
ਡਿਪਟੀ ਕਮਿਸ਼ਨਰ ਵੱਲੋਂ ਰਾਜਪੁਰਾ ਵਿੱਚ ਟ੍ਰੈਫਿਕ ਸਮੱਸਿਆਵਾਂ ਤੇ ਲੱਗਦੇ ਭਾਰੀ ਜਾਮ ਦਾ ਨਿਰੀਖਣ
- by Jasbeer Singh
- January 11, 2025

ਡਿਪਟੀ ਕਮਿਸ਼ਨਰ ਵੱਲੋਂ ਰਾਜਪੁਰਾ ਵਿੱਚ ਟ੍ਰੈਫਿਕ ਸਮੱਸਿਆਵਾਂ ਤੇ ਲੱਗਦੇ ਭਾਰੀ ਜਾਮ ਦਾ ਨਿਰੀਖਣ -ਗਗਨ ਚੌਂਕ ਤੇ ਟਾਹਲੀ ਵਾਲਾ ਚੌਂਕ ਵਿਖੇ ਆਵਾਜਾਈ ਨਿਯਮਤ ਕਰਨ ਲਈ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ -ਲੋਕ ਵੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਨ : ਡਾ. ਪ੍ਰੀਤੀ ਯਾਦਵ ਰਾਜਪੁਰਾ, 11 ਜਨਵਰੀ: ਡਿਪਟੀ ਕਮਿਸ਼ਨਰ ਪਟਿਆਲਾ ਡਾ. ਪ੍ਰੀਤੀ ਯਾਦਵ ਨੇ ਰਾਜਪੁਰਾ ਸ਼ਹਿਰ ਵਿੱਚ ਟ੍ਰੈਫਿਕ ਭੀੜ ਵਾਲੇ ਸਥਾਨਾਂ ਦਾ ਨਿਰੀਖਣ ਕੀਤਾ । ਉਨ੍ਹਾਂ ਨੇ ਐਸ. ਡੀ. ਐਮ. ਅਵਿਕੇਸ਼ ਗੁਪਤਾ ਨੂੰ ਨਾਲ ਲੈ ਕੇ ਗਗਨ ਚੌਕ, ਜੀ.ਟੀ. ਰੋਡ ਅਤੇ ਟਾਹਲੀ ਵਾਲਾ ਚੌਂਕ ਦੇ ਆਲੇ-ਦੁਆਲੇ ਟ੍ਰੈਫਿਕ ਵਿਵਸਥਾ ਦਾ ਜਾਇਜ਼ਾ ਲਿਆ । ਡਿਪਟੀ ਕਮਿਸ਼ਨਰ ਨੇ ਗੱਡੀਆਂ ਦੀ ਭਾਰੀ ਭੀੜ ਤੇ ਜਾਮ ਵਾਲੀ ਸਥਿਤੀ ਨੂੰ ਗੰਭੀਰਤਾ ਨਾਲ ਲੈਂਦੇ ਹੋਏ, ਉਨ੍ਹਾਂ ਨੇ ਸੁਚਾਰੂ ਆਵਾਜਾਈ ਪ੍ਰਵਾਹ ਨੂੰ ਯਕੀਨੀ ਬਣਾਉਣ ਲਈ ਵਿਆਪਕ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਅਤੇ ਸਥਾਨਕ ਪ੍ਰਸ਼ਾਸਨ ਨੂੰ ਭੀੜ ਘਟਾਉਣ ਲਈ ਤੁਰੰਤ ਉਪਾਅ ਲਾਗੂ ਕਰਨ ਦੇ ਨਿਰਦੇਸ਼ ਦਿੱਤੇ । ਡਾ. ਪ੍ਰੀਤੀ ਯਾਦਵ ਨੇ ਐਸ. ਡੀ. ਐਮ. ਅਵਿਕੇਸ਼ ਗੁਪਤਾ ਨੂੰ ਨੇੜਲੇ ਉਦਯੋਗਾਂ ਦੇ ਪ੍ਰਤੀਨਿਧੀਆਂ ਨਾਲ ਇੱਕ ਮੀਟਿੰਗ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਉਦਯੋਗਾਂ ਲਈ ਚੱਲਦੇ ਟਰੱਕਾਂ ਅਤੇ ਭਾਰੀ ਵਾਹਨਾਂ ਲਈ ਸਮਰਪਿਤ ਲੇਨ ਬਣਾਉਣ ਲਈ ਇੱਕ ਯੋਜਨਾ ਤਿਆਰ ਕੀਤੀ ਜਾ ਸਕੇ । ਇਸ ਪਹਿਲ ਦਾ ਉਦੇਸ਼ ਜੀ. ਟੀ. ਰੋਡ ਅਤੇ ਚੰਡੀਗੜ੍ਹ ਰੋਡ 'ਤੇ ਅਜਿਹੇ ਵਾਹਨਾਂ ਕਾਰਨ ਹੋਣ ਲੱਗਦੇ ਗੱਡੀਆਂ ਦੇ ਜਾਮ ਨੂੰ ਘਟਾਉਣਾ ਆਵਾਜਾਈ ਨੂੰ ਸੁਚਾਰੂ ਬਣਾਉਣਾ ਹੈ । ਡਿਪਟੀ ਕਮਿਸ਼ਨਰ ਨੇ ਸਥਾਨਕ ਟ੍ਰੈਫਿਕ ਪੁਲਸ ਨੂੰ ਟ੍ਰੈਫਿਕ ਨੂੰ ਸਰਗਰਮੀ ਨਾਲ ਨਿਯਮਤ ਕਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ । ਉਨ੍ਹਾਂ ਨੇ ਪੁਲਿਸ ਨੂੰ ਜਿਆਦਾ ਭੀੜ ਵਾਲੇ ਸਮੇਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ ਅਤੇ ਗਗਨ ਚੌਂਕ ਵਿਖੇ ਦੋਵਾਂ ਮੋੜਾਂ ਉੱਤੇ ਖੜ੍ਹਦੀਆਂ ਬੱਸਾਂ ਦਾ ਸਟਾਪੇਜ ਨੂੰ ਚੰਡੀਗੜ੍ਹ ਰੋਡ ਤੇ ਪਟਿਆਲਾ ਰੋਡ ਵੱਲ ਥੋੜ੍ਹਾ ਹੋਰ ਅੱਗੇ ਤਬਦੀਲ ਕਰਨ ਦਾ ਸੁਝਾਅ ਦਿੱਤਾ। ਇਸ ਤਬਦੀਲੀ ਨਾਲ ਮੌਜੂਦਾ ਥਾਵਾਂ 'ਤੇ ਰੋਜ਼ਾਨਾ ਯਾਤਰੀਆਂ ਦੁਆਰਾ ਬੱਸਾਂ ਵਿੱਚ ਚੜ੍ਹਨ ਉਤਰਨ ਕਾਰਨ ਹੋਣ ਵਾਲੀ ਭੀੜ ਨੂੰ ਘਟਾਉਣ ਦੀ ਉਮੀਦ ਹੈ । ਟਾਹਲੀ ਚੌਕ ਦੇ ਆਪਣੇ ਦੌਰੇ ਦੌਰਾਨ, ਡਾ. ਪ੍ਰੀਤੀ ਯਾਦਵ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਸੜਕਾਂ ਵਿੱਚ ਰੁਕਾਵਟ ਪਾਉਣ ਵਾਲੇ ਕਬਜ਼ੇ ਹਟਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਫਲ ਅਤੇ ਸਬਜ਼ੀ ਵਿਕਰੇਤਾਵਾਂ ਨੂੰ ਸੜਕ ਦੀ ਜਗ੍ਹਾ 'ਤੇ ਰੇਹੜੀਆਂ ਲਗਾਉਣ ਦੀ ਬਜਾਏ ਆਪਣੇ ਨਿਰਧਾਰਤ ਸਥਾਨਾਂ ‘ਤੇ ਹੀ ਰਹਿਣਾ ਚਾਹੀਦਾ ਹੈ, ਕਿਉਂਕਿ ਕਬਜ਼ੇ ਅਜਿਹੇ ਨਾਜਾਇਜ਼ ਕਬਜ਼ਿਆਂ ਕਾਰਨ ਟ੍ਰੈਫਿਕ ਰੁਕਾਵਟ ਪੈਦਾ ਹੁੰਦੀ ਹੈ । ਐਸ. ਡੀ. ਐਮ. ਅਵਿਕੇਸ਼ ਗੁਪਤਾ ਅਤੇ ਸਥਾਨਕ ਟ੍ਰੈਫਿਕ ਪੁਲਿਸ ਨੇ ਡਿਪਟੀ ਕਮਿਸ਼ਨਰ ਨੂੰ ਪਛਾਣੇ ਗਏ ਮੁੱਦਿਆਂ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸੜਕਾਂ ਨੂੰ ਸਾਫ਼ ਕਰਨ ਅਤੇ ਰਾਜਪੁਰਾ ਸ਼ਹਿਰ, ਜਿਸ ਵਿੱਚ ਟਾਹਲੀ ਵਾਲਾ ਚੌਕ ਅਤੇ ਭਾਰੀ ਰਸ਼ ਵਾਲੇ ਗਗਨ ਚੌਕ ਵਿਖੇ ਆਵਾਜਾਈ ਦਿੱਕਤਾਂ ਨੂੰ ਘਟਾਉਣ ਲਈ ਹੱਲ ਕਰਨ ਲਈ ਠੋਸ ਕਦਮ ਚੁੱਕਣ ਦੀ ਵਚਨਬੱਧਤਾ ਪ੍ਰਗਟਾਈ । ਡਿਪਟੀ ਕਮਿਸ਼ਨਰ ਨੇ ਟ੍ਰੈਫਿਕ ਸਥਿਤੀਆਂ ਨੂੰ ਬਿਹਤਰ ਬਣਾਉਣ ਲਈ ਆਪਣੀ ਵਚਨਬੱਧਤਾ ਦੁਹਰਾਉਂਦਿਆਂ ਸਾਰੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਤਾਲਮੇਲ ਨਾਲ ਕੰਮ ਕਰਨ ਦੀ ਤਕੀਦ ਕੀਤੀ ਤਾਂ ਜੋ ਸ਼ਹਿਰ ਵਸਨੀਕਾਂ ਅਤੇ ਰਾਹਗੀਰਾਂ ਲਈ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਇਆ ਜਾ ਸਕੇ ।
Related Post
Popular News
Hot Categories
Subscribe To Our Newsletter
No spam, notifications only about new products, updates.