

ਰੱਖਿਆ ਸੇਵਾਵਾਂ ਭਲਾਈ ਵਿਭਾਗ ਨੇ ਮਨਾਇਆ ਵੈਟਰਨਜ ਡੇਅ -ਵਿਭਾਗ ਨੇ 90 ਸਾਲ ਤੋਂ ਵੱਧ ਉਮਰ ਦੇ ਸਾਬਕਾ ਸੈਨਿਕਾਂ ਦਾ ਘਰਾਂ ’ਚ ਜਾ ਕੇ ਕੀਤਾ ਸਨਮਾਨ ਪਟਿਆਲਾ, 14 ਜਨਵਰੀ : ਡਿਪਟੀ ਡਾਇਰੈਕਟਰ, ਰੱਖਿਆ ਸੇਵਾਵਾਂ ਭਲਾਈ ਪੰਜਾਬ ਕਮਾਂਡਰ ਬਲਜਿੰਦਰ ਵਿਰਕ (ਸੇਵਾਮੁਕਤ) ਵੱਲੋਂ ਜਾਰੀ ਹੋਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਪਟਿਆਲਾ ਵਿਖੇ ਵੈਟਰਨਜ ਡੇਅ ਮਨਾਇਆ ਗਿਆ । ਇਸ ਮੌਕੇ ਦਫ਼ਤਰ ਦੇ ਸੁਪਰਡੰਟ ਸੁਖਵੰਤ ਸਿੰਘ ਚੋਪੜਾ, ਪੱਪੀ ਸਿੰਘ, ਫ਼ੀਲਡ ਅਫ਼ਸਰ, ਹਰਵਿੰਦਰ ਸਿੰਘ, ਨਿਰਮਲ ਸਿੰਘ ਵੱਲੋਂ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ 90 ਸਾਲ ਤੋਂ ਵੱਧ ਉਮਰ ਦੇ ਸਾਬਕਾ ਸੈਨਿਕਾਂ ਨੂੰ ਦੇਸ਼ ਪ੍ਰਤੀ ਦਿੱਤੀਆਂ ਗਈਆਂ ਵਡਮੁੱਲੀਆਂ ਸੇਵਾਵਾਂ ਨੂੰ ਸਮਰਪਿਤ ਯਾਦਗਾਰੀ ਚਿੰਨ੍ਹ ਨਾਲ ਉਨ੍ਹਾਂ ਦੇ ਗ੍ਰਹਿ ਨਿਵਾਸ ਸਥਾਨ ਵਿਖੇ ਪਹੁੰਚ ਕਰਦੇ ਹੋਏ ਸਨਮਾਨਿਤ ਕੀਤਾ ਗਿਆ । ਇਨ੍ਹਾਂ ਸਨਮਾਨਿਤ ਕੀਤੀਆਂ ਗਈਆਂ ਸ਼ਖ਼ਸੀਅਤਾਂ ਵਿਚੋਂ ਸਾਬਕਾ ਨਾਇਬ ਸੂਬੇਦਾਰ ਸੁਰਜਨ ਸਿੰਘ (101 ਸਾਲ), ਸਾਬਕਾ ਹਵਲਦਾਰ/ਕਲਰਕ ਤਾਰਾ ਸਿੰਘ (100 ਸਾਲ), ਸੂਬੇਦਾਰ ਰਾਮਸ਼ਰਨ ਦਾਸ, ਹਵਲਦਾਰ ਮੋਹਿੰਦਰ ਸਿੰਘ, ਸਿਪਾਹੀ ਕਪੂਰ ਸਿੰਘ ਸ਼ਾਮਲ ਸਨ। ਸਾਬਕਾ ਸੈਨਿਕ ਨੇ ਇਸ ਮੌਕੇ ਤੇ ਵਿਭਾਗ ਵੱਲੋਂ ਚਲਾਏ ਗਏ ਇਸ ਉਪਰਾਲੇ ਦਾ ਤਹਿ-ਦਿਲੋਂ ਧੰਨਵਾਦ ਕੀਤਾ ।