
ਟਿਵਾਣਾ ਚੌਂਕ ਤੋਂ ਸੋਮਵਾਰ ਦੀ ਮੰਡੀ ਤੱਕ ਮਾਡਲ ਟਾਊਨ ਡਰੇਨ 'ਤੇ ਚੱਲਣਗੇ ਦੋ-ਪਹੀਆਂ ਤੇ ਹਲਕੇ ਵਾਹਨ; ਟਰੈਫ਼ਿਕ ਸਮੱਸਿਆ ਤੋ
- by Jasbeer Singh
- July 7, 2025

ਟਿਵਾਣਾ ਚੌਂਕ ਤੋਂ ਸੋਮਵਾਰ ਦੀ ਮੰਡੀ ਤੱਕ ਮਾਡਲ ਟਾਊਨ ਡਰੇਨ 'ਤੇ ਚੱਲਣਗੇ ਦੋ-ਪਹੀਆਂ ਤੇ ਹਲਕੇ ਵਾਹਨ; ਟਰੈਫ਼ਿਕ ਸਮੱਸਿਆ ਤੋਂ ਮਿਲੇਗੀ ਨਿਜਾਤ : ਡਾ. ਬਲਬੀਰ ਸਿੰਘ ਸਿਹਤ ਮੰਤਰੀ ਵੱਲੋਂ ਮਾਡਲ ਟਾਊਨ ਡਰੇਨ 'ਚ ਬਣੀਆਂ ਬਰਸਾਤੀ ਪਾਣੀ ਵਾਲੀਆਂ ਹੋਦੀਆਂ ਦੀ ਸਫ਼ਾਈ ਤੇ ਸੁੱਖਿਆ ਲਈ ਆਲੇ ਦੁਆਲੇ ਗਰਿੱਲ ਲਗਾਉਣ ਦੇ ਨਿਰਦੇਸ਼ -ਡੇਅਰੀ ਮਾਲਕ ਮਾਡਲ ਟਾਊਨ ਡਰੇਨ 'ਚ ਨਾ ਪਾਉਣ ਗੋਹਾ-ਕੂੜਾ -ਮਾਡਲ ਟਾਊਨ ਡਰੇਨ ਦੇ ਕਵਰ ਹੋਣ ਨਾਲ ਖੇਤਰ ਦੀ ਬਦਲੀ ਨੁਹਾਰ; 25 ਕਰੋੜ ਦੀ ਲਾਗਤ ਨਾਲ ਹੋਏ ਸੁਧਾਰਾਂ ਦੀ ਲੋਕ ਕਰਨ ਸੰਭਾਲ ਪਟਿਆਲਾ, 7 ਜੁਲਾਈ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਮਾਡਲ ਟਾਊਨ ਡਰੇਨ ਦਾ ਦੌਰਾ ਕਰਕੇ ਇਸ ਖੇਤਰ ਦੀ ਟਰੈਫ਼ਿਕ ਦੀ ਸਮੱਸਿਆ ਹੱਲ ਕਰਨ ਲਈ ਭਾਦਸੋਂ ਰੋਡ ਟਿਵਾਣਾ ਚੌਂਕ ਤੋਂ ਦੀਪ ਤੇ ਵਿਕਾਸ ਨਗਰ ਸੋਮਵਾਰ ਦੀ ਮੰਡੀ ਤੱਕ ਡਰੇਨ 'ਤੇ ਦੋ ਪਹੀਆਂ ਤੇ ਹਲਕੇ ਵਾਹਨ ਚਲਾਉਣ ਲਈ ਸਬੰਧਤ ਵਿਭਾਗਾਂ ਨੂੰ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਡਰੇਨ 'ਤੇ ਬਣੀਆਂ ਬਰਸਾਤੀ ਪਾਣੀ ਦੀਆਂ ਹੋਦੀਆਂ ਦੀ ਸਫ਼ਾਈ ਤੇ ਸੁਰੱਖਿਆ ਲਈ ਹੋਦੀਆਂ ਦੇ ਆਲੇ-ਦੁਆਲੇ ਗਰਿੱਲ ਲਗਾਉਣ ਦੀ ਹਦਾਇਤ ਕੀਤੀ। ਉਨ੍ਹਾਂ ਡੇਅਰੀ ਮਾਲਕਾਂ ਨੂੰ ਮਾਡਲ ਟਾਊਨ ਡਰੇਨ ਵਿੱਚ ਗੋਹਾ-ਕੂੜਾ ਨਾ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਏ.ਡੀ.ਸੀ. ਨਵਰੀਤ ਕੌਰ ਸੇਖੋਂ ਤੇ ਹੋਰ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ । ਡਾ. ਬਲਬੀਰ ਸਿੰਘ ਨੇ ਕਿਹਾ ਕਿ ਲਗਭਗ ਦੋ ਸਾਲ ਪਹਿਲਾ 25.60 ਕਰੋੜ ਰੁਪਏ ਦੀ ਲਾਗਤ ਨਾਲ ਮਾਡਲ ਟਾਊਨ ਡਰੇਨ ਨੂੰ ਕਵਰ ਕੀਤਾ ਗਿਆ ਸੀ, ਜਿਸ ਨਾਲ ਇਸ ਖੇਤਰ ਦੀ ਨੁਹਾਰ ਬਦਲ ਗਈ ਹੈ। ਉਨ੍ਹਾਂ ਕਿਹਾ ਕਿ ਭਾਦਸੋਂ ਰੋਡ ਦੇ ਦਰਜਨਾਂ ਕਲੋਨੀਆਂ ਸਮੇਤ ਸਿਊਣਾ ਤੇ ਹੋਰ ਪਿੰਡਾਂ ਨੂੰ ਰਸਤਾ ਜਾਣ ਕਰਕੇ ਟਿਵਾਣਾ ਚੌਂਕ 'ਤੇ ਸਵੇਰ ਤੇ ਸ਼ਾਮ ਸਮੇਂ ਟਰੈਫ਼ਿਕ ਦੀ ਵੱਡੀ ਸਮੱਸਿਆ ਰਹਿੰਦੀ ਹੈ ਜਿਸ ਨੂੰ ਹੱਲ ਕਰਨ ਲਈ ਟਿਵਾਣਾ ਚੌਂਕ ਤੋਂ ਸੋਮਵਾਰ ਦੀ ਮੰਡੀ ਤੱਕ ਡਰੇਨ 'ਤੇ ਦੋ ਪਹੀਆਂ ਤੇ ਹਲਕੇ ਵਾਹਨ ਚਲਾਏ ਜਾਣ 'ਤੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਡਲ ਟਾਊਨ ਡਰੇਨ ਦਾ ਮੁੱਖ ਕੰਮ ਬਰਸਾਤੀ ਪਾਣੀ ਦੀ ਨਿਕਾਸੀ ਦਾ ਹੈ ਪਰ ਕੁਝ ਡੇਅਰੀ ਮਾਲਕਾਂ ਵੱਲੋਂ ਇਸ ਵਿੱਚ ਗੋਹਾ-ਕੂੜਾ ਪਾਇਆ ਜਾ ਰਿਹਾ ਹੈ ਜੋ ਕਿ ਡਰੇਨ ਨੂੰ ਚੋਕ ਕਰ ਦੇਵੇਗਾ ਤੇ ਕਰੋੜਾਂ ਰੁਪਏ ਨਾਲ ਕਵਰ ਕੀਤੀ ਡਰੇਨ ਨੂੰ ਦੁਬਾਰਾ ਪੁੱਟ ਕੇ ਸਾਫ਼ ਕਰਨਾ ਬਹੁਤ ਮੁਸ਼ਕਲ ਹੈ, ਇਸ ਲਈ ਡੇਅਰੀ ਮਾਲਕ ਗੋਹਾ-ਕੂੜਾ ਡਰੇਨ ਵਿੱਚ ਨਾ ਪਾਉਣ। ਸਿਹਤ ਮੰਤਰੀ ਨੇ ਕਿਹਾ ਕਿ ਇਸ ਡਰੇਨ ਦੇ ਆਲੇ ਦੁਆਲੇ ਪਟਿਆਲਾ ਸ਼ਹਿਰ ਅਧੀਨ ਆਉਂਦੇ ਹਸਨਪੁਰ, ਸਿਉਣਾ, ਝਿਲ, ਰਣਜੀਤ ਨਗਰ, ਵਿਕਾਸ ਨਗਰ, ਦੀਪ ਨਗਰ, ਆਨੰਦ ਨਗਰ, ਏਕਤਾ ਵਿਹਾਰ, ਪ੍ਰੇਮ ਨਗਰ, ਅਬਲੋਵਾਲ, ਆਦਰਸ਼ ਕਾਲੋਨੀ, ਸਰਾਭਾ ਨਗਰ, ਬਾਬੂ ਸਿੰਘ ਕਾਲੌਨੀ ਆਦਿ ਸਾਹਿਰੀ ਕਾਲੋਨੀਆਂ ਵਸਦੀਆਂ ਹਨ, ਇੱਥੋਂ ਦੇ ਵਸਨੀਕਾਂ ਨੂੰ ਇਸ ਡਰੇਨ ਦੇ ਵਿਕਸਤ ਹੋਣ ਨਾਲ ਵੱਡਾ ਲਾਭ ਮਿਲਿਆ ਹੈ। ਉਨ੍ਹਾਂ ਸਥਾਨਕ ਵਸਨੀਕਾਂ ਨੂੰ ਆਪਣੇ ਮੁਹੱਲੇ ਦੀਆਂ ਸੁਸਾਇਟੀਆਂ ਬਣਾ ਕੇ ਡਰੇਨ 'ਤੇ ਬਣਾਏ ਗਏ ਪਾਰਕਾਂ ਦੀ ਸਾਂਭ ਸੰਭਾਲ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਸਭਨਾਂ ਦੇ ਸਹਿਯੋਗ ਨਾਲ ਪਟਿਆਲਾ ਦਿਹਾਤੀ ਦੇ ਇਸ ਖੇਤਰ ਨੂੰ ਹੋਰ ਸੋਹਣਾ ਬਣਾਇਆ ਜਾਵੇਗਾ। ਇਸ ਮੌਕੇ ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਪਿਊਸ਼ ਅਗਰਵਾਲ, ਕੌਸਲਰ ਜਸਬੀਰ ਗਾਂਧੀ, ਨਗਰ ਨਿਗਮ ਦੇ ਐਸ.ਈ. ਗੁਰਪ੍ਰੀਤ ਸਿੰਘ ਵਾਲੀਆ, ਐਕਸੀਅਨ ਜੇ.ਪੀ. ਸਿੰਘ, ਐਕਸੀਅਨ ਮੰਡੀ ਬੋਰਡ ਅੰਮ੍ਰਿਤਪਾਲ ਸਿੰਘ, ਜੈ ਸ਼ੰਕਰ, ਸਰਪੰਚ ਸੰਜੀਵ ਰਾਏ, ਸੁਰੇਸ਼ ਰਾਏ ਸਮੇਤ ਵੱਡੀ ਗਿਣਤੀ ਇਲਾਕਾ ਨਿਵਾਸੀ ਮੌਜੂਦ ਸਨ।