
ਦਲ ਖਾਲਸਾ ਨੇ ਕੀਤਾ ਚੌੜਾ ਨੂੰ ਪੰਥ ’ਚੋਂ ਛੇਕਣ ਦੀ ਮੰਗ ਦਾ ਸਖਤ ਵਿਰੋਧ
- by Jasbeer Singh
- December 11, 2024

ਦਲ ਖਾਲਸਾ ਨੇ ਕੀਤਾ ਚੌੜਾ ਨੂੰ ਪੰਥ ’ਚੋਂ ਛੇਕਣ ਦੀ ਮੰਗ ਦਾ ਸਖਤ ਵਿਰੋਧ ਅੰਤ੍ਰਿੰਗ ਕਮੇਟੀ ਦੀ ਮੰਗ ਸਿੱਖ ਪੰਥ ’ਚ ਵੰਡੀਆਂ ਪਾਉਣ ਵਾਲੀ : ਦਲ ਖਾਲਸਾ ਜਲੰਧਰ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਹਮਲਾ ਕਰਨ ਵਾਲੇ ਨਾਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕੇ ਜਾਣ ਬਾਰੇ ਐੱਸ. ਜੀ. ਪੀ. ਸੀ. ਦੀ ਅੰਤ੍ਰਿੰਗ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ ਨੂੰ ਮਿਲ ਕੇ ਕੀਤੀ ਗਈ ਮੰਗ ਦਾ ਦਲ ਖਾਲਸਾ ਨੇ ਸਖਤ ਵਿਰੋਧ ਕਰਦਿਆਂ ਗੱਲਬਾਤ ਕਰਦਿਆਂ ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇ ਕਿਹਾ ਕਿ ਸਿੱਖ ਇਤਿਹਾਸ ’ਚ ਇਹ ਪਹਿਲੀ ਵਾਰ ਹੋਇਆ ਹੈ ਕਿ ਅਕਾਲੀ ਦਲ ਦੇ ਆਦੇਸ਼ਾਂ ’ਤੇ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ’ਚ ਐੱਸ. ਜੀ. ਪੀ. ਸੀ. ਦੀ ਅੰਤ੍ਰਿੰਗ ਕਮੇਟੀ ਵੱਲੋਂ ਗਲਤ ਪਿਰਤ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਇਹ ਗੱਲ ਕੌਮ ਦੇ ਅੰਦਰ ਵੰਡੀਆਂ ਨੂੰ ਹੋਰ ਗਹਿਰਾ ਕਰੇਗੀ ਤੇ ਆਪਸੀ ਖਾਨਾਜੰਗੀ ਦਾ ਮਾਹੌਲ ਸਿਰਜੇਗੀ । ਖਾਲਸਾ ਨੇ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਘਟਨਾ ਬਾਰੇ ਗਲਤ ਬਿਰਤਾਂਤ ਸਿਰਜਣ ਦੀ ਕੋਸ਼ਿਸ਼ ਕੀਤੀ ਹੈ । ਉਹ ਕਹਿ ਰਹੇ ਹਨ ਕਿ ਭਾਈ ਨਾਰਾਇਣ ਸਿੰਘ ਚੌੜਾ ਨੇ ਦਰਬਾਰ ਸਾਹਿਬ ’ਤੇ ਗੋਲੀ ਚਲਾਈ ਹੈ, ਜੋ ਬੇਬੁਨਿਆਦ ਤੇ ਨਿਰਾਧਾਰ ਹੈ । ਉਨ੍ਹਾਂ ਕਿਹਾ ਕਿ ਭਾਈ ਚੌੜਾ ਨੇ ਦਰਬਾਰ ਸਾਹਿਬ ’ਤੇ ਨਹੀਂ, ਸਜ਼ਾ ਭੁਗਤ ਰਹੇ ਵਿਅਕਤੀ ’ਤੇ ਹਮਲਾ ਕੀਤਾ ਹੈ । ਨਾਰਾਇਣ ਸਿੰਘ ਚੌੜਾ ਪੜ੍ਹੇ-ਲਿਖੇ, ਸੂਝਵਾਨ ਤੇ ਦ੍ਰਿੜ੍ਹ ਇਰਾਦੇ ਦੇ ਵਿਅਕਤੀ ਹਨ ਅਤੇ ਉਨ੍ਹਾਂ ਵੱਲੋਂ ਕੀਤਾ ਗਿਆ ਹਮਲਾ ਸਿੱਖ ਕੌਮ ਦਾ ਬਾਦਲਾਂ ਪ੍ਰਤੀ ਰੋਹ ਦਾ ਪ੍ਰਗਟਾਵਾ ਹੈ । ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਰੇ ਘਟਨਾਕ੍ਰਮ ਨੂੰ ਨਵਾਂ ਮੋੜ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਇਸ ਤੋਂ ਪਹਿਲਾਂ ਸਿੱਖ ਲਹਿਰ ਵੇਲੇ ਵੀ ਅਕਾਲੀ ਆਗੂਆ ’ਤੇ ਬਹੁਤ ਸਾਰੇ ਹਮਲੇ ਹੋਏ ਹਨ । 25 ਅਪ੍ਰੈਲ 1983 ’ਚ ਆਈ. ਪੀ. ਐੱਸ. ਅਵਤਾਰ ਸਿੰਘ ਅਟਵਾਲ ’ਤੇ ਵੀ ਇਸੇ ਜਗ੍ਹਾ ਹਮਲਾ ਹੋਇਆ ਸੀ । ਕਦੇ ਵੀ ਇਹ ਮੰਗ ਨਹੀਂ ਉੱਠੀ ਕਿ ਹਮਲਾ ਕਰਨ ਵਾਲਿਆ ਨੂੰ ਪੰਥ ’ਚੋਂ ਛੇਕਿਆ ਜਾਵੇ । ਉਨ੍ਹਾਂ ਕਿਹਾ ਕਿ ਭਾਈ ਨਾਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕਣ ਦੀ ਮੰਗ ਕਰਨ ਦੀ ਤਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫੀ ਦੇਣ ਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆ ਘਟਨਾਵਾਂ ਕਬੂਲਣ ਲਈ ਸੁਖਬੀਰ ਸਿੰਘ ਬਾਦਲ ਤੇ ਸਾਥੀਆ ਨੂੰ ਪੰਥ ’ਚ ਛੇਕਿਆ ਜਾਣਾ ਚਾਹੀਦਾ ਹੈ । ਕੰਵਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਅਕਾਲੀ ਦਲ ਮੁੜ ਸਿੱਖ ਕੌਮ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਸਿੰਘ ਸਾਹਿਬਾਨ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਦੇ ਜਾਲ ’ਚ ਨਾ ਫਸਣ ਜੋ ਉਨ੍ਹਾਂ ਨੇ ਐੱਸ. ਜੀ. ਪੀ. ਸੀ. ਰਾਹੀਂ ਵਿਛਾਇਆ ਗਿਆ ਹੈ। ਇਸ ਦਾ ਦਲ ਖਾਲਸਾ ਤੇ ਸਮੂਹ ਪੰਥਕ ਜਥੇਬੰਦੀਆ ਸਖ਼ਤ ਵਿਰੋਧ ਕਰਦੀਆ ਹਨ ਅਤੇ ਦੇਸ਼-ਵਿਦੇਸ਼ਾਂ ’ਚ ਬੈਠੇ ਸਮੂਹ ਸਿੱਖਾਂ ਨੂੰ ਵੀ ਅਪੀਲ ਕਰਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੇ ਇਸ ਕੋਝੇ ਯਤਨ ਦਾ ਸਖਤ ਵਿਰੋਧ ਕਰਨ, ਇਸ ਦੇ ਨਾਲ ਹੀ ਉਨ੍ਹਾਂ ਜੇ ਭਾਈ ਨਾਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕਣ ਲਈ ਸਿਰਜੇ ਜਾ ਰਹੇ ਬਿਰਤਾਂਤ ਮੁਤਾਬਕ ਫੈਸਲਾ ਕੀਤਾ ਗਿਆ ਤਾਂ ਇਸ ਦਾ ਹਸ਼ਰ ਵੀ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮਾਫੀ ਵਾਲਾ ਹੋਵੇਗਾ । ਸੇਵਾ ਕਰ ਰਹੇ ਵਿਅਕਤੀ ’ਤੇ ਗੋਲੀ ਚਲਾਉਣ ਬਾਰੇ ਪੁੱਛੇ ਜਾਣ ’ਤੇ ਕੰਵਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ, ਸੇਵਾ ਨਹੀਂ ਕਰ ਰਿਹਾ ਬਲਕਿ ਸਜ਼ਾ ਭੁਗਤ ਰਿਹਾ ਹੈ । ਉਨ੍ਹਾਂ ਨੇ ਆਪ ਗਲਤੀ ਨਹੀਂ ਮੰਨੀ ਬਲਕਿ ਕੌਮ ਨੇ ਉਨ੍ਹਾਂ ਨੂੰ ਘਸੀਟ ਕੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਲਿਆਂਦਾ ਹੈ । ਦਲ ਖਾਲਸਾ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਉਹ 18 ਦਸੰਬਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨ ਰਘਬੀਰ ਸਿੰਘ ਨੂੰ ਮਿਲ ਕੇ ਅਕਾਲੀ ਦਲ ਦੀ ਸ਼ਹਿ ’ਤੇ ਅੰਤਿੰਗ ਕਮੇਟੀ ਵੱਲੋਂ ਭਾਈ ਨਾਰਾਇਣ ਸਿੰਘ ਚੌੜਾ ਨੂੰ ਪੰਥ ’ਚੋਂ ਛੇਕੇ ਜਾਣ ਦੀ ਮੰਗ ਬਾਰੇ ਵਿਰੋਧ ਦਰਜ ਕਰਵਾਉਣ ਲਈ ਮਿਲਣਗੇ। ਇਸ ਦੇ ਨਾਲ ਹੀ ਮੰਗ ਕੀਤੀ ਜਾਵੇਗੀ ਕਿ ਸ੍ਰੀ ਅਕਾਲ ਤਖਤ ਦੀ ਉਨ੍ਹਾਂ ਵੱਲੋਂ ਜੋ ਸ਼ਾਨ ਬਹਾਲ ਕੀਤੀ ਗਈ ਹੈ, ਉਸ ਨੂੰ ਬਣਾਈ ਰੱਖਣ ਲਈ ਅਕਾਲੀ ਦਲ ਦੇ ਦਬਾਅ ਤੋਂ ਦੂਰ ਰਹਿਣ। ਇਸ ਮੌਕੇ ਦਲ ਖ਼ਾਲਸਾ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾ, ਹਰਚਰਨਜੀਤ ਸਿੰਘ ਧਾਮੀ, ਪਰਮਜੀਤ ਸਿੰਘ ਟਾਂਡਾ, ਗੁਰਨਾਮ ਸਿੰਘ, ਗੁਰਪ੍ਰੀਤ ਸਿੰਘ, ਜਗਜੀਤ ਸਿੰਘ, ਸਾਰਜ ਸਿੰਘ ਵੀ ਮੌਜੂਦ ਸਨ ।
Related Post
Popular News
Hot Categories
Subscribe To Our Newsletter
No spam, notifications only about new products, updates.