post

Jasbeer Singh

(Chief Editor)

Patiala News

ਬਖੌਰਾ ਕਲਾਂ ਸਕੂਲ ਇੰਚਾਰਜ਼ ਦੀ ਖੁਦਕੁਸ਼ੀ ਮਾਮਲੇ ਵਿੱਚ 'ਸਿਟ' ਰਾਹੀਂ ਨਿਰਪੱਖ ਜਾਂਚ ਦੀ ਮੰਗ

post-img

ਬਖੌਰਾ ਕਲਾਂ ਸਕੂਲ ਇੰਚਾਰਜ਼ ਦੀ ਖੁਦਕੁਸ਼ੀ ਮਾਮਲੇ ਵਿੱਚ 'ਸਿਟ' ਰਾਹੀਂ ਨਿਰਪੱਖ ਜਾਂਚ ਦੀ ਮੰਗ ਅਧਿਆਪਕ ਜਥੇਬੰਦੀਆਂ ਵੱਲੋਂ ਪਟਿਆਲਾ ਰੇਂਜ ਦੇ ਡੀ.ਆਈ.ਜੀ. ਨਾਲ ਮੁਲਾਕਾਤ ਪੜਤਾਲ ਮੁਕੰਮਲ ਹੋਣ ਤੱਕ ਪੰਜ ਅਧਿਆਪਕਾਂ ਦੀ ਗ੍ਰਿਫਤਾਰੀ ਅਤੇ ਪੁਲਿਸ ਛਾਪੇਮਾਰੀ ਮੁਕੰਮਲ ਬੰਦ ਕਰਨ ਦੀ ਮੰਗ ਪਟਿਆਲਾ, 26 ਜੁਲਾਈ ( ) ਅਧਿਆਪਕ ਜਥੇਬੰਦੀਆਂ ਦੇ ਸਮੂਹਿਕ ਵਫ਼ਦ ਵੱਲੋਂ ਡੀ.ਆਈ.ਜੀ. ਪੁਲਿਸ ਰੇਂਜ ਪਟਿਆਲਾ ਸ਼੍ਰੀ ਹਰਚਰਨ ਸਿੰਘ ਭੁੱਲਰ ਨਾਲ ਮੁਲਾਕਾਤ ਕੀਤੀ ਗਈ ਅਤੇ ਸੰਗਰੂਰ ਜ਼ਿਲ੍ਹੇ ਦੇ ਸ.ਸ.ਸ. ਸਕੂਲ ਬਖੌਰਾ ਕਲਾਂ ਦੇ ਅਧਿਆਪਕ ਸ਼੍ਰੀ ਧਰਮਵੀਰ ਸੈਣੀ ਦੀ ਖੁਦਕੁਸ਼ੀ ਮਾਮਲੇ ਦੀ ਤਫ਼ਤੀਸ਼ ਲਈ ਬਣਾਈ 'ਸਪੈਸ਼ਲ ਇਨਵੈਸਟੀਗੇਸ਼ਨ ਟੀਮ' (ਸਿਟ) ਨੂੰ 'ਆਪਰੇਟਿਵ' ਕਰਨ ਅਤੇ ਪੰਜ ਅਧਿਆਪਕਾਂ ਦੇ ਘਰਾਂ ਉੱਤੇ ਕੀਤੀ ਜਾ ਰਹੀ ਛਾਪੇਮਾਰੀ, ਪਰਿਵਾਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਅਤੇ ਗ੍ਰਿਫਤਾਰੀਆਂ 'ਤੇ ਮੁਕੰਮਲ ਰੋਕ ਲਗਾਉਣ ਦੀ ਮੰਗ ਕੀਤੀ ਹੈ । ਮੁਲਾਕਤ ਉਪਰੰਤ ਵਫ਼ਦ ਵਿੱਚ ਸ਼ਾਮਿਲ ਸੂਬਾਈ ਅਧਿਆਪਕ ਆਗੂਆਂ ਸੁਖਵਿੰਦਰ ਸਿੰਘ ਚਾਹਲ, ਵਿਕਰਮ ਦੇਵ ਸਿੰਘ ਅਤੇ ਦਲਜੀਤ ਸਿੰਘ ਸਮਰਾਲਾ ਨੇ ਪ੍ਰੈੱਸ ਦੇ ਨਾਮ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਜਿੱਥੇ ਅਧਿਆਪਕ ਸ੍ਰੀ ਧਰਮਵੀਰ ਸੈਣੀ ਦਾ ਬੇਵਕਤੀ ਸਦੀਵੀਂ ਵਿਛੋੜਾ ਸਭਨਾਂ ਲਈ ਦੁਖਦਾਇਕ ਹੈ, ਉੱਥੇ ਇਸ ਮਾਮਲੇ ਵਿੱਚ ਪੰਜ ਅਧਿਆਪਕਾਂ ਉੱਤੇ ਉਹਨਾਂ ਦਾ ਪੱਖ ਜਾਣੇ ਬਿਨ੍ਹਾਂ ਪੁਲਿਸ ਵੱਲੋਂ ਦਰਜ਼ ਕੀਤਾ ਮੁਕੱਦਮਾ ਸਹੀ ਨਹੀਂ ਹੈ। ਉਹਨਾਂ ਕਿਹਾ ਕਿ ਪੁਲਿਸ ਵੱਲੋਂ ਸਮੁੱਚੇ ਤੱਥਾਂ ਦੀ ਘੋਖ ਕੀਤੇ ਬਿਨਾਂ ਦਰਜ਼ ਕੀਤੇ ਇਸ ਮੁਕੱਦਮੇ ਕਾਰਨ ਅਧਿਆਪਕਾਂ ਵਿੱਚ ਆਪਸੀ ਕੁੜੱਤਣ ਪੈਦਾ ਹੋ ਰਹੀ ਹੈ ਜੋ ਕਿ ਸਮੁੱਚੇ ਅਧਿਆਪਕ ਵਰਗ ਲਈ ਚਿੰਤਾ ਦਾ ਵਿਸ਼ਾ ਹੈ। ਅਧਿਆਪਕ ਜਥੇਬੰਦੀਆਂ ਇਸ ਕੁੜੱਤਣ ਨੂੰ ਘਟਾਉਣ ਅਤੇ ਖਤਮ ਕਰਨ ਲਈ ਲਗਾਤਾਰ ਯਤਨਸ਼ੀਲ ਹਨ । ਅਧਿਆਪਕ ਆਗੂਆਂ ਨੇ ਡੀ.ਆਈ.ਜੀ. ਪਟਿਆਲਾ ਰੇਂਜ ਤੋਂ ਮੰਗ ਕੀਤੀ ਕਿ ਇਸ ਮਾਮਲੇ ਵਿੱਚ ਸੰਗਰੂਰ ਪੁਲਿਸ ਵੱਲੋਂ ਗਠਿਤ ਕੀਤੀ ਗਈ 'ਸਪੈਸ਼ਲ ਇਨਵੈਸਟੀਗੇਸ਼ਨ ਟੀਮ' (SIT) ਜਲਦੀ ਤੋਂ ਜਲਦੀ ਆਪਣੀ ਜਾਂਚ ਮੁਕੰਮਲ ਕਰੇ ਤਾਂ ਕਿ ਮੁਕੱਦਮੇ ਵਿੱਚ ਨਾਮਜ਼ਦ ਅਧਿਆਪਕਾਂ ਨੂੰ ਵੀ ਆਪਣਾ ਪੱਖ ਰੱਖਣ ਦਾ ਮੌਕਾ ਮਿਲ ਸਕੇ। ਉਨ੍ਹਾਂ ਨੂੰ ਦੱਸਿਆ ਗਿਆ ਕਿ ਬੀਤੇ ਕਈ ਦਿਨਾਂ ਤੋਂ ਪੁਲਿਸ ਵਲੋਂ ਅਧਿਆਪਕਾਂ ਦੇ ਘਰਾਂ ਅਤੇ ਸਕੂਲਾਂ ਵਿੱਚ ਕੀਤੀ ਜਾ ਰਹੀ ਛਾਪੇਮਾਰੀ ਕਰਕੇ ਪਰਿਵਾਰਕ ਮੈਂਬਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜਥੇਬੰਦੀਆਂ ਵੱਲੋਂ ਮੰਗ ਕੀਤੀ ਗਈ ਕਿ ਘੱਟੋ ਘੱਟ ਇਸ ਮਾਮਲੇ ਦੀ ਤਫਤੀਸ਼ ਦੌਰਾਨ ਇਸ ਕੇਸ ਵਿੱਚ ਨਾਮਜਦ ਅਧਿਆਪਕਾਂ ਦੀ ਗ੍ਰਿਫਤਾਰੀ ਅਤੇ ਘਰਾਂ ਅਤੇ ਸਕੂਲਾਂ ਉੱਤੇ ਛਾਪੇਮਾਰੀ ਕਰਨ 'ਤੇ ਰੋਕ ਲਗਾਈ ਜਾਵੇ, ਤਾਂ ਜੋ ਸਕੂਲਾਂ ਦਾ ਵਿੱਦਿਅਕ ਮਾਹੌਲ ਪ੍ਰਭਾਵਿਤ ਹੋਣੋ ਬਚ ਸਕੇ। ਡੀ.ਆਈ.ਜੀ. ਵੱਲੋਂ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਬੇਇਨਸਾਫ਼ੀ ਨਾ ਹੋਣ ਦੇਣ ਅਤੇ 'ਸਿਟ' ਨੂੰ ਸਮਾਂਬਧ ਤੇ ਨਿਰਪੱਖ ਜਾਂਚ ਕਰਨ ਦੇ ਨਿਰਦੇਸ਼ ਜਾਰੀ ਕਰਨ ਦਾ ਭਰੋਸਾ ਦਿੱਤਾ ਗਿਆ ਹੈ । ਇਸ ਉਪਰੰਤ ਮੀਟਿੰਗ ਕਰਕੇ ਜਥੇਬੰਦੀਆਂ ਵੱਲੋਂ ਫੈਸਲਾ ਕੀਤਾ ਗਿਆ ਕਿ ਜਲਦ ਹੀ ਸੰਗਰੂਰ ਜਿਲ੍ਹੇ ਦੀਆਂ ਸਮੂਹ ਜਨਤਕ ਅਤੇ ਜਮਹੂਰੀ ਜਥੇਬੰਦੀਆਂ ਦਾ ਇਕੱਠ ਕਰਕੇ ਉਨ੍ਹਾਂ ਅੱਗੇ ਇਸ ਮਾਮਲੇ ਨਾਲ ਸੰਬੰਧਿਤ ਸਾਰੇ ਪੱਖ ਰੱਖੇ ਜਾਣਗੇ । ਇਸ ਮੌਕੇ ਸੁਖਵਿੰਦਰ ਗਿਰ, ਜਗਵਿੰਦਰ ਗਰੇਵਾਲ, ਦੇਵੀ ਦਿਆਲ ਸੰਗਰੂਰ, ਰਘਵੀਰ ਭਵਾਨੀਗੜ੍ਹ, ਜਸਵਿੰਦਰ ਸਿੰਘ ਸਮਾਣਾ, ਕਰਮਜੀਤ ਤਾਮਕੋਟ, ਫਕੀਰ ਸਿੰਘ ਟਿੱਬਾ, ਹਰਵਿੰਦਰ ਰੱਖੜਾ, ਗੁਰਪ੍ਰੀਤ ਖੰਨਾ, ਹਰਜਿੰਦਰ ਅਨੁਪਗੜ੍ਹ, ਕ੍ਰਿਸ਼ਨ ਚੁਹਾਨਕੇ, ਬੱਗਾ ਸਿੰਘ, ਰਣਜੀਤ ਸਿੰਘ ਮਾਨ, ਅਮਨ ਵਸ਼ਿਸ਼ਟ ਅਤੇ ਯਾਦਵਿੰਦਰ ਧੂਰੀ ਵੀ ਹਾਜ਼ਰ ਰਹੇ ।

Related Post