ਪੂਜਾ ਖੇਡਕਰ ਨੂੰ ਦਿੱਲੀ ਹਾਈ ਕੋਰਟ ਕੀਤਾ ਨੋਟਿਸ ਜਾਰੀ ਦਿੱਲੀ : ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਨੇ ਵੀਰਵਾਰ ਨੂੰ ਅਯੋਗ ਆਈ. ਏ. ਐਸ. ਪ੍ਰੋਬੇਸ਼ਨਰੀ ਅਧਿਕਾਰੀ ਪੂਜਾ ਖੇਡਕਰ ਵਿਰੁੱਧ ਦਿੱਲੀ ਹਾਈ ਕੋਰਟ ਦਾ ਰੁਖ਼ ਕੀਤਾ ਅਤੇ ਦੋਸ਼ ਲਾਇਆ ਕਿ ਉਸ ਨੇ ਪੱਖਪਾਤ ਕਰਨ ਲਈ ਝੂਠੇ ਦਸਤਾਵੇਜ਼ ਪੇਸ਼ ਕਰਕੇ ਝੂਠ ਬੋਲਿਆ ਹੈ। ਯੂਪੀਐਸਸੀ ਨੇ ਦੋਸ਼ ਲਾਇਆ ਹੈ ਕਿ ਖੇਡਕਰ ਨੇ ਨਿਆਂ ਪ੍ਰਣਾਲੀ ਨਾਲ ਛੇੜਛਾੜ ਕਰਨ ਦੀ ਕੋਸਿ਼ਸ਼ ਕੀਤੀ ਅਤੇ ਝੂਠਾ ਹਲਫ਼ਨਾਮਾ ਦਾਇਰ ਕਰਕੇ ਝੂਠੀ ਗਵਾਹੀ ਦਿੱਤੀ ਹੈ। ਯੂਪੀਐਸਸੀ ਨੇ ਕਿਹਾ ਕਿ ਪੂਜਾ ਖੇਡਕਰ ਦਾ ਕਮਿਸ਼ਨ ਵੱਲੋਂ ਬਾਇਓਮੈਟ੍ਰਿਕਸ ਨੂੰ ਇਕੱਠਾ ਕਰਨ ਦਾ ਦਾਅਵਾ ਬਿਲਕੁਲ ਝੂਠਾ ਹੈ ਉਕਤ ਦਾਅਵੇ ਨੂੰ ਖਾਰਜ ਕਰਦਿਆਂ ਕਿਹਾ ਕਿ ਕਮਿਸ਼ਨ ਨੇ ਉਸ ਦੀ ਸ਼ਖਸੀਅਤ ਜਾਂਚ ਦੌਰਾਨ ਕੋਈ ਬਾਇਓਮੈਟ੍ਰਿਕਸ (ਅੱਖਾਂ ਅਤੇ ਉਂਗਲਾਂ ਦੇ ਨਿਸ਼ਾਨ) ਇਕੱਠੇ ਨਹੀਂ ਕੀਤੇ ਜਾਂ ਇਸ ਦੇ ਆਧਾਰ ’ਤੇ ਤਸਦੀਕ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਕਮਿਸ਼ਨ ਨੇ ਹੁਣ ਤੱਕ ਹੋਈਆਂ ਸਿਵਲ ਸੇਵਾਵਾਂ ਪ੍ਰੀਖਿਆਵਾਂ ਦੇ ਸ਼ਖਸੀਅਤ ਟੈਸਟ ਦੌਰਾਨ ਕਿਸੇ ਵੀ ਉਮੀਦਵਾਰ ਤੋਂ ਬਾਇਓਮੈਟ੍ਰਿਕ ਜਾਣਕਾਰੀ ਇਕੱਠੀ ਨਹੀਂ ਕੀਤੀ ਹੈ।ਜਸਟਿਸ ਸੁਬਰਾਮਨੀਅਮ ਪ੍ਰਸਾਦ ਦੀ ਬੈਂਚ ਨੇ ਇਸ ਸਬੰਧੀ ਪੂਜਾ ਖੇਡਕਰ ਤੋਂ ਜਵਾਬ ਮੰਗਿਆ ਅਤੇ ਦਿੱਲੀ ਹਾਈ ਕੋਰਟ ਵਿੱਚ ਪੂਜਾ ਖੇਡਕਰ ਦੀ ਚੱਲ ਰਹੀ ਅਗਾਊਂ ਜ਼ਮਾਨਤ ਦੇ ਮਾਮਲੇ ਦੇ ਨਾਲ 26 ਸਤੰਬਰ ਲਈ ਮਾਮਲੇ ਨੂੰ ਸੂਚੀਬੱਧ ਕੀਤਾ। ਦਿੱਲੀ ਹਾਈ ਕੋਰਟ ਦਾ ਇਹ ਬੈਂਚ ਇਸ ਸਮੇਂ ਪੂਜਾ ਖੇਡਕਰ ਦੀ ਅਗਾਊਂ ਜ਼ਮਾਨਤ ਦੀ ਪਟੀਸ਼ਨ ’ਤੇ ਵੀ ਵਿਚਾਰ ਕਰ ਰਿਹਾ ਹੈ ਅਤੇ ਇਸ ਮਾਮਲੇ ‘ਚ ਗ੍ਰਿਫ਼ਤਾਰੀ ਤੋਂ ਅੰਤਰਿਮ ਸੁਰੱਖਿਆ ਦਿੱਤੀ ਗਈ ਹੈ।
