
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅਧਿਕਾਰੀਆਂ ਨੂੰ ਚੌਕਸੀ ਵਧਾਉਣ ਦੇ ਆਦੇਸ਼
- by Jasbeer Singh
- August 14, 2024

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਅਧਿਕਾਰੀਆਂ ਨੂੰ ਚੌਕਸੀ ਵਧਾਉਣ ਦੇ ਆਦੇਸ਼ ਘੱਗਰ ਸਮੇਤ ਹੋਰ ਬਰਸਾਤੀ ਨਾਲਿਆਂ ਤੇ ਸੂਇਆਂ ’ਚ ਪਾਣੀ ਦੇ ਪੱਧਰ ’ਤੇ ਨਜ਼ਰ ਰੱਖਣ ਦੀ ਹਦਾਇਤ ਡਿਪਟੀ ਕਮਿਸ਼ਨਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ ਪ੍ਰਸ਼ਾਸਨ ਕਿਸੇ ਵੀ ਅਣਸੁਖਾਵੀਂ ਸਥਿਤੀ ਨਾਲ ਨਜਿੱਠਣ ਲਈ ਵਚਨਬੱਧ: ਡਿਪਟੀ ਕਮਿਸ਼ਨਰ ਸੰਗਰੂਰ, 14 ਅਗਸਤ : ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਬਾਰੇ ਸਮੀਖਿਆ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਘੱਗਰ ਦਰਿਆ ਸਮੇਤ ਜ਼ਿਲ੍ਹੇ ਵਿੱਚੋਂ ਲੰਘਦੇ ਬਰਸਾਤੀ ਨਾਲਿਆਂ, ਨਹਿਰਾਂ, ਸੂਇਆਂ ਵਿੱਚ ਪਾਣੀ ਦੇ ਪੱਧਰ ’ਤੇ ਨਿਰੰਤਰ ਚੌਕਸੀ ਰੱਖਣ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਭਾਰੀ ਬਾਰਿਸ਼ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਅਹਿਤਿਆਤੀ ਪੱਧਰ ’ਤੇ ਹਰ ਇੰਤਜ਼ਾਮ ਨੂੰ ਸਮੇਂ ਸਿਰ ਯਕੀਨੀ ਬਣਾਇਆ ਜਾਵੇ। ਉਨ੍ਹਾਂ ਨੇ ਉਪ ਮੰਡਲ ਮੈਜਿਸਟਰੇਟਾਂ, ਡਰੇਨੇਜ਼ ਵਿਭਾਗ, ਨਹਿਰੀ ਵਿਭਾਗ, ਪੰਚਾਇਤੀ ਰਾਜ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਮੰਡੀ ਬੋਰਡ, ਪਾਵਰਕੌਮ, ਸਥਾਨਕ ਸਰਕਾਰਾਂ ਵਿਭਾਗ, ਸਿਹਤ ਵਿਭਾਗ ਆਦਿ ਦੇ ਅਧਿਕਾਰੀਆਂ ਤੋਂ ਹੁਣ ਤੱਕ ਕੀਤੇ ਗਏ ਸੰਭਾਵੀ ਹੜ੍ਹਾਂ ਦੀ ਰੋਕਥਾਮ ਲਈ ਕੀਤੇ ਪ੍ਰਬੰਧਾਂ ਬਾਰੇ ਵਿਸਥਾਰ ਵਿੱਚ ਜਾਇਜ਼ਾ ਲੈਂਦਿਆਂ ਹਦਾਇਤ ਕੀਤੀ ਕਿ ਪ੍ਰਸ਼ਾਸਨਿਕ ਪੱਧਰ ’ਤੇ ਤਿਆਰੀਆਂ ਵਿੱਚ ਕਿਸੇ ਵੀ ਕਿਸਮ ਦੀ ਲਾਪਰਵਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹੀਂ ਦਿਨੀ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਪਏ ਭਾਰੀ ਮੀਂਹ ਤੋਂ ਬਾਅਦ ਕਈ ਦਰਿਆਵਾਂ, ਨਹਿਰਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ ਅਤੇ ਸੰਗਰੂਰ ਜ਼ਿਲ੍ਹੇ ਵਿੱਚੋਂ ਲੰਘਣ ਵਾਲੇ ਹਰ ਦਰਿਆ, ਹਰ ਨਹਿਰ ਤੇ ਬਰਸਾਤੀ ਨਾਲੇ ਆਦਿ ’ਤੇ 24 ਘੰਟੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ। ਉਨ੍ਹਾਂ ਨੇ ਐਸ.ਡੀ.ਐਮ ਤੇ ਤਹਿਸੀਲਦਾਰ ਲਹਿਰਾ ਤੇ ਮੂਨਕ ਨੂੰ ਹਦਾਇਤ ਕੀਤੀ ਕਿ ਉਹ ਲਗਾਤਾਰ ਘੱਗਰ ਨੇੜੇ ਵਸਦੇ ਪਿੰਡਾਂ ਵਿੱਚ ਲੋਕਾਂ ਨਾਲ ਰਾਬਤਾ ਰੱਖਣ ਅਤੇ ਪ੍ਰਸ਼ਾਸਨਿਕ ਪੱਧਰ ’ਤੇ ਕੀਤੇ ਪ੍ਰਬੰਧਾਂ ਬਾਰੇ ਜਾਣੂ ਕਰਵਾਉਂਦੇ ਰਹਿਣ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੋਕਲੀਨ, ਜੇ.ਸੀ.ਬੀ ਮਸ਼ੀਨਾਂ, ਟਰੈਕਟਰ ਟਰਾਲੀਆਂ ਦੀ ਉਪਲਬਧਤਾ ਤੇ ਸੰਪਰਕ ਨੰਬਰਾਂ ਦੀ ਸੂਚੀ ਤਿਆਰ ਕਰਕੇ ਰੱਖਣ ਦੇ ਨਾਲ ਨਾਲ ਜ਼ਰੂਰਤ ਪੈਣ ਦੀ ਸੂਰਤ ਵਿੱਚ ਕਿਸ਼ਤੀਆਂ, ਤੈਰਾਕਾਂ, ਸੈਂਡ ਬੈਗ, ਨਿਰਵਿਘਨ ਬਿਜਲੀ ਸੇਵਾਵਾਂ, ਮੈਡੀਕਲ ਸੁਵਿਧਾਵਾਂ ਸਮੇਤ ਹੋਰ ਹੜ੍ਹ ਰਾਹਤ ਸਮੱਗਰੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਸਬੰਧੀ ਅਧਿਕਾਰੀਆਂ ਨੂੰ ਹਦਾਇਤ ਕੀਤੀ। ਉਨ੍ਹਾਂ ਕਿਹਾ ਕਿ ਉਹ ਪਿਛਲੇ ਦਿਨਾਂ ਦੌਰਾਨ ਕਈ ਵਾਰ ਘੱਗਰ ਨੇੜਲੇ ਸਥਾਨਾਂ ਅਤੇ ਪਿੰਡਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਜ਼ਿਲ੍ਹਾ ਪ੍ਰਸ਼ਾਸਨ ਘੱਗਰ ਨੇੜੇ ਵਸਦੇ ਲੋਕਾਂ ਦੀ ਜਾਨ ਮਾਲ ਦੀ ਰਾਖੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ 24x7 ਜ਼ਿਲ੍ਹਾ ਪੱਧਰੀ ਹੜ੍ਹ ਕੰਟਰੋਲ ਰੂਮ ਪਿਛਲੇ ਮਹੀਨਿਆਂ ਤੋਂ ਕਾਰਜਸ਼ੀਲ ਹੈ ਜਿਥੇ ਲੋਕਾਂ ਨੂੰ ਤੱਥ ਅਧਾਰਿਤ ਜਾਣਕਾਰੀ ਪ੍ਰਦਾਨ ਕੀਤੀ ਜਾਂਦੀ ਹੈ। ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਐਕਸੀਅਨ ਡਰੇਨੇਜ਼, ਐਕਸੀਅਨ ਸੀਵਰੇਜ ਬੋਰਡ ਅਤੇ ਸਮੂਹ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤ ਵੀ ਕੀਤੀ ਕਿ ਜ਼ਿਲ੍ਹੇ ਦੀਆਂ ਸਾਰੀਆਂ ਡਰੇਨਾਂ ਵਿੱਚ ਜੇਕਰ ਦੁਬਾਰਾ ਜਾਲੇ, ਬੂਟੀ ਆਦਿ ਪਾਏ ਜਾਣ, ਤਾਂ ਉਸ ਦੀ ਸਫ਼ਾਈ ਕੀਤੀ ਜਾਵੇ। ਉਨ੍ਹਾਂ ਨੇ ਪੁਲਿਸ ਨੂੰ ਵੀ ਗਸ਼ਤ ਵਧਾਉਣ ਦੀ ਹਦਾਇਤ ਕੀਤੀ। ਉਨ੍ਹਾਂ ਸਿਹਤ ਵਿਭਾਗ ਤੇ ਕਾਰਜਸਾਧਕ ਅਫ਼ਸਰਾਂ ਨੂੰ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿੱਚ ਮੀਂਹ ਦੇ ਮੌਸਮ ਦੇ ਮੱਦੇਨਜ਼ਰ ਡੇਂਗੂ ਦੀ ਰੋਕਥਾਮ ਲਈ ਢੁਕਵੇਂ ਕਦਮ ਚੁੱਕਣ ਦੇ ਹੁਕਮ ਦਿੱਤੇ। ਮੀਟਿੰਗ ਦੌਰਾਨ ਏ.ਡੀ.ਸੀ ਵਿਕਾਸ ਵਰਜੀਤ ਵਾਲੀਆ, ਐਸ.ਪੀ ਰਾਕੇਸ਼ ਕੁਮਾਰ, ਐਸ.ਡੀ.ਐਮ ਸੰਗਰੂਰ ਚਰਨਜੋਤ ਸਿੰਘ ਵਾਲੀਆ, ਐਸ.ਡੀ.ਐਮ ਲਹਿਰਾ ਤੇ ਮੂਨਕ ਸੂਬਾ ਸਿੰਘ, ਐਸ.ਡੀ.ਐਮ ਦਿੜ੍ਹਬਾ ਰਾਜੇਸ਼ ਸ਼ਰਮਾ, ਐਸ.ਡੀ.ਐਮ ਧੂਰੀ ਅਮਿਤ ਗੁਪਤਾ, ਐਸ.ਡੀ.ਐਮ ਸੁਨਾਮ ਪ੍ਰਮੋਦ ਸਿੰਗਲਾ, ਆਰ.ਟੀ.ਓ ਕੁਲਦੀਪ ਬਾਵਾ, ਡੀ.ਐਸ.ਪੀ ਪਰਮਿੰਦਰ ਸਿੰਘ, ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਸੁਖਚੈਨ ਸਿੰਘ ਪਾਪੜਾ ਸਮੇਤ ਕਾਰਜਕਾਰੀ ਏਜੰਸੀਆਂ ਤੇ ਵਿਭਾਗਾਂ ਦੇ ਮੁਖੀ ਵੀ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.