

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅਚਾਨਕ ਪੁੱਜੇ ਤ੍ਰਿਪੜੀ ਸਕੂਲ -ਇਮਤਿਹਾਨਾਂ ਦੀ ਤਿਆਰੀ ਲਈ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ -ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ 'ਚ ਵੀ ਹਿੱਸਾ ਲੈਣ : ਡਾ. ਪ੍ਰੀਤੀ ਯਾਦਵ -ਮਿਡ ਡੇਅ ਮੀਲ ਖਾਣੇ ਦੀ ਕੀਤੀ ਚੈਕਿੰਗ ਪਟਿਆਲਾ, 6 ਮਾਰਚ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਅੱਜ ਅਚਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਤ੍ਰਿਪੜੀ ਵਿਖੇ ਪੁੱਜੇ ਤੇ ਸਕੂਲ ਦਾ ਦੌਰਾ ਕੀਤਾ । ਇਸ ਮੌਕੇ ਉਨ੍ਹਾਂ ਕੰਪਿਊਟਰ ਲੈਬ, ਸਕੂਲ ਵਿੱਚ ਚੱਲ ਰਹੇ ਇਮਤਿਹਾਨਾਂ ਵਾਲੇ ਕਮਰਿਆਂ ਦਾ ਜਾਇਜ਼ਾ ਲੈਣ ਸਮੇਤ ਵਿਦਿਆਰਥੀਆਂ ਲਈ ਬਣੇ ਮਿਡ ਡੇਅ ਮੀਲ ਖਾਣੇ ਦੀ ਵੀ ਚੈਕਿੰਗ ਕੀਤੀ। ਉਨ੍ਹਾਂ ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਗੱਲਬਾਤ ਕੀਤੀ ਅਤੇ ਸਕੂਲ ਬਾਰੇ ਫੀਡ ਬੈਕ ਹਾਸਲ ਕਰਨ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਉਨ੍ਹਾਂ ਦੀਆਂ ਭਵਿੱਖੀ ਯੋਜਨਾ ਸਬੰਧੀ ਗੱਲਬਾਤ ਕੀਤੀ । ਇਸ ਮੌਕੇ ਸਕੂਲ ਪ੍ਰਿੰਸੀਪਲ ਨਰਿੰਦਰ ਕੁਮਾਰ ਵੀ ਮੌਜੂਦ ਸਨ । ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਸਕੂਲ ਪ੍ਰਿੰਸੀਪਲ ਨੂੰ ਈਟ ਰਾਈਟ ਸਬੰਧੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਅਤੇ ਸਕੂਲ ਵਿੱਚ ਬਣੀ ਕੰਟੀਨ ਅੰਦਰ ਖਾਣ ਦੀਆਂ ਵਸਤਾਂ ਦਾ ਮਿਆਰ ਚੈਕ ਕਰਨ ਦੀ ਹਦਾਇਤ ਕੀਤੀ । ਉਨ੍ਹਾਂ ਕਿਹਾ ਕਿ ਸਕੂਲਾਂ 'ਚ ਪੜਦੇ ਇਹ ਵਿਦਿਆਰਥੀ ਸਾਡੇ ਦੇਸ਼ ਦਾ ਭਵਿੱਖ ਹਨ, ਇਸ ਲਈ ਚੰਗੀ ਸਿੱਖਿਆ ਦੇ ਨਾਲ ਨਾਲ, ਚੰਗਾ ਖਾਣਾ, ਖੇਡਾਂ ਤੇ ਹੋਰ ਉਸਾਰੂ ਗਤੀਵਿਧੀਆਂ ਇਨ੍ਹਾਂ ਦੇ ਰੋਜ਼ਾਨਾ ਦੇ ਜੀਵਨ ਦਾ ਹਿੱਸਾ ਹੋਣੀਆਂ ਚਾਹੀਦੀਆਂ ਹਨ । ਉਨ੍ਹਾਂ ਕਿਹਾ ਕਿ ਵਿਦਿਆਰਥੀ ਦੇ ਜੀਵਨ 'ਚ ਅਧਿਆਪਕ ਦੀ ਵੱਡੀ ਭੂਮਿਕਾ ਹੁੰਦੀ ਹੈ, ਇਸ ਲਈ ਅਧਿਆਪਕ ਸਿੱਖਿਆ ਦੇ ਨਾਲ ਨਾਲ ਵਿਦਿਆਰਥੀ ਦੇ ਸਰਵਪੱਖੀ ਵਿਕਾਸ ਵੱਲ ਵੀ ਪੂਰਾ ਧਿਆਨ ਕੇਂਦਰਿਤ ਕਰਨ । ਇਸ ਦੌਰਾਨ ਇਮਤਿਹਾਨ ਦੇ ਕੇ ਆਏ ਵਿਦਿਆਰਥੀਆਂ ਨਾਲ ਡਿਪਟੀ ਕਮਿਸ਼ਨਰ ਨੇ ਗੱਲਬਾਤ ਕਰਦਿਆਂ ਵਿਦਿਆਰਥੀਆਂ ਪਾਸੋਂ ਭਵਿੱਖ ਦੀਆਂ ਯੋਜਨਾ ਬਾਰੇ ਪੁੱਛਿਆ ਤਾਂ ਵਿਦਿਆਰਥੀਆਂ ਵੱਲੋਂ ਡਾਕਟਰ, ਪੁਲਿਸ ਤੇ ਟੀਚਰ ਬਣਨ ਦੀ ਇੱਛਾ ਜਾਹਰ ਕੀਤੀ ਗਈ । ਡਾ. ਪ੍ਰੀਤੀ ਯਾਦਵ ਨੇ ਆਪਣੇ ਟੀਚੇ ਪੂਰੇ ਕਰਨ ਲਈ ਵਿਦਿਆਰਥੀਆਂ ਨੂੰ ਸਖਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ ।