ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕ ਦਾ ਅਚਨਚੇਤ ਨਿਰੀਖਣ -ਪਟਿਆਲਾ ਜ਼ਿਲ੍ਹੇ ਦੇ ਆਮ ਆਦਮੀ ਕਲੀਨਿਕਾਂ 'ਚ 26 ਲੱਖ ਤੋਂ ਵਧੇਰੇ ਮਰੀਜ਼ਾਂ ਨੇ ਕਰਵਾਇਆ ਇਲਾਜ ਪਟਿਆਲਾ, 21 ਜੂਨ : ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਅੱਜ ਅਚਨਚੇਤ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ ਤੇ ਲੋਕਾਂ ਨਾਲ ਗੱਲਬਾਤ ਕਰਕੇ ਕਲੀਨਿਕ ਦੀ ਕਾਰਗੁਜ਼ਾਰੀ ਦਾ ਜਾਇਜ਼ਾ ਲਿਆ। ਗੁਰਦੁਆਰਾ ਸ੍ਰੀ ਦੁਖਨਿਵਾਰਨ ਸਾਹਿਬ ਨੇੜੇ ਬਣੇ ਆਮ ਆਦਮੀ ਕਲੀਨਿਕ ਦਾ ਦੌਰਾ ਕਰਨ ਮੌਕੇ ਉਨ੍ਹਾਂ ਦੇ ਨਾਲ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਵੀ ਮੌਜੂਦ ਸਨ। ਡਾ. ਪ੍ਰੀਤੀ ਯਾਦਵ ਨੇ ਕਲੀਨਿਕ ਵਿੱਚ ਦਵਾਈ ਲੈਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਵਿਚਾਰ ਲਏ ਅਤੇ ਸਟਾਫ਼ ਬਾਰੇ ਫੀਡ ਬੈਕ ਹਾਸਲ ਕੀਤੀ। ਡੀਸੀ ਨੇ ਕਲੀਨਿਕ ਦੇ ਸਟਾਫ਼ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਆਮ ਆਦਮੀ ਕਲੀਨਿਕ ਮੁੱਖ ਮੰਤਰੀ ਦਾ ਵੱਕਾਰੀ ਪ੍ਰਾਜੈਕਟ ਹਨ ਅਤੇ ਜ਼ਿਲ੍ਹਾ ਵਾਸੀਆਂ ਦੀ ਸਿਹਤ ਸੰਭਾਲ ਲਈ ਵੀ ਇਨ੍ਹਾਂ ਕਲੀਨਿਕਾਂ 'ਤੇ ਵੱਡੀ ਜ਼ਿੰਮੇਵਾਰੀ ਹੈ, ਇਸ ਲਈ ਕਲੀਨਿਕ 'ਚ ਦਵਾਈ ਲੈਣ ਆਏ ਮਰੀਜ਼ਾਂ ਦੀ ਸਹੂਲਤ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਦਾ ਜਾਇਜ਼ਾ ਲੈਣ ਮੌਕੇ ਕਲੀਨਿਕ 'ਚ ਮਿਲਣ ਵਾਲੀਆਂ ਸਹੂਲਤਾਂ ਸਮੇਤ ਹੋਰ ਸੁਧਾਰਾਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਗਈ ਹੈ ਤਾਂ ਜੋ ਨਵੇਂ ਬਣਨ ਵਾਲੇ ਆਮ ਆਦਮੀ ਕਲੀਨਿਕਾਂ ਵਿੱਚ ਹੋਰ ਸੁਧਾਰ ਕੀਤੇ ਜਾ ਸਕਣ। ਇਸ ਮੌਕੇ ਸਿਵਲ ਸਰਜਨ ਡਾ. ਜਗਪਾਲਇੰਦਰ ਸਿੰਘ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ ਵਿੱਚ ਇਸ ਵੇਲੇ 71 ਆਮ ਆਦਮੀ ਕਲੀਨਿਕ ਚੱਲ ਰਹੇ ਹਨ, ਜਿਨ੍ਹਾਂ ਵਿੱਚ 107 ਤਰ੍ਹਾਂ ਦੀਆਂ ਦਵਾਈਆਂ ਅਤੇ 47 ਤਰ੍ਹਾਂ ਦੇ ਲੈਬ ਟੈੱਸਟ ਬਿਲਕੁਲ ਮੁਫ਼ਤ ਕੀਤੇ ਜਾ ਰਹੇ ਹਨ। ਡੀਸੀ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ 26,75,636 ਮਰੀਜ਼ਾਂ ਦਾ ਇਲਾਜ ਕੀਤਾ ਜਾ ਚੁੱਕਾ ਹਨ। ਉਨ੍ਹਾਂ ਡਾਕਟਰਾਂ ਤੇ ਹੋਰ ਅਮਲੇ ਨੂੰ ਕਿਹਾ ਕਿ ਹਰ ਆਏ ਮਰੀਜ਼ ਨੂੰ ਦਵਾਈ ਦੇਣ ਦੇ ਨਾਲ ਨਾਲ ਉਸ ਨੂੰ ਚੰਗੀ ਸਿਹਤ ਲਈ ਸਹੀ ਖ਼ੁਰਾਕ, ਯੋਗ ਅਤੇ ਕਸਰਤ ਕਰਨ ਦਾ ਮਸ਼ਵਰਾ ਵੀ ਦਿੱਤਾ ਜਾਵੇ ਤਾਂ ਜੋ ਲੋਕਾਂ ਦੀ ਸਿਹਤ ਬਿਹਤਰ ਹੋ ਸਕੇ।
