
ਨਾਭਾ ਦੀ ਨਵੀਂ ਅਨਾਜ ਮੰਡੀ ਵਿਚ ਕਰੰਟ ਲੱਗਣ ਨਾਲ ਬੱਚੇ ਦੀ ਮੌਤ -ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਦੀ ਮੰਗ
- by Jasbeer Singh
- September 26, 2024

ਨਾਭਾ ਦੀ ਨਵੀਂ ਅਨਾਜ ਮੰਡੀ ਵਿਚ ਕਰੰਟ ਲੱਗਣ ਨਾਲ ਬੱਚੇ ਦੀ ਮੌਤ -ਪਰਿਵਾਰਕ ਮੈਂਬਰਾਂ ਵਲੋਂ ਇਨਸਾਫ਼ ਦੀ ਮੰਗ ਨਾਭਾ, 25 ਸਤੰਬਰ () : ਨਾਭਾ ਦੀ ਨਵੀਂ ਅਨਾਜ ਮੰਡੀ ਵਿਚ ਮੰਗਲਵਾਰ ਨੂੰ ਚਾਰ ਸਾਲਾ ਬੱਚੇ ਸਾਹਿਲ ਪੁੱਤਰ ਫੀਹਮ ਨਿਵਾਸੀ ਨਵੀਂ ਸਬਜ਼ੀ ਮੰਡੀ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰੰਟ ਭਾਰਤੀ ਸਟੇਟ ਬੈਂਕ ਆਫ ਇੰਡੀਆ ਬ੍ਰਾਂਚ ਦੇ ਬਾਹਰ ਪਏ ਜਨਰੇਟਰ ਤੋਂ ਲੱਗਿਆ। ਇਸ ਨਾਲ ਗੁੱਸੇ ਵਿਚ ਆਏ ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਬੈਂਕ ਦੇ ਬਾਹਰ ਲਾਸ਼ ਰੱਖ ਕੇ ਧਰਨਾ ਦਿੱਤਾ, ਜਿਸ ਕਾਰਨ ਬੈਂਕ ਮੁਲਾਜਮ ਬੈਂਕ ਬ੍ਰਾਂਚ ਅੰਦਰ ਹੀ ਕੈਦ ਹੋ ਕੇ ਰਹਿ ਗਏ।ਨਵੀ ਮੁਹੰਮਦ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਸਾਹਿਲ ਸਵੇਰੇ ਕਰੀਬ ਸਾਢੇ 9 ਵਜੇ ਘਰ ਦੇ ਕੋਲ ਗਲੀ ਵਿਚ ਖੇਡ ਰਿਹਾ ਸੀ। ਗਲੀ ਵਿਚ ਪਏ ਐਸ. ਬੀ. ਆਈ. ਦੇ ਜੈਨਰੇਟਰ ਵਿਚ ਅਚਾਨਕ ਕਰੰਟ ਆ ਗਿਆ, ਜਿਸ ਕਾਰਨ ਸਾਹਿਲ ਦੀ ਮੌਤ ਹੋ ਗਈ। ਇਸ ਸਬੰਧੀ ਜਦੋਂ ਬੈਂਕ ਵਾਲਿਆਂ ਨਾਲ ਗੱਲ ਕਰਨ ਦੀ ਕੋਸਿ਼ਸ਼ ਕੀਤੀ ਗਈ ਤਾਂ ਉਨ੍ਹਾ ਇਸ ਲਈ ਜੈਨਰੇਟਰ ਨੂੰ ਹੀ ਜਿੰਮੇਦਾਰ ਦੱਸਿਆ। ਇਸ ਨਾਲ ਗੁੱਸੇ ਵਿਚ ਆਏ ਪਰਿਵਾਰਕ ਮੈਂਬਰਾਂ ਦੇ ਆਪਣੇ ਨਾਲ ਆਏ ਵਿਅਕਤੀਆਂ ਨਾਲ ਮਿਲ ਕੇ ਲਾਸ਼ ਨੂੰ ਬੈਂਕ ਦੇ ਮੇਨ ਗੇਟ ਤੇ ਰੱਖ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ।ਸੂਚਨਾ ਮਿਲਣ ਤੇ ਥਾਣਾ ਕੋਤਵਾਲੀ ਦੇ ਐਸ. ਐਚ. ਓ. ਰੋਨੀ ਸਿੰਘ ਨੇ ਵੀ ਆਪਣੀ ਟੀਮ ਨਾਲ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸ਼ਾਮ ਤੱਕ ਧਰਨਾ ਦੇਣ ਵਾਲਿਆਂ ਨੇ ਨਾ ਕਿਸੇ ਨੂੰ ਬੈਂਕ ਦੇ ਅੰਦਰ ਜਾਣ ਦਿੱਤਾ ਅਤੇ ਨਾ ਕਿਸੇ ਕਰਮਚਾਰੀ ਨੂੰ ਬਾਹਰ ਜਾਣ ਦਿੱਤਾ।