

ਗੈਸ ਲੀਕ ਹੋਣ ਤੇ ਫਟੇ ਸਿਲੰਡਰ ਕਾਰਨ ਜੌੜਾ ਬੁਰੀ ਤਰ੍ਹਾਂ ਝੁਲਸਿਆ ਲੁਧਿਆਣਾ, 12 ਜੁਲਾਈ 2025 : ਪੰਜਾਬ ਦੇ ਪ੍ਰਸਿੱਧ ਸ਼ਹਿਰ ਲੁਧਿਅਣਾ ਵਿਖੇ ਸਿਲੰਡਰ ਵਿਚੋਂ ਗੈਸ ਲੀਕ ਹੋਣ ਕਾਰਨ ਸਿਲੰਡਰ ਫਟ ਗਿਆ ਤੇ ਅੱਗ ਲੱਗਣ ਦੇ ਚਲਦਿਆਂ ਔਰਤ ਤੇ ਉਸਦਾ ਪਤੀ ਦੋਵੇਂ ਜਣੇ ਝੁਲਸ ਗਏ। ਦੱਸਣਯੋਗ ਹੈ ਕਿ ਔਰਤ ਜਿਥੇ 65 ਪ੍ਰਤੀਸ਼ਤ ਝੁਲਸ ਗਈ ਉਥੇ ਦੂਸਰੇ ਪਾਸੇ ਉਸਦਾ ਪਤੀ 45 ਪ੍ਰਤੀਸ਼ਤ ਸੜ ਗਿਆ ਹੈ। ਮਹਿਲਾ ਜੋ ਕਿ 65 ਪ੍ਰਤੀਸ਼ਤ ਸੜ ਗਈ ਦੀ ਹਾਲਤ ਨੂੰ ਵੇਖਦਿਆਂ ਡਾਕਟਰਾਂ ਨੇ ਉਸ ਨੂੰ ਪੀ. ਜੀ. ਆਈ. ਰੈਫ਼ਰ ਕਰ ਦਿੱਤਾ ਹੈ। ਕਿਹੜੀ ਥਾਂ ਤੇ ਵਾਪਰੀ ਗੈਸ ਲੀਕ ਘਟਨਾ ਲੁਧਿਆਣਾ ਦੇ ਰਾਜੀਵ ਗਾਂਧੀ ਕਾਲੋਨੀ ਵਿਚ ਗੈਸ ਸਿਲੰਡਰ ਲੀਕ ਹੋ ਕੇ ਅੱਗ ਲੱਗਣ ਕਾਰਨ ਸਿਲੰਡਰ ਫਟਣ ਦੀ ਵਾਪਰੀ ਘਟਨਾ ਵਿਚ ਝੁਲਸਣ ਵਾਲਾ ਜੌੜਾ ਕਿਰਾਏ ਦੇ ਕਮਰੇ ਵਿੱਚ ਰਹਿੰਦਾ ਹੈ। ਔਰਤ ਦੇ ਪਤੀ ਵਿਕਾਸ ਨੇ ਦੱਸਿਆ ਕਿ ਉਹ ਅੱਜ ਸਵੇਰੇ ਕਮਰੇ ਵਿੱਚ ਸੌਂ ਰਿਹਾ ਸੀ ਤੇ ਉਸ ਦੀ ਪਤਨੀ ਰੀਟਾ ਗੈਸ `ਤੇ ਭਾਂਡਾ ਰੱਖ ਕੇ ਸਬਜ਼ੀਆਂ ਕੱਟ ਰਹੀ ਸੀ। ਫਿਰ ਅਚਾਨਕ ਕਮਰੇ ਨੂੰ ਅੱਗ ਲੱਗ ਗਈ। ਅੱਗ ਲੱਗਣ ਤੋਂ ਬਾਅਦ ਅਚਾਨਕ ਧਮਾਕਾ ਹੋਇਆ। ਲੋਕਾਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਰੀਟਾ ਨੂੰ ਕਮਰੇ ਤੋਂ ਬਾਹਰ ਕੱਢਿਆ। ਗੁਆਂਢਣ ਰਿਤੂ ਨੇ ਕੀ ਦੱਸਿਆ ਉਪਰੋਕਤ ਘਟਨਾਕ੍ਰਮ ਵਾਲੀ ਥਾਂ ਦੇ ਰਹਿੰਦੀ ਗੁਆਂਢਣ ਰਿਤੂ ਨੇ ਦੱਸਿਆ ਕਿ ਕਮਰੇ ਵਿੱਚ ਅੱਗ ਲੱਗਣ ਤੋਂ ਬਾਅਦ ਰੀਟਾ ਅਤੇ ਵਿਕਾਸ ਦੀਆਂ ਚੀਕਾਂ ਦੀਆਂ ਆਵਾਜਾਂ ਆਉਣ ਤੇ ਸਾਰੇ ਮੁਹੱਲੇ ਵਾਲੇ ਇਕੱਠੇ ਹੋ ਗਏ, ਜਿਸ ਤੇ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਬਾਹਰ ਕੱਢਿਆ ਗਿਆ। ਇਸ ਘਟਨਾ ਵਿਚ ਰੀਟਾ ਅਤੇ ਵਿਕਾਸ ਦੇ ਕਮਰੇ ਦਾ ਸਾਰਾ ਸਮਾਨ ਸੜ ਗਿਆ ਤੇ ਜ਼ਖ਼ਮੀਆਂ ਨੂੰ ਲੋਕਾਂ ਦੀ ਮਦਦ ਨਾਲ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।