
ਡਿਪਟੀ ਕਮਿਸ਼ਨਰ ਨੇ ਪੋਲੋ ਗਰਾਊਂਡ ਸਮੇਤ ਹੋਰ ਖੇਡ ਮੈਦਾਨਾਂ 'ਚ ਸਾਫ਼-ਸਫ਼ਾਈ ਤੇ ਹੋਰ ਖਾਮੀਆਂ ਦਾ ਗੰਭੀਰ ਨੋਟਿਸ ਲਿਆ
- by Jasbeer Singh
- May 17, 2025

ਡਿਪਟੀ ਕਮਿਸ਼ਨਰ ਨੇ ਪੋਲੋ ਗਰਾਊਂਡ ਸਮੇਤ ਹੋਰ ਖੇਡ ਮੈਦਾਨਾਂ 'ਚ ਸਾਫ਼-ਸਫ਼ਾਈ ਤੇ ਹੋਰ ਖਾਮੀਆਂ ਦਾ ਗੰਭੀਰ ਨੋਟਿਸ ਲਿਆ -ਐਸ.ਡੀ.ਐਮਜ, ਡੀ.ਐਸ.ਓ ਤੇ ਹੋਰ ਅਧਿਕਾਰੀਆਂ ਨੂੰ ਖੇਡ ਮੈਦਾਨਾਂ ਦੇ ਦੌਰੇ ਕਰਕੇ ਤੁਰੰਤ ਕਾਰਵਾਈ ਦੇ ਸਖ਼ਤ ਹੁਕਮ -ਖਿਡਾਰੀਆਂ ਨੂੰ ਬਿਹਤਰ ਖੇਡ ਸਹੂਲਤਾਂ ਪ੍ਰਦਾਨ ਕਰਨਾ ਖੇਡ ਵਿਭਾਗ ਦੀ ਜਿੰਮੇਵਾਰੀ, ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ-ਡਾ. ਪ੍ਰੀਤੀ ਯਾਦਵ ਪਟਿਆਲਾ, 17 ਮਈ : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪੋਲੋ ਗਰਾਊਂਡ, ਜਿਮਨੇਜ਼ੀਅਮ ਹਾਲ, ਰਿੰਕ ਹਾਲ ਤੇ ਸਵਿਮਿੰਗ ਪੂਲ ਵਿਖੇ ਸਾਫ਼-ਸਫ਼ਾਈ ਤੇ ਹੋਰ ਪ੍ਰਬੰਧਾਂ 'ਚ ਖਾਮੀਆਂ ਤੇ ਸਾਹਮਣੇ ਆਈਆਂ ਨਾਕਾਮੀਆਂ ਦਾ ਗੰਭੀਰ ਨੋਟਿਸ ਲਿਆ ਹੈ। ਜ਼ਿਲ੍ਹਾ ਸਪੋਰਟਸ ਕਾਉਂਸਲ ਦੀ ਬੈਠਕ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਡੇ ਖਿਡਾਰੀਆਂ ਤੇ ਨੌਜਵਾਨਾਂ ਨੂੰ ਬਿਹਤਰ ਤੇ ਮਿਆਰੀ ਖੇਡ ਸਹੂਲਤਾਂ ਪ੍ਰਦਾਨ ਕਰਨਾ ਖੇਡ ਵਿਭਾਗ ਦੀ ਅਹਿਮ ਜ਼ਿੰਮੇਵਾਰੀ ਹੈ, ਇਸ ਵਿੱਚ ਕੁਤਾਹੀ ਬਰਦਾਸ਼ਤ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਸਮੂਹ ਐਸ.ਡੀ.ਐਮਜ, ਜ਼ਿਲ੍ਹਾ ਖੇਡ ਅਫ਼ਸਰ ਤੇ ਵੱਖ-ਵੱਖ ਕੋਚਾਂ ਨੂੰ ਜ਼ਿਲ੍ਹੇ ਅੰਦਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਖੇਡ ਦੇ ਮੈਦਾਨਾਂ ਨੂੰ ਨਮੂਨੇ ਦੇ ਖੇਡ ਮੈਦਾਨ ਬਣਾਉਣ ਲਈ ਖ਼ੁਦ ਮੈਦਾਨ ਵਿੱਚ ਉਤਰਨ ਦੇ ਸਖ਼ਤ ਹੁਕਮ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਸਮੂਹ ਐਸ.ਡੀ.ਐਮਜ ਆਪਣੀ ਸਬ ਡਵੀਜਨ ਦੇ ਸਾਰੇ ਪਿੰਡਾਂ ਵਿੱਚ ਖੇਡਾਂ ਦੇ ਮੈਦਾਨਾਂ ਬਾਰੇ ਲੋਕਾਂ ਨਾਲ ਗੱਲਬਾਤ ਕਰਕੇ ਤੇ ਖੇਡ ਸਟੇਡੀਅਮਾਂ ਦਾ ਦੌਰਾ ਕਰਕੇ ਰਿਪੋਰਟ ਉਨ੍ਹਾਂ ਨੂੰ ਸੌਂਪਣ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੈ ਤੇ ਨਸ਼ਿਆਂ ਦੀ ਸਪਲਾਈ ਕੱਟੇ ਜਾਣ ਕਰਕੇ ਨਸ਼ਿਆਂ ਤੋਂ ਵਿਹਲੇ ਹੋਏ ਨੌਜਵਾਨ ਹੁਣ ਖੇਡ ਦੇ ਮੈਦਾਨਾਂ ਵਿੱਚ ਆਉਣਗੇ, ਇਸ ਲਈ ਉਨ੍ਹਾਂ ਨੂੰ ਸੰਭਾਲਣ ਲਈ ਖੇਡ ਦੇ ਮੈਦਾਨ ਤੇ ਸਟੇਡੀਅਮ ਮਿਆਰੀ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਖੇਡ ਮੈਦਾਨਾਂ ਨੂੰ ਬਿਹਤਰ ਬਣਾਉਣਾ ਪੰਜਾਬ ਸਰਕਾਰ ਦੀ ਮੁਢਲੀ ਤਰਜੀਹ ਹੈ, ਇਸ ਲਈ ਸਾਰੇ ਸਬੰਧਤ ਅਧਿਕਾਰੀ ਤੁਰੰਤ ਕੰਮ ਵਿੱਚ ਜੁਟ ਜਾਣ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਖੇਡ ਮੈਦਾਨਾਂ ਲਈ ਸੋਲਰ ਲਾਈਟਾਂ ਪ੍ਰਦਾਨ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਅਕਸਰ ਖੇਡ ਸਥਾਨਾਂ ਦੀ ਉਚਿਤ ਸਾਂਭ ਸੰਭਾਲ ਨਹੀ ਕੀਤੀ ਜਾ ਰਹੀ ਜਿਸ ਨਾਲ ਖਿਡਾਰੀਆਂ ਅਤੇ ਬੱਚਿਆਂ ਤੇ ਬਹੁਤ ਮਾੜਾ ਪ੍ਰਭਾਵ ਪੈ ਰਿਹਾ ਹੈ। ਉਹਨਾਂ ਖੇਡ ਅਧਿਕਾਰੀਆਂ ਨੂੰ ਤਾੜਨਾ ਕੀਤੀ ਖੇਡ ਮੈਦਾਨਾਂ ਦੀ ਰੋਜ਼ਾਨਾ ਨਿਗਰਾਨੀ ਕਰਕੇ ਢਿੱਲ-ਮੱਠ ਤੇ ਊਣਤਾਈਆਂ ਦੂਰ ਕਰਨ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਡਾ. ਪ੍ਰੀਤੀ ਯਾਦਵ ਨੇ ਜ਼ਿਲ੍ਹੇ ਦੇ ਸਾਰੇ ਖੇਡ ਸਟੇਡੀਅਮਜ਼ ਦੀ ਸਾਫ ਸਫਾਈ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਫ ਸਫਾਈ 'ਚ ਖਾਮੀ ਖਿਡਾਰੀਆਂ ਦੀ ਸਿਹਤ ਉਪਰ ਹੀ ਨਹੀ ਸਗੋਂ ਉਨ੍ਹਾਂ ਦੀ ਕਾਰਗੁਜ਼ਾਰੀ 'ਤੇ ਵੀ ਪ੍ਰਭਾਵ ਪਾਂਉਂਦੀ ਹੈ। ਉਹਨਾਂ ਸਖ਼ਤੀ ਨਾਲ ਕਿਹਾ ਕਿ ਖੇਡ ਮੈਦਾਨਾਂ ਅਤੇ ਸਟੇਡੀਅਮਜ਼ ਵਿੱਚ ਸਫਾਈ ਵਿੱਚ ਕੋਈ ਕਮੀ ਨਾ ਰਹਿ ਜਾਵੇ ਤੇ ਜੇਕਰ ਕੋਈ ਖਾਮੀ ਸਾਹਮਣੇ ਆਈ ਤਾਂ ਸਬੰਧਤ ਅਧਿਕਾਰੀ ਇਸ ਲਈ ਖ਼ੁਦ ਜਿੰਮੇਵਾਰ ਹੋਣਗੇ। ਡਾ: ਪ੍ਰੀਤੀ ਯਾਦਵ ਨੇ ਖੇਡਾਂ ਦੇ ਮੌਜੂਦਾ ਢਾਂਚੇ ਨੂੰ ਹੋਰ ਮਜਬੂਤ ਬਣਾਉਣ ਲਈ ਜ਼ਿਲ੍ਹਾ ਪੱਧਰ 'ਤੇ ਇੱਕ ਜ਼ਿਲ੍ਹਾ ਸਪੋਰਟਸ ਸੋਸਾਇਟੀ ਬਣਾਉਣ ਦਾ ਵੀ ਫੈਸਲਾ ਕੀਤਾ, ਜਿਸ ਵਿੱਚ ਏ.ਡੀ.ਸੀ ਤੇ ਐਸ.ਡੀ.ਐਮਜ ਸਮੇਤ ਜ਼ਿਲ੍ਹਾ ਖੇਡ ਅਫ਼ਸਰ ਤੇ ਕੋਚਾਂ ਸਮੇਤ ਖਿਡਾਰੀਆਂ ਨੂੰ ਵੀ ਮੈਂਬਰ ਵਜੋਂ ਸ਼ਾਮਿਲ ਕੀਤਾ ਜਾਵੇਗਾ। ਇਹ ਸੋਸਾਇਟੀ ਖੇਡਾਂ ਦੇ ਬੁਨਿਆਦੀ ਢਾਂਚੇ ਸਮੇਤ ਨਵੇਂ ਪ੍ਰੋਜੈਕਟਾਂ ਦੀ ਯੋਜਨਾ ਤੇ ਖੇਡ ਮੈਦਾਨਾਂ ਅਤੇ ਸਟੇਡੀਅਮਾਂ ਦੀ ਸਾਫ ਸਫਾਈ ਦੀ ਨਿਗਰਾਨੀ ਕਰੇਗੀ। ਇਸ ਮੌਕੇ ਏ.ਡੀ.ਸੀਜ ਇਸ਼ਾ ਸਿੰਗਲ, ਅਮਰਿੰਦਰ ਸਿੰਘ ਟਿਵਾਣਾ, ਸਮੂਹ ਐਸ.ਡੀ.ਐਮਜ, ਜ਼ਿਲ੍ਹਾ ਖੇਡ ਅਫ਼ਸਰ ਹਰਪਿੰਦਰ ਸਿੰਘ ਤੇ ਕੋਚ ਮੌਜੂਦ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.