
ਕਲਾਵਾਂ ਨਾਲ਼ ਜੁੜਨ ਕਰ ਕੇ ਮਨੁੱਖ ਦਾ ਦਾਇਰਾ ਵਿਸ਼ਾਲ ਹੁੰਦਾ: ਪ੍ਰੋ. ਸੰਜੀਵ ਪੁਰੀ
- by Jasbeer Singh
- March 19, 2025

ਕਲਾਵਾਂ ਨਾਲ਼ ਜੁੜਨ ਕਰ ਕੇ ਮਨੁੱਖ ਦਾ ਦਾਇਰਾ ਵਿਸ਼ਾਲ ਹੁੰਦਾ: ਪ੍ਰੋ. ਸੰਜੀਵ ਪੁਰੀ -ਪੰਜਾਬੀ ਯੂਨੀਵਰਸਿਟੀ ਵਿਖੇ '11ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਸ਼ੁਰੂ -ਰਬਾਬ ਅਤੇ ਤਬਲੇ ਦੀ ਜੁਗਲਬੰਦੀ ਨਾਲ਼ ਹੋਇਆ ਸੰਮੇਲਨ ਆਰੰਭ ਪਟਿਆਲਾ, 19 ਮਾਰਚ : 'ਕਲਾਵਾਂ ਨਾਲ਼ ਜੁੜਨ ਕਰ ਕੇ ਮਨੁੱਖ ਦੀ ਦ੍ਰਿਸ਼ਟੀ ਅਤੇ ਦਾਇਰਾ ਵਿਸ਼ਾਲ ਹੋ ਜਾਂਦੇ ਹਨ, ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਦੇ ਰਜਿਸਟਰਾਰ ਪ੍ਰੋ. ਸੰਜੀਵ ਪੁਰੀ ਨੇ ਪੰਜਾਬੀ ਯੂਨੀਵਰਸਿਟੀ ਵਿਖੇ 'ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਦੇ ਪਹਿਲੇ ਦਿਨ ਦੀ ਪ੍ਰਧਾਨਗੀ ਕਰਦਿਆਂ ਕਹੇ । ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕਰਵਾਇਆ ਜਾ ਰਿਹਾ ਤਿੰਨ ਰੋਜ਼ਾ '11ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਨੂੰ ਸੰਬੋਧਨ ਕਰਦੇ ਹੋਏ ਪ੍ਰੋ. ਪੁਰੀ ਨੇ ਯੂਨੀਵਰਸਿਟੀ ਵਿਖੇ ਚਲਦੇ ਪੰਜ ਸਾਲਾ ਏਕੀਕ੍ਰਿਤ ਕੋਰਸਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਕਿਹਾ ਕਿ ਅੰਤਰ-ਅਨੁਸ਼ਾਸਨੀ ਪਹੁੰਚ ਨਾਲ਼ ਮਨੁੱਖ ਦਾ ਦਾਇਰਾ ਵਧ ਜਾਂਦਾ ਹੈ । ਅਜਿਹਾ ਹੋਣ ਨਾਲ਼ ਉਸ ਦੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਵਿੱਚ ਵੀ ਵਾਧਾ ਹੁੰਦਾ ਹੈ । ਉਨ੍ਹਾਂ ਇਸ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਦਹਾਕੇ ਤੋਂ ਵਧੇਰੇ ਸਮੇਂ ਤੋਂ ਇਹ ਸੰਮੇਲਨ ਜਾਰੀ ਹੈ ਜੋ ਆਪਣੇ ਆਪ ਵਿੱਚ ਇੱਕ ਪ੍ਰਾਪਤੀ ਹੈ । ਗੁਰਮਤਿ ਸੰਗੀਤ ਚੇਅਰ ਦੇ ਮੁਖੀ ਡਾ. ਅਲੰਕਾਰ ਨੇ ਆਪਣੇ ਸਵਾਗਤੀ ਸ਼ਬਦਾਂ ਦੌਰਾਨ ਦੱਸਿਆ ਕਿ ਇਸ ਸੰਮੇਲਨ ਵਿਚ ਰਾਸ਼ਟਰੀ ਅਤੇ ਖੇਤਰੀ ਪ੍ਰਸਿੱਧੀ ਪ੍ਰਾਪਤ ਸ਼ਾਸਤਰੀ ਸੰਗੀਤਕਾਰ ਭਾਗ ਲੈ ਰਹੇ ਹਨ । ਸੰਮੇਲਨ ਦੇ ਪਹਿਲੇ ਦਿਨ ਦਾ ਆਰੰਭ ਲੁਧਿਆਣਾ ਤੋਂ ਪੁੱਜੇ ਬਿਕਰਮਜੀਤ ਸਿੰਘ ਦੇ ਰਬਾਬ ਵਾਦਨ ਨਾਲ਼ ਹੋਇਆ । ਇਸ ਉਪਰੰਤ ਸ਼ਵਨ ਸਿੰਘ ਅਤੇ ਸਾਹਿਲਦੀਪ ਸਿੰਘ ਵੱਲੋਂ ਤਬਲਾ ਜੁਗਲਬੰਦੀ ਪੇਸ਼ ਕੀਤੀ ਗਈ । ਪਹਿਲੇ ਦਿਨ ਦਾ ਸਿਖਰ ਜਲੰਧਰ ਤੋਂ ਪੁੱਜੇ ਫ਼ਨਕਾਰ ਅਨਮੋਲ ਮੋਹਸਿਨ ਬਾਲੀ ਵੱਲੋਂ ਕੀਤੇ ਸ਼ਾਸਤਰੀ ਗਾਇਨ ਨਾਲ਼ ਹੋਇਆ । ਸੰਗੀਤ ਵਿਭਾਗ ਦੇ ਪ੍ਰੋਫ਼ੈਸਰ ਪ੍ਰੋ. ਨਿਵੇਦਿਤਾ ਉੱਪਲ ਅਤੇ ਸੰਮੇਲਨ ਦੇ ਕੋਆਰਡੀਨੇਟਰ ਸ. ਜਸਬੀਰ ਸਿੰਘ ਜਵੱਦੀ ਨੇ ਦੱਸਿਆ ਕਿ ਸਮਾਰੋਹ ਦਾ ਦੂਜਾ ਦਿਨ ਪਟਿਆਲਾ ਦੇ ਵਿਖ਼ਿਆਤ ਸੰਗੀਤਕਾਰ ਸਵਰਗੀ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਨੂੰ ਸਮਰਪਿਤ ਰਹੇਗਾ, ਜਿਸ ਵਿਚ ਉਹਨਾਂ ਦੇ ਸ਼ਾਗਿਰਦਾਂ ਪ੍ਰੋ. ਹਰਪ੍ਰੀਤ ਸਿੰਘ ਅਤੇ ਹੁਸਨਬੀਰ ਸਿੰਘ ਪੰਨੂ ਦੁਆਰਾ ਸ਼ਾਸਤਰੀ ਗਾਇਨ ਹੋਵੇਗਾ। ਵਿਸ਼ੇਸ਼ ਪ੍ਰਸਤੁਤੀ ਲਈ ਦਿੱਲੀ ਤੋਂ ਮੈਹਰ ਘਰਾਣੇ ਦੇ ਉੱਘੇ ਸਿਤਾਰ ਨਵਾਜ਼ ਸ੍ਰੀ ਸੌਮਿਤ੍ਰ ਠਾਕੁਰ ਪਧਾਰਨਗੇ। ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਐਵਾਰਡ ਪੰਜਾਬ ਘਰਾਣਾ ਦੇ ਉੱਘੇ ਤਬਲਾ ਨਵਾਜ਼ ਪੰਡਿਤ ਰਮਾਕਾਂਤ ਜੀ ਨੂੰ ਪ੍ਰਦਾਨ ਕੀਤਾ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.