post

Jasbeer Singh

(Chief Editor)

Punjab

ਕਾਂਗਰਸ ਨੇ ਕਿਰਨ ਚੌਧਰੀ ਨੂੰ ਲੋਕ ਸਭਾ ਦੀ ਟਿਕਟ ਨਾ ਦੇ ਕੇ ਠੀਕ ਨਹੀਂ ਕੀਤਾ: ਕੁਮਾਰੀ ਸ਼ੈਲਜਾ

post-img

ਕਿਰਨ ਚੌਧਰੀ ਤੇ ਸ਼ਰੂਤੀ ਵੱਲੋਂ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ’ਤੇ ਕਾਂਗਰਸ ਨੇਤਾ ਤੇ ਸਿਰਸਾ ਤੋਂ ਲੋਕ ਸਭਾ ਮੈਂਬਰ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਉਨ੍ਹਾਂ ਨੂੰ ਲੋਕ ਸਭਾ ਦੀ ਟਿਕਟ ਨਾ ਦੇ ਕੇ ਠੀਕ ਨਹੀਂ ਕੀਤਾ। ਹਾਈਕਮਾਂਡ ਦੇ ਵਤੀਰੇ ਤੋਂ ਨਾਖੁਸ਼ ਹੋ ਕੇ ਲੱਗਦਾ ਹੈ ਉਨ੍ਹਾਂ ਨੇ ਪਾਰਟੀ ਛੱਡੀ ਹੈ। ਪਾਰਟੀ ਹਾਈਕਮਾਂਡ ਨੂੰ ਪਾਰਟੀ ਵਰਕਰਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਵਰਕਰਾਂ ਦਾ ਧਿਆਨ ਨਾ ਰੱਖਣ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ। ਉਹ ਅੱਜ ਆਪਣੇ ਧੰਨਵਾਦੀ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਿਰਨ ਚੌਧਰੀ ਤੇ ਸ਼ਰੂਤੀ ਵੱਲੋਂ ਪਾਰਟੀ ਛੱਡੇ ਜਾਣ ’ਤੇ ਲਾਜ਼ਮੀ ਹੈ ਕਿ ਪਾਰਟੀ ਕਮਜ਼ੋਰ ਹੋਈ ਹੈ। ਕਿਰਨ ਚੌਧਰੀ ਤੇ ਸ਼ਰੂਤੀ ਦੇ ਭਾਜਪਾ ’ਚ ਸ਼ਾਮਲ ਹੋਣ ’ਤੇ ਉਨ੍ਹਾਂ ਨੂੰ ਅਸ਼ੀਰਵਾਦ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪਾਰਟੀ ’ਚ ਗੁੱਟਬਾਜ਼ੀ ਦਾ ਖਮਿਆਜ਼ਾ ਪਾਰਟੀ ਨੂੰ ਭੁਗਤਣਾ ਪੈ ਰਿਹਾ ਹੈ। ਉਹ ਇਸ ਮੁੱਦੇ ਨੂੰ ਲੈ ਕੇ ਪਾਰਟੀ ਹਾਈਕਮਾਂਡ ਨਾਲ ਗੱਲ ਕਰਨਗੇ। ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਕਾਂਗਰਸੀ ਆਗੂਆਂ ਵੱਲੋਂ ਪਾਰਟੀ ਛੱਡੇ ਜਾਣ ਦੇ ਸੁਆਲ ਦੇ ਜੁਆਬ ’ਚ ਉਨ੍ਹਾਂ ਨੇ ਕਿਹਾ ਕਿ ਲੋਕਤੰਤਰ ’ਚ ਸਭ ਨੂੰ ਅਧਿਕਾਰ ਹੈ ਕਿ ਉਹ ਕਿਸ ਪਾਰਟੀ ’ਚ ਰਹਿਣਾ ਚਾਹੁੰਦਾ ਹੈ। ਇਸ ਦੇ ਬਾਵਜੂਦ ਪਾਰਟੀ ਹਰਿਆਣਾ ’ਚ ਮਜ਼ਬੂਤੀ ਨਾਲ ਵਿਧਾਨ ਸਭਾ ਦੀਆਂ ਚੋਣਾਂ ’ਚ ਉਤਰੇਗੀ ਤੇ ਬਹੁਮਤ ਦਾ ਅੰਕੜਾ ਪ੍ਰਾਪਤ ਕਰਕੇ ਕਾਂਗਰਸ ਦੀ ਸਰਕਾਰ ਬਣੇਗੀ। ਇਸ ਦੌਰਾਨ ਉਨ੍ਹਾਂ ਨੇ ਬਹੁਤ ਸਾਰੇ ਸੁਆਲਾਂ ਤੋਂ ਪਾਸਾ ਵੱਟਦਿਆਂ ਕਿਹਾ ਕਿ ਸਾਰਾ ਕੁਝ ਪ੍ਰੈਸ ਕੋਲ ਨਹੀਂ ਉਹ ਪਾਰਟੀ ਦੇ ਅੰਦਰ ਆਪਣੀ ਗੱਲ ਰੱਖਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕੇਕ ਕੱਟ ਕੇ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਮਨਾਇਆ ਤੇ ਉਨ੍ਹਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।

Related Post