਪੈਦਾ ਕਰਕੇ, ਉਨ੍ਹਾਂ ਨੂੰ ਪੀੜਤਾਂ ਦੇ ਮਦਦਗਾਰ ਫ਼ਰਿਸ਼ਤੇ ਬਣਾਇਆ ਜਾ ਰਿਹਾ ਹੈ।
