post

Jasbeer Singh

(Chief Editor)

Patiala News

ਟਰਾਂਸਪੋਰਟ ਵਿਭਾਗ ਤੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਨੇ ਪੰਜਾਬ ਹਰਿਆਣਾ ਬਾਰਡਰ ’ਤੇ ਕੀਤੀ ਸਖਤ ਚੈਕਿੰਗ

post-img

ਪਟਿਆਲਾ, 3 ਅਪ੍ਰੈਲ (ਜਸਬੀਰ)-ਸੂਬੇ ਅੰਦਰ ਚੋਣ ਕਮਿਸ਼ਨ ਦੀ ਸਖਤੀ ਤੋਂ ਬਾਅਦ ਸਮੁੱਚੇ ਵਿਭਾਗਾਂ ਦੇ ਅਧਿਕਾਰੀ ਆਪੋ-ਆਪਣੇ ਕੰਮਾਂ ਨੂੰ ਲੈ ਕੇ ਅਲਰਟ ’ਤੇ ਹਨ। ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਆਰ. ਟੀ. ਓ. ਪਟਿਆਲਾ ਦੀਪਜੋਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਟਰਾਂਸਪੋਰਟ ਵਿਭਾਗ ਤੇ ਆਬਕਾਰੀ ਤੇ ਕਰ ਵਿਭਾਗ ਦੀ ਟੀਮ ਨੇ ਸਾਂਝੇ ਤੌਰ ’ਤੇ ਪੰਜਾਬ-ਹਰਿਆਣਾ ਬਾਰਡਰ ’ਤੇ ਰੋਹੜ ਜਗੀਰ ਵਿਖੇ ਨਾਕਾ ਲਗਾ ਕੇ ਪੂਰਾ ਦਿਨ ਵਾਹਨਾਂ ਦੀ ਚੈਕਿੰਗ ਕੀਤੀ ਗਈ ਤਾਂ ਜੋ ਬਾਰਡਰ ਏਰੀਏ ਰਾਹੀਂ ਨਜ਼ਾਇਜ਼ ਤੋਰ ’ਤੇ ਸ਼ਰਾਬ ਤੇ ਹੋਰ ਨਸ਼ਿਆਂ ਨੂੰ ਸੂਬੇ ਅੰਦਰ ਐਂਟਰੀ ਨਾ ਮਿਲ ਸਕੇ। ਜਿਥੇ ਏ. ਟੀ. ਓ. ਪਰਮਦੀਪ ਦੀ ਅਗਵਾਈ ਵਿਚ ਪੰਜਾਬ ਅੰਦਰ ਦਾਖਲ ਹੋਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ, ਉਥੇ ਹੀ ਓਵਰਲੋਡ ਗੱਡੀਆਂ ਅਤੇ ਕਮਰਸ਼ੀਅਲ ਟਰਾਲੀਆਂ ਦੇ ਚਾਲਾਨ ਵੀ ਕੱਟੇ ਗਏ। ਏ. ਟੀ. ਓ. ਪਰਮਦੀਪ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਿੱਤ ਦਿਨ ਚੋਣਾਂ ਤੱਕ ਚੈਕਿੰਗ ਜਾਰੀ ਰਹੇਗੀ ਤਾਂ ਜੋ ਸੂਬੇ ਅੰਦਰ ਚੋਣਾਂ ਤੋਂ ਪਹਿਲਾਂ ਕੋਈ ਵੀ ਗੈਰ ਕਾਨੂੰਨੀ ਸਮੱਗਰੀ ਦਾਖਲ ਨਾ ਹੋ ਸਕੇ। ਇਸ ਮੌਕੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਦੀ ਟੀਮ ਨੇ 1,10,000 ਰੁਪਏ ਤੋਂ ਵੱਧ ਵਾਹਨਾਂ ਦੇ ਚਾਲਾਨ ਕੱਟ ਕੇ ਜੁਰਮਾਨੇ ਵੀ ਕੀਤੇ। ਇਸ ਮੌਕੇ ਤਰਸੇਮ ਸਿੰਘ ਸਟੈਨੋ, ਏ. ਐਸ. ਆਈ. ਕੁਲਵਿੰਦਰ ਸਿੰਘ, ਹੌਲਦਾਰ ਮਨਜੀਤ ਸਿੰਘ, ਸੰਦੀਪ ਸਿੰਘ ਆਦਿ ਵੀ ਚੈਕਿੰਗ ਦੌਰਾਨ ਹਾਜ਼ਰ ਰਹੇ। ਲਗਾਏ ਗਏ ਨਾਕੇ ਨੂੰ ਦੇਖਦੇ ਹੋਏ ਹਰਿਆਣਾ ਤੋਂ ਹੋਣ ਵਾਲੇ ਬਹੁਤੇ ਵਾਹਨ ਹੋਰਨਾਂ ਰੂਟਾਂ ਰਾਹੀਂ ਵਾਪਸ ਚਲੇ ਗਏ, ਕਿਉਂਕਿ ਪੰਜਾਬ ਦਾਖਲ ਹੁੰਦੇ ਹੀ ਅਧਿਕਾਰੀਆਂ ਦੀ ਟੀਮ ਨੇ ਨਾਕਾ ਲਗਾ ਕੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਸੀ, ਜਿਥੇ ਪੁਲਸ ਮੁਲਾਜ਼ਮ ਵੀ ਭਾਰੀ ਗਿਣਤੀ ਵਿਚ ਨਾਕੇ ਤੇ ਤਾਇਨਾਤ ਕੀਤੇ ਗਏ ਸਨ ਤਾਂ ਜੋ ਕੋਈ ਵੀ ਵਾਹਨ ਬਿਨ੍ਹਾਂ ਚੈਕਿੰਗ ਤੋਂ ਪੰਜਾਬ ਵਿਚ ਦਾਖਲ ਨਾ ਹੋ ਸਕੇ।

Related Post