post

Jasbeer Singh

(Chief Editor)

Patiala News

ਡਾਈਰੀਆ (ਊਲਟੀਆਂ ਦਸਤ) ਰੋਕਥਾਮ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ

post-img

ਡਾਈਰੀਆ (ਊਲਟੀਆਂ ਦਸਤ) ਰੋਕਥਾਮ ਲਈ ਡਿਪਟੀ ਕਮਿਸ਼ਨਰ ਵੱਲੋਂ ਅਧਿਕਾਰੀਆਂ ਨੂੰ ਸਖ਼ਤ ਹਦਾਇਤਾਂ ਬਰਸਾਤੀ ਮੌਸਮ ਵਿੱਚ ਚੁਕੰਨੇ ਰਹਿਣ ਦੇ ਆਦੇਸ਼ ਸਿਹਤ ਵਿਭਾਗ ਨੂੰ ਜਾਗਰੁਕਤਾ ਕੈਂਪ ਲਗਾਉਣ ਲਈ ਕਿਹਾ ਆਸ਼ਾ ਵਰਕਰਾਂ ਨੂੰ ਘਰ-ਘਰ ਸਰਵੇ ਕਰਨ ਲਈ ਆਦੇਸ਼ ਗੈਰ-ਕਾਨੂੰਨੀ ਕੁਨੈਕਸ਼ਨ ਕੱਟਣ ‘ ਤੇ ਜ਼ੋਰ ਪਟਿਆਲਾ 7 ਜੁਲਾਈ : ਡਾਈਰੀਆ (ਊਲਟੀਆਂ ਦਸਤ) ਬਿਮਾਰੀ ਦੀ ਰੋਕਥਾਮ ਲਈ ਡਿਪਟੀ ਕਮਿਸ਼ਨਰ ਡਾ: ਪ੍ਰੀਤੀ ਯਾਦਵ ਨੇ ਸਮੂਹ ਐਸ.ਡੀ.ਐਮਜ਼, ਸਿਵਲ ਸਰਜਨ ਅਧਿਕਾਰੀ ਅਤੇ ਸਮੂਹ ਐਸ.ਐਮ.ਓਜ਼ ਅਤੇ ਨਗਰ ਨਿਗਮ ਦੇ ਸਮੂਹ ਅਧਿਕਾਰੀਆਂ ਨੂੰ ਬਰਸਾਤਾਂ ਦੇ ਮੌਸਮ ਵਿੱਚ ਚੁਕੰਨੇ ਰਹਿਣ ਦੀ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਕਿਹਾ ਕਿ ਸਮੂਹ ਸਬੰਧਤ ਅਧਿਕਾਰੀ ਆਪਣੀ ਆਪਣੀ ਜੁੰਮੇਵਾਰੀ ਨੂੰ ਸਮਝਦਿਆਂ ਬਿਨਾਂ ਕਿਸੇ ਲਾਪਰਵਾਹੀ ਦੇ ਇਸ ਬਿਮਾਰੀ ਤੋਂ ਨਿਜਾਤ ਪਾਉਣ ਵਿੱਚ ਆਪਣਾ ਯੋਗਦਾਨ ਦੇਣ।ਉਹਨਾਂ ਸਮੂਹ ਐਸ.ਡੀ.ਐਮਜ਼ ਨੂੰ ਕਿਹਾ ਕਿ ਉਹ ਆਪਣੇ ਇਲਾਕਿਆਂ ਵਿੱਚ ਨਗਰ ਨਿਗਮ ਕਮੇਟੀਆਂ ਦੇ ਈ.ਓ.ਜ਼ ਅਤੇ ਵਾਟਰ ਸਪਲਾਈ ਮਹਿਕਮਿਆਂ ਨਾਲ ਤਾਲਮੇਲ ਕਰਦੇ ਹੋਏ ਪਿਛਲੇ ਪੰਜਾ ਸਾਲਾਂ ਦੌਰਾਨ ਪ੍ਰਭਾਵਿਤ ਰਹੇ ਇਲਾਕਿਆਂ ਦੀ ਐਚ2ਐਸ ਕਿਟਾਂ ਰਾਹੀਂ ਲੋਕਲ ਟੈਸਟ ਕਰਨਗੇ ਅਤੇ ਖਰਾਬ ਪਾਏ ਜਾਣ ਵਾਲੇ ਸੈਂਪਲਾਂ ਦੀ ਪੁਸ਼ਟੀ ਲੈਬ ਰਾਹੀਂ ਕਰਵਾਉਣੀ ਯਕੀਨੀ ਬਨਾਉਣਗੇ । ਡਾ. ਪ੍ਰੀਤੀ ਯਾਦਵ ਨੇ ਸਪਸ਼ਟ ਤੌਰ ‘ਤੇ ਅਧਿਕਾਰੀਆਂ ਨੂੰ ਕਿਹਾ ਕਿ ਗੰਦੇ ਪਾਣੀ ਨੂੰ ਚੈਕ ਕਰਨ ਵਿੱਚ ਸਮਾਂ ਗਵਾਉਣ ਦੀ ਲੋੜ ਨਹੀ ਹੈ, ਸਿੱਧੀ ਅਤੇ ਜਲਦੀ ਕਾਰਵਾਈ ਕਰਦੇ ਹੋਏ ਸਾਫ਼ ਅਤੇ ਪੀਣ ਯੋਗ ਪਾਣੀ ਦੀ ਪਹੁੰਚ ਲੋਕਾਂ ਤੱਕ ਬਿਨਾਂ ਕਿਸੇ ਦੇਰੀ ਤੋਂ ਯਕੀਨੀ ਬਣਾਈ ਜਾਵੇ। ਉਹਨਾਂ ਇਹ ਵੀ ਹਦਾਇਤ ਦਿੱਤੀ ਕਿ ਕਿਸੇ ਵੀ ਕਿਸਮ ਦੀ ਲਾਪਰਵਾਹੀ ਨਾ ਹੋਵੇ ਅਤੇ ਜਲ ਸਪਲਾਈ ਸਿਸਟਮ ਨੂੰ ਸੁਰੱਖਿਅਤ ਅਤੇ ਸਾਫ਼ ਬਣਾਉਣ ਲਈ ਤੁਰੰਤ ਕ਼ਦਮ ਚੁੱਕੇ ਜਾਣ । ਡਿਪਟੀ ਕਮਿਸ਼ਨਰ ਨੇ ਕਿਹਾ ਕਿ ਡਾਇਰੀਆ (ਊਲਟੀਆਂ ਦਸਤ) ਵਿਰੁੱਧ ਲੜਾਈ ਸਿਰਫ਼ ਸਰਕਾਰੀ ਸਹਿਯੋਗ ਨਾਲ ਹੀ ਨਹੀ, ਸਗੋਂ ਲੋਕਾਂ ਦੀ ਭਾਗੀਦਾਰੀ ਨਾਲ ਹੀ ਸੰਭਵ ਹੈ । ਇਸ ਲਈ ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਗਰੁਕਤਾ ਕੈਂਪ ਲਗਾਉਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਕੈਂਪ ਲੋਕਾਂ ਵਿੱਚ ਡਾਇਰੀਆ (ਊਲਟੀਆਂ ਦਸਤ) ਦੀ ਰੋਕਥਾਮ, ਸਿਹਤਮੰਦ ਰਹਿਣ ਦੇ ਤਰੀਕਿਆਂ , ਸਾਫ਼ ਸੁਥਰਾ ਪਾਣੀ ਅਤੇ ਸੁਰੱਖਿਅਤ ਖੁਰਾਕ ਬਾਰੇ ਜਾਣਕਾਰੀ ਦੇਣਗੇ। ਉਹਨਾਂ ਕਿਹਾ ਕਿ ਇਹਨਾਂ ਕੈਂਪਾਂ ਨਾਲ ਡਾਇਰੀਆ ਦੇ ਫੈਲਾਅ ਨੂੰ ਰੋਕਣ ਵਿੱਚ ਸਹਾਇਤਾ ਮਿਲੇਗੀ। ਉਹਨਾਂ ਸਮੂਹ ਐਸ.ਐਮ.ਓ.ਜ਼ ਨੂੰ ਆਪਣੇ ਇਲਾਕੇ ਵਿੱਚ ਆਉਣ ਵਾਲੇ ਡਾਇਰੀਆ (ਊਲਟੀਆਂ ਦਸਤ) ਦੇ ਕੇਸਾਂ ਦੀ ਜਾਣਕਾਰੀ ਰੋਜ਼ਾਨਾ ਇਕੱਤਰ ਕਰਕੇ ਸਿਵਲ ਸਰਜਨ ਦਫਤਰ ਵਿਖੇ ਪੁਜੱਦੀ ਕਰਨ ਦੇ ਆਦੇਸ਼ ਦਿੱਤੇ । ਉਹਨਾਂ ਸਿਵਲ ਸਰਜਨ ਨੂੰ ਕਿਹਾ ਕਿ ਆਸ਼ਾ ਵਰਕਰਾਂ ਦੀ ਡਿਊਟੀ ਲਗਾਈ ਜਾਵੇ ਕਿ ਉਹ ਘਰ ਘਰ ਜਾ ਕੇ ਸਰਵੇ ਕਰਨ ਅਤੇ ਸਿਹਤ ਸਬੰਧੀ ਜਾਣਕਾਰੀ ਇਕੱਠੀ ਕਰਨ ਵਿੱਚ ਆਪਣੀ ਭੂਮਿਕਾ ਨਿਭਾਉਣ । ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਪਿੰਡ ਅਲੀਪੁਰ ਅਰਾਈਆਂ ਵਿਖੇ ਪਾਣੀ ਦੀ ਸਪਲਾਈ ਕੀਤੀ ਜਾ ਰਹੀ ਕੁਆਲਟੀ ਦੀ ਦੁਬਾਰਾ ਜਾਂਚ ਕੀਤੀ ਜਾਵੇ ਅਤੇ ਲੋਕਾਂ ਵੱਲੋਂ ਕੀਤੀ ਜਾ ਰਹੀ ਗੰਦਲਾ ਪਾਣੀ ਆਉਣ ਦੀ ਸ਼ਿਕਾਇਤ ਜਾਂ ਤਾਂ ਤੁਰੰਤ ਠੀਕ ਕੀਤੀ ਜਾਵੇ ਜਾਂ ਠੀਕ ਹੋਣ ਤੱਕ ਪਾਣੀ ਦੀ ਸਪਲਾਈ ਬੰਦ ਕੀਤੀ ਜਾਵੇ ਤਾਂ ਜੋ ਨਵੇਂ ਕੇਸਾਂ ‘ ਚ ਵਾਧਾ ਨਾ ਹੋਵੇ। ਉਹਨਾਂ ਡਾਇਰੀਆ ਰੋਕਥਾਮ ਲਈ ਗੈਰਕਾਨੂੰਨੀ ਕੁਨੈਕਸ਼ਨਾਂ ਨੂੰ ਕੱਟਣ ਲਈ ਵੀ ਸਖ਼ਤ ਹਦਾਇਤਾਂ ਜਾਰੀ ਕੀਤੀਆਂ। ਉਹਨਾਂ ਕਿਹਾ ਕਿ ਇਹ ਗੈਰ ਕਾਨੂੰਨੀ ਕੁਨੈਕਸ਼ਨ ਪਾਣੀ ਦੀ ਸਪਲਾਈ ਸਿਸਟਮ ਵਿੱਚ ਰੁਕਾਵਟ ਬਣ ਰਹੇ ਹਨ। ਉਹਨਾਂ ਕਿਹਾ ਕਿ ਇਹ ਕਦਮ ਪਾਣੀ ਦੀ ਸਾਫ਼ ਸੁਥਰੀ ਸਪਲਾਈ ਨੂੰ ਯਕੀਨੀ ਬਨਾਉਣ ਲਈ ਲਏ ਜਾ ਰਹੇ ਹਨ ਜਿਸ ਨਾਲ ਪਾਣੀ ਵਿੱਚ ਬੈਕਟੀਰੀਆ ਦਾ ਫੈਲਾਅ ਰੋਕਿਆ ਜਾ ਸਕੇਗਾ ਅਤੇ ਲੋਕਾਂ ਦੀ ਸਿਹਤ ਤੇ ਸਕਾਰਾਤਮਕ ਪ੍ਰਭਾਵ ਪਵੇਗਾ । ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨਵਰੀਤ ਕੌਰ ਸੇਖੋਂ, ਐਸ.ਡੀ.ਐਮ. ਗੁਰਦੇਵ ਸਿੰਘ ਧੰਮ, ਸਿਵਲ ਸਰਜਨ ਜਗਪਾਲਇੰਦਰ ਸਿੰਘ , ਐਸ.ਐਮ.ਓ. ਡਾ ਨਾਗਰਾ ਸਮੂਹ ਐਸ.ਐਮ.ਓਜ਼ ਅਤੇ ਜ਼ਿਲ੍ਹਾ ਅਪੀਡੀਮੋਲੋਜਿਸਟ ਡਾ: ਸੁਮੀਤ ਸਿੰਘ ਤੋਂ ਇਲਾਵਾ ਨਗਰ ਨਿਗਮ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।

Related Post