
ਭਾਰਤੀ ਮਾਣਕ ਬਿਊਰੋ ਦੀਆਂ ਸੇਵਾਵਾਂ ਅਤੇ ਗਤੀਵਿਧੀਆਂ ਸੰਬੰਧੀ ਇੱਕ ਰੋਜ਼ਾ ਵਰਕਸ਼ਾਪ ਕਰਵਾਈ
- by Jasbeer Singh
- September 11, 2024

ਭਾਰਤੀ ਮਾਣਕ ਬਿਊਰੋ ਦੀਆਂ ਸੇਵਾਵਾਂ ਅਤੇ ਗਤੀਵਿਧੀਆਂ ਸੰਬੰਧੀ ਇੱਕ ਰੋਜ਼ਾ ਵਰਕਸ਼ਾਪ ਕਰਵਾਈ ਸੰਗਰੂਰ, 11 ਸਤੰਬਰ: ਭਾਰਤੀ ਮਾਣਕ ਬਿਊਰੋ (ਬੀ.ਆਈ.ਐਸ.) ਦੀਆਂ ਗਤੀਵਿਧੀਆਂ, ਭਾਰਤੀ ਮਿਆਰ ਅਤੇ ਔਨਲਾਈਨ ਸੇਵਾਵਾਂ ਵਿਸ਼ੇ 'ਤੇ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਕਰਵਾਈ ਗਈ। ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਵਧੀਕ ਡਿਪਟੀ ਕਮਿਸ਼ਨਰ (ਜ) ਅਮਿਤ ਬੈਂਬੀ ਵੱਲੋਂ ਇਸ ਵਰਕਸ਼ਾਪ ਦੀ ਪ੍ਰਧਾਨਗੀ ਕੀਤੀ ਗਈ ਜਿਸ ਵਿੱਚ ਸਮੂਹ ਐਸ.ਡੀ.ਐਮਜ਼ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਸਮੇਤ ਕੁੱਲ 35 ਪ੍ਰਤੀਯੋਗੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਦੌਰਾਨ ਡਿਪਟੀ ਡਾਇਰੈਕਟਰ ਕੁਸ਼ਾਗਰਾ ਜਿੰਦਲ ਨੇ ਬੀ.ਆਈ.ਐੱਸ. ਪ੍ਰਮਾਣਿਤ ਉਤਪਾਦਾਂ ਦੀ ਖਰੀਦ ਲਈ ਸਬੰਧਤ ਜ਼ਿਲ੍ਹਾ ਅਧਿਕਾਰੀਆਂ ਅਤੇ ਏਜੰਸੀਆਂ ਨੂੰ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਭਾਰਤੀ ਮਿਆਰਾਂ ਦੇ ਅਨੁਕੂਲ ਉਤਪਾਦਾਂ ਦੀ ਵਰਤੋਂ ਸਰਕਾਰ ਦੇ ਪ੍ਰੋਗਰਾਮਾਂ ਅਤੇ ਸਕੀਮਾਂ ਦੇ ਮਿਆਰੀ ਬੁਨਿਆਦੀ ਢਾਂਚੇ ਦੇ ਵਿਕਾਸ ਨੂੰ ਯਕੀਨੀ ਬਣਾਉਣਗੀਆਂ, ਸਮੁੱਚੀ ਲਾਗਤ ਨੂੰ ਘਟਾਉਣਗੀਆਂ ਅਤੇ ਰਾਜ ਵਿੱਚ ਮਿਆਰੀ ਈਕੋ-ਸਿਸਟਮ ਨੂੰ ਵਿਕਸਤ ਕਰਨ ਵਿੱਚ ਮਦਦ ਕਰੇਗੀ। ਉਸਨੇ ਅੱਗੇ ਬੀ.ਆਈ.ਐਸ. ਦੀਆਂ ਗਤੀਵਿਧੀਆਂ, ਭੂਮਿਕਾਵਾਂ ਅਤੇ ਕਾਰਜਾਂ ਦੀ ਵਿਆਖਿਆ ਕੀਤੀ ਅਤੇ ਭਾਗੀਦਾਰਾਂ ਨੂੰ ਕੁਆਲਿਟੀ ਕੰਟਰੋਲ ਆਰਡਰ ਬਾਰੇ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਹਨਾਂ ਮਾਪਦੰਡਾਂ ਅਨੁਸਾਰ ਕੋਈ ਵੀ ਫਰਮ ਜਾਂ ਵਿਅਕਤੀ ਲਾਇਸੰਸ ਤੋਂ ਬਿਨਾਂ ਇਹਨਾਂ ਆਦੇਸ਼ਾਂ ਦੇ ਅਧੀਨ ਆਉਣ ਵਾਲੇ ਉਤਪਾਦਾਂ ਦਾ ਨਿਰਮਾਣ, ਆਯਾਤ, ਵੇਚ, ਸਟੋਰ ਜਾਂ ਪ੍ਰਦਰਸ਼ਨ ਨਹੀਂ ਕਰ ਸਕਦਾ ਹੈ । ਇਸ ਮੌਕੇ ਅਤੇ ਡਿਪਟੀ ਡਾਇਰੈਕਟਰ ਸੀ.ਐਚ.ਬੀ.ਓ. ਸੌਰਭ ਵਰਮਾ ਨੇ ਭਾਗੀਦਾਰਾਂ ਨੂੰ ਆਨਲਾਈਨ ਸੇਵਾਵਾਂ ਬਾਰੇ ਜਾਣੂ ਕਰਵਾਇਆ ਜੋ ਬੀਆਈਐਸ ਵੈੱਬਸਾਈਟ, ਈ-ਬੀਆਈਐਸ ਪੋਰਟਲ ਰਾਹੀਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ ਜਿੱਥੋਂ ਉਹ ਬੀਆਈਐਸ ਦੁਆਰਾ ਪੇਸ਼ ਕੀਤੀਆਂ ਜਾਂਦੀਆਂ ਮਿਆਰਾਂ, ਪ੍ਰਮਾਣੀਕਰਨ ਸਕੀਮਾਂ ਅਤੇ ਹੋਰ ਸੇਵਾਵਾਂ ਬਾਰੇ ਸਬੰਧਤ ਜਾਣਕਾਰੀ ਤੱਕ ਪਹੁੰਚ ਕਰ ਸਕਦੇ ਹਨ। ਉਨ੍ਹਾਂ ਨੇ ਭਾਗੀਦਾਰਾਂ ਨੂੰ ਬੀਆਈਐਸ ਕੇਅਰ ਐਪ ਬਾਰੇ ਵੀ ਜਾਣਕਾਰੀ ਦਿੱਤੀ ਜੋ ਖਪਤਕਾਰਾਂ ਨੂੰ ਬੀਆਈਐਸ ਪ੍ਰਮਾਣਿਤ ਉਤਪਾਦਾਂ ਦੀ ਅਸਲੀਅਤ ਦੀ ਜਾਂਚ ਕਰਨ ਦੇ ਯੋਗ ਬਣਾਉਂਦਾ ਹੈ ਅਤੇ ਜੇਕਰ ਉਹ ਸੰਤੁਸ਼ਟ ਨਹੀਂ ਹਨ ਤਾਂ ਉਹ ਸ਼ਿਕਾਇਤ ਵੀ ਦਰਜ ਕਰਵਾ ਸਕਦੇ ਹਨ। ਕੁਸ਼ਾਗਰ ਜਿੰਦਲ ਨੇ ਭਾਗੀਦਾਰਾਂ ਨੂੰ ਸੋਨੇ ਦੇ ਗਹਿਣਿਆਂ ਦੀ ਹਾਲਮਾਰਕਿੰਗ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਧੂਰੀ ਅਮਿਤ ਗੁਪਤਾ, ਐਸ.ਡੀ.ਐਮ. ਭਵਾਨੀਗੜ੍ਹ ਵਿਨੀਤ ਕੁਮਾਰ, ਐਸ.ਡੀ.ਐਮ. ਲਹਿਰਾ ਸੂਬਾ ਸਿੰਘ, ਐਸ.ਡੀ.ਐਮ. ਸੁਨਾਮ ਪ੍ਰਮੋਦ ਸਿੰਗਲਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।