![post](https://aakshnews.com/storage_path/whatsapp image 2024-02-08 at 11-1707392653.jpg)
ਕਿਸਾਨ ਬੇਫ਼ਿਕਰ ਰਹਿਣ ਪਰਾਲੀ ਸੰਭਾਲਣ ਲਈ ਮਿਲੇਗੀ ਪੂਰੀ ਮਸ਼ੀਨਰੀ, ਪਰ ਅੱਗ ਨਾ ਲਗਾਉਣ : ਡਿਪਟੀ ਕਮਿਸ਼ਨਰ
- by Jasbeer Singh
- September 24, 2024
![post-img]( https://aakshnews.com/storage_path/dc-1727172914.jpg)
ਕਿਸਾਨ ਬੇਫ਼ਿਕਰ ਰਹਿਣ ਪਰਾਲੀ ਸੰਭਾਲਣ ਲਈ ਮਿਲੇਗੀ ਪੂਰੀ ਮਸ਼ੀਨਰੀ, ਪਰ ਅੱਗ ਨਾ ਲਗਾਉਣ : ਡਿਪਟੀ ਕਮਿਸ਼ਨਰ -ਕੇ.ਵੀ.ਕੇ. ਰੌਣੀ ਕਿਸਾਨ ਮੇਲੇ 'ਚ ਭਾਵੁਕਤਾ ਨਾਲ ਕਿਸਾਨਾਂ ਨੂੰ ਮਿਲੇ ਡਿਪਟੀ ਕਮਿਸ਼ਨਰ -ਧਰਤੀ ਤੇ ਵਾਤਾਵਰਣ ਦੀ ਸੰਭਾਲ ਲਈ ਫ਼ਸਲ ਦੀ ਰਹਿੰਦ ਖੂੰਹਦ ਨੂੰ ਨਾ ਲਾਈ ਜਾਵੇ ਅੱਗ ਪਟਿਆਲਾ, 24 ਸਤੰਬਰ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕਿਸਾਨ ਮੌਜੂਦਾ ਸੀਜ਼ਨ ਦੌਰਾਨ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਪੱਖੋਂ ਬੇਫ਼ਿਕਰ ਰਹਿਣ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋੜੀਂਦੀ ਮਸ਼ੀਨਰੀ ਦੇ ਪੁਖ਼ਤਾ ਪ੍ਰਬੰਧਨ ਪਹਿਲਾਂ ਹੀ ਕਰ ਲਏ ਗਏ ਹਨ । ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕੇ.ਵੀ.ਕੇ. ਰੌਣੀ ਕਿਸਾਨ ਮੇਲੇ ਵਿਖੇ ਕਿਸਾਨਾਂ ਨੂੰ ਭਾਵੁਕਤਾ ਨਾਲ ਮਿਲਦਿਆਂ ਉਨ੍ਹਾਂ ਨੇ ਜਿਥੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਸਬੰਧੀ ਆ ਰਹੀ ਮੁਸ਼ਕਲ ਸਬੰਧੀ ਜਾਣਿਆ ਅਤੇ ਉਥੇ ਹੀ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਸਮੇਂ ਸਿਰ ਲੋੜੀਂਦੇ ਬੇਲਰ, ਹੈਪੀ ਸੀਡਰ, ਸੁਪਰ ਸੀਡਰ, ਸਰਫੇਸ ਸੀਡਰ ਆਦਿ ਦੇ ਅਗੇਤੇ ਪ੍ਰਬੰਧ ਕੀਤੀ ਹੋਏ ਹਨ । ਡਾ. ਪ੍ਰੀਤੀ ਯਾਦਵ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਮੇਲੇ ਦੇ ਮੁੱਖ ਮਹਿਮਾਨ ਕਿਸਾਨ ਹਨ, ਜਿਨ੍ਹਾਂ ਨੇ ਲੰਘੇ ਵਰ੍ਹੇ ਪਿਛਲੇ ਸਾਲਾਂ ਨਾਲੋਂ ਖੇਤਾਂ ਵਿੱਚ 50 ਫ਼ੀਸਦੀ ਘੱਟ ਅੱਗ ਲਗਾਈ, ਜਿਸ ਲਈ ਉਹ ਕਿਸਾਨ ਦੇ ਧੰਨਵਾਦੀ ਹਨ। ਪ੍ਰੰਤੂ ਉਨ੍ਹਾਂ ਨੂੰ ਕਿਸਾਨਾਂ ਤੋਂ ਹੁਣ ਪੂਰੀ ਉਮੀਦ ਹੈ ਕਿ ਉਹ ਇਸ ਵਾਰ ਪਰਾਲੀ ਨੂੰ ਬਿਲਕੁਲ ਹੀ ਅੱਗ ਨਹੀਂ ਲਗਾਉਣਗੇ, ਕਿਉਂਕਿ ਕਿਸਾਨ ਅੰਨਦਾਤਾ ਹੋਣ ਕਰਕੇ ਹਰ ਮਨੁੱਖ ਦੀ ਮੁਢਲੀ ਲੋੜ ਰੋਟੀ ਤੇ ਹੋਰ ਅਨਾਜ ਪੈਦਾ ਕਰਦੇ ਹੋਏ ਸਾਡੇ ਜੀਵਨ ਨਾਲ ਬਹੁਤ ਨੇੜਿਓਂ ਜੁੜੇ ਹੋਏ ਹੁੰਦੇ ਹਨ । ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਕਿਸਾਨ ਆਪਣੀ ਜ਼ਮੀਨ ਦੀ ਕਿਸਮ ਦੇ ਮੁਤਾਬਕ ਇੰਨ ਸੀਟੂ ਤੇ ਐਕਸ ਸੀਟੂ ਤਕਨੀਕਾਂ ਵਰਤਦੇ ਹੋਏ ਜਿਥੇ ਪਰਾਲੀ ਨੂੰ ਜ਼ਮੀਨ 'ਚ ਹੀ ਮਿਲਾਉਣ ਉਥੇ ਹੀ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਪਰਾਲੀ ਪੈਲੇਟਸ ਤੇ ਹੋਰ ਵਸਤਾਂ ਬਣਾਉਣ ਦੀ ਇੰਡਸਟਰੀ ਦਾ ਵੀ ਲਾਭ ਲੈਣ। ਉਨ੍ਹਾਂ ਕਿਹਾ ਕਿ ਸੁਪਰ ਸੀਡਰ ਦੀ ਵਰਤੋਂ ਨਾਲ ਜਿਥੇ ਜ਼ਮੀਨ ਦੀ ਉਪਜਾਊ ਸ਼ਕਤੀ ਵਧਦੀ ਹੈ, ਉਥੇ ਹੀ ਅਸੀ ਵਾਤਾਵਰਣ ਪ੍ਰਦੂਸ਼ਣ ਤੋਂ ਵੀ ਬਚਦੇ ਹਾਂ। ਕਿਉਂਕਿ ਬੱਚੇ, ਬਜ਼ੁਰਗ ਤੇ ਜਵਾਨ ਅਤੇ ਪਸ਼ੂ-ਪੰਛੀਆਂ ਨੂੰ ਵੀ ਪ੍ਰਦੂਸ਼ਣ ਤੋਂ ਬਹੁਤ ਨੁਕਸਾਨ ਹੁੰਦਾ ਹੈ । ਉਨ੍ਹਾਂ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਕਿਸਾਨਾਂ ਦੀ ਅਗਲੀ ਫ਼ਸਲਾਂ ਬੀਜਣ ਸਮੇਤ ਹੋਰ ਮੁਸ਼ਕਲਾਂ ਤੋਂ ਭਲੀ ਭਾਂਤ ਜਾਣੂ ਹੈ, ਇਸ ਲਈ ਕਿਸਾਨ ਤੇ ਕਿਸਾਨ ਯੂਨੀਅਨਾਂ ਸਾਡਾ ਸਾਥ ਦੇਣ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਜਿਸ ਲਈ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਵੇਗਾ । ਕਿਸਾਨ ਮੇਲੇ ਦੌਰਾਨ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਸਾਨਾਂ ਨਾਲ ਨਿੱਜੀ ਮੁਲਾਕਾਤ ਕਰਦਿਆਂ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਮੌਕੇ 'ਤੇ ਹੀ ਸਬੰਧਤ ਵਿਭਾਗਾਂ ਨੂੰ ਹੱਲ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਕਿਸਾਨਾਂ ਦੇ ਫ਼ੋਨ ਨੰਬਰ ਖੁਦ ਨੋਟ ਕਰਦਿਆਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਸਤਬੀਰ ਸਿੰਘ ਗੋਸਲ ਨੇ ਕਿਸਾਨ ਮੇਲੇ ਦੀ ਪ੍ਰਧਾਨਗੀ ਕੀਤੀ। ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਮੱਖਣ ਸਿੰਘ ਭੁੱਲਰ, ਡਿਪਟੀ ਡਾਇਰੈਕਟਰ (ਸਿਖਲਾਈ) ਡਾ. ਹਰਦੀਪ ਸਿੰਘ ਸਭਿਖੀ, ਡਾ. ਗੁਰਉਪਦੇਸ਼ ਕੌਰ, ਮੁੱਖ ਖੇਤੀਬਾੜੀ ਅਫ਼ਸਰ ਜਸਵਿੰਦਰ ਸਿੰਘ, ਰਵਿੰਦਰਪਾਲ ਸਿੰਘ ਚੱਠਾ ਸਮੇਤ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪ੍ਰੋਫੈਸਰ, ਖੋਜਾਰਥੀ ਤੇ ਵੱਡੀ ਗਿਣਤੀ ਕਿਸਾਨ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.