
ਕਾਂਗਰਸ ਨੇ ਕੀਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 11 ਸੀਨੀਅਰ ਆਬਜ਼ਰਵਰਾਂ ਦੀ ਨਿਯੁਕਤੀ
- by Jasbeer Singh
- October 16, 2024

ਕਾਂਗਰਸ ਨੇ ਕੀਤੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ 11 ਸੀਨੀਅਰ ਆਬਜ਼ਰਵਰਾਂ ਦੀ ਨਿਯੁਕਤੀ ਨਵੀਂ ਦਿੱਲੀ : ਰਾਜਨੀਤੀ ਦੇ ਖੇਤਰ ਦੀ ਸਭ ਤੋਂ ਪੁਰਾਣੀ ਤੇ ਇਤਿਹਾਸਕ ਸਿਆਸੀ ਪਾਰਟੀ ਕਾਂਗਰਸ ਨੇ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਅੱਜ 11 ਸੀਨੀਅਰ ਆਬਜ਼ਰਵਰ ਨਿਯੁਕਤ ਕੀਤੇ ਹਨ ਜਿਨ੍ਹਾਂ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਅਤੇ ਪਾਰਟੀ ਜਨਰਲ ਸਕੱਤਰ ਸਚਿਨ ਪਾਇਲਟ ਸ਼ਾਮਲ ਹਨ। ਕਾਂਗਰਸ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਤਾਰਿਕ ਅਨਵਰ, ਅਧੀਰ ਰੰਜਨ ਚੌਧਰੀ ਤੇ ਭੱਟੀ ਵਿਕਰਮਾਰਕਾ ਮੱਲੂ ਨੂੰ ਸੀਨੀਅਰ ਆਬਜ਼ਰਵਰ ਨਿਯੁਕਤ ਕੀਤਾ ਹੈ। ਇਸੇ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮੁਕੁਲ ਵਾਸਨਿਕ ਅਤੇ ਅਵਿਨਾਸ਼ ਨੂੰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਸਬੰਧੀ ਸੀਨੀਅਰ ਕੋਆਰਡੀਨੇਟਰ ਬਣਾਇਆ ਹੈ। ਕਾਂਗਰਸ ਦੇ ਜਥੇਬੰਦਕ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਮੁਤਾਬਕ ਗਹਿਲੋਤ ਅਤੇ ਕਰਨਾਟਕ ਦੇ ਗ੍ਰਹਿ ਮੰਤਰੀ ਜੀ ਪਰਮੇਸ਼ਵਰ ਨੂੰ ਮੁੰਬਈ ਤੇ ਕੋਂਕਣ ਖੇਤਰ, ਬਘੇਲ, ਚਰਨਜੀਤ ਸਿੰਘ ਚੰਨੀ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਉਮੰਗ ਸਿੰਗਾਰ ਨੂੰ ਵਿਦਰਭ ਖੇਤਰ ਲਈ ਸੀਨੀਅਰ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।