

ਡਿਪਟੀ ਕਮਿਸ਼ਨਰ ਵੱਲੋਂ ਘਨੌਰ ਬੀਡੀਪੀਓ ਦਫ਼ਤਰ ਦਾ ਅਚਨਚੇਤ ਨਿਰੀਖਣ -ਰਜਿਸਟਰਾਂ ‘ਤੇ ਰਿਕਾਰਡ ਦੀ ਸੰਭਾਲ ਚੰਗੀ ਤਰ੍ਹਾਂ ਨਾ ਹੋਣ ਦਾ ਗੰਭੀਰ ਨੋਟਿਸ ਲਿਆ -ਪਿੰਡਾਂ ਦੇ ਵਿਕਾਸ ਤੇ ਲੋਕਾਂ ਦੇ ਕੰਮਾਂ ਦੇ ਨਿਪਟਾਰੇ ‘ਚ ਕੁਤਾਹੀ ਸਾਹਮਣੇ ਆਉਣ ‘ਤੇ ਹੋਵੇਗੀ ਸਖ਼ਤ ਕਾਰਵਾਈ- ਡਾ. ਪ੍ਰੀਤੀ ਯਾਦਵ ਘਨੌਰ, 2 ਜੁਲਾਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਬੀਡੀਪੀਓ ਦਫ਼ਤਰ ਘਨੌਰ ਦਾ ਅਚਨਚੇਤ ਦੌਰਾ ਕਰਕੇ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਇਸ ਦਫ਼ਤਰ ਦੀ ਸਾਫ਼ ਸਫ਼ਾਈ ਤੇ ਰਜਿਸਟਰਾਂ ਵਿੱਚ ਰਿਕਾਰਡ ਦੀ ਸੰਭਾਲ ਚੰਗੀ ਤਰ੍ਹਾਂ ਨਾ ਕੀਤੇ ਜਾਣ ਦਾ ਗੰਭੀਰ ਨੋਟਿਸ ਲਿਆ। ਉਨ੍ਹਾਂ ਬੀਡੀਪੀਓ, ਸੁਪਰਡੈਂਟ, ਲੇਖਾਕਾਰ, ਪੰਚਾਇਤ ਸਕੱਤਰਾਂ, ਏ.ਪੀ.ਓ, ਮਗਨਰੇਗਾ ਕਰਮਚਾਰੀਆਂ ਅਤੇ ਹੋਰ ਅਮਲੇ ਨੂੰ ਹਦਾਇਤ ਕੀਤੀ ਕਿ ਪਿੰਡਾਂ ਦੇ ਵਿਕਾਸ ਕਾਰਜਾਂ ਸਮੇਤ ਲੋਕਾਂ ਦੇ ਕੰਮਾਂ ਦੇ ਨਿਪਟਾਰੇ ਵਿੱਚ ਕੋਈ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਮੌਕੇ ਏਡੀਸੀ ਦਿਹਾਤੀ ਵਿਕਾਸ ਅਮਰਿੰਦਰ ਸਿੰਘ ਟਿਵਾਣਾ ਅਤੇ ਐਸਡੀਐਮ ਰਾਜਪੁਰਾ ਅਵਿਕੇਸ਼ ਗੁਪਤਾ ਵੀ ਮੌਜੂਦ ਸਨ। ਡਾ. ਪ੍ਰੀਤੀ ਯਾਦਵ ਨੇ ਬੀਡੀਪੀਓ ਦਫ਼ਤਰ ਦਾ ਜਾਇਜ਼ਾ ਲੈਂਦਿਆਂ ਹਾਜ਼ਰੀ ਰਜਿਸਟਰ, ਪੰਦਰਵੇਂ ਵਿੱਤ ਕਮਿਸ਼ਨ ਦਾ ‘ਕੇ’ ਰਜਿਸਟਰ, ਲੇਖਾ ਰਿਕਾਰਡ, ਵਰਤੋਂ ਸਰਟੀਫਿਕੇਟਾਂ ਦਾ ਵੇਰਵਾ, ਪੰਜਾਬ ਨਿਰਮਾਣ ਕਾਰਜਾਂ ਦੇ ਵਰਤੋਂ ਸਰਟੀਫਿਕੇਟਸ, ਰਸੀਟ ਤੇ ਡਿਸਪੈਚ ਰਜਿਸਟਰ ਦਾ ਨਿਰੀਖਣ ਕੀਤਾ। ਉਨ੍ਹਾਂ ਨੇ ਚਿੱਠੀ ਪੱਤਰਾਂ ਦੇ ਨਿਪਟਾਰੇ ਲਈ ਗੋਸ਼ਵਾਰਾ ਨਾ ਹੋਣ ਦਾ ਵੀ ਨੋਟਿਸ ਲਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਰਿਕਾਰਡ ਵਿੱਚ ਊਣਤਾਈ ਹੋਣ ‘ਤੇ ਵਿਭਾਗੀ ਕਾਰਵਾਈ ਕੀਤੀ ਜਾਵੇਗੀ।ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਤਹਿਤ ਲੋਕਾਂ ਨੂੰ ਨਿਰਵਿਘਨ, ਸਮਾਂਬੱਧ ਅਤੇ ਪਾਰਦਰਸ਼ੀ ਪ੍ਰਸ਼ਾਸਕੀ ਸੇਵਾਵਾਂ ਪ੍ਰਦਾਨ ਕਰਨ ਵਿੱਚ ਕੋਈ ਢਿੱਲ ਮੱਠ ਨਾ ਵਰਤੀ ਜਾਵੇ। ਉਨ੍ਹਾਂ ਨੇ ਲੰਬਿਤ ਮਾਮਲਿਆਂ ਦਾ ਤੁਰੰਤ ਨਿਪਟਾਰਾ ਕਰਨ ‘ਤੇ ਵੀ ਜ਼ੋਰ ਦਿੱਤਾ । ਇਸ ਮੌਕੇ ਡਿਪਟੀ ਕਮਿਸ਼ਨਰ ਨੇ ਪਿੰਡਾਂ ਦੇ ਓਡੀਐਫ ਸਟੇਟਸ, ਛੱਪੜਾਂ ਦੀ ਸਫ਼ਾਈ, ਮਗਨਰੇਗਾ ਕੰਮਾਂ ਬਾਬਤ ਬਿੱਲਾਂ ਸਮੇਤ ਮਗਨਰੇਗਾ ਕਾਮਿਆਂ ਦੀ ਦਿਹਾੜੀ ਦਾ ਭੁਗਤਾਨ, ਮੈਟੀਰੀਅਲ ਦੀ ਖਰੀਦ ਤੇ ਅਦਾਇਗੀ, ਕੈਸ਼ਬੁੱਕ, ਪੰਚਾਇਤੀ ਜ਼ਮੀਨਾਂ ਤੋਂ ਨਾਜਾਇਜ਼ ਕਬਜ਼ੇ ਛੁਡਾਉਣ ਅਤੇ ਹੋਰ ਸਬੰਧਤ ਮੁੱਦਿਆਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਮਗਨਰੇਗਾ ਏਪੀਓ ਅਤੇ ਪੰਚਾਇਤ ਸਕੱਤਰਾਂ ਤੋਂ ਉਨ੍ਹਾਂ ਦੇ ਕੰਮਾਂ ਤੇ ਕਾਰਵਾਈ ਰਜਿਸਟਰਾਂ ਬਾਬਤ ਪੁੱਛ ਪੜਤਾਲ ਕੀਤੀ। ਇਸ ਮੌਕੇ ਬੀਡੀਪੀਓ ਘਨੌਰ ਜਤਿੰਦਰ ਸਿੰਘ ਢਿੱਲੋਂ ਨੇ ਆਪਣੇ ਦਫ਼ਤਰ ਦੀ ਕਾਰਗੁਜ਼ਾਰੀ ਬਾਰੇ ਜਾਣਕਾਰੀ ਦਿੰਦਿਆਂ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਬਲਾਕ ਵਿੱਚ ਪੰਚਾਇਤਾਂ ਤੇ ਪਿੰਡਾਂ ਦੇ ਵਿਕਾਸ ਸਮੇਤ ਲੋਕਾਂ ਦੇ ਕੰਮਾਂ ਨੂੰ ਸਮਾਂਬੱਧ ਢੰਗ ਨਾਲ ਨਿਪਟਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ।
Related Post
Popular News
Hot Categories
Subscribe To Our Newsletter
No spam, notifications only about new products, updates.