ਦਿਵਿਆਂਗਜਨਾਂ ਦੇ ਅਧਿਕਾਰਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ
- by Jasbeer Singh
- November 21, 2025
ਦਿਵਿਆਂਗਜਨਾਂ ਦੇ ਅਧਿਕਾਰਾਂ ਦੀ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਨੇ ਦਿਵਿਆਂਗਜਨਾਂ ਦੇ ਯੂ.ਡੀ.ਆਈ.ਡੀ. ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਉਣ ਦੇ ਦਿੱਤੇ ਨਿਰਦੇਸ਼ ਮਾਲੇਰਕੋਟਲਾ, 21 ਨਵੰਬਰ 2025 : ਡਿਪਟੀ ਕਮਿਸ਼ਨਰ ਵਿਰਾਜ ਐਸ. ਤਿੜਕੇ ਦੀ ਅਗਵਾਈ ਹੇਠ ਦਿਵਿਆਂਗਜਨ ਵਿਅਕਤੀਆਂ ਦੇ ਅਧਿਕਾਰ ਐਕਟ, 2016 ਦੀ ਧਾਰਾ 72 ਅਤੇ ਐਕਟ, 2019 ਦੇ ਰੂਲ 22 ਅਧੀਨ ਜ਼ਿਲ੍ਹਾ ਪੱਧਰੀ ਕਮੇਟੀ ਦੀ ਮੀਟਿੰਗ ਕੀਤੀ ਗਈ । ਇਸ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਦਿਵਿਆਂਗਜਨ ਵਿਅਕਤੀਆਂ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਦਿੱਤੀਆਂ ਅਰਜ਼ੀਆਂ ਦਾ ਨਿਪਟਾਰਾ ਪਹਿਲ ਦੇ ਆਧਾਰ ’ਤੇ ਕਰਨ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਸਬੰਧਿਤ ਵਿਭਾਗ ਨੂੰ ਦਿਵਿਆਂਗਜਨਾਂ ਦੇ ਯੂ. ਡੀ. ਆਈ. ਡੀ. ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਉਣ ਦੀ ਹਦਾਇਤ ਕੀਤੀ । ਉਨ੍ਹਾਂ ਬੌਧਿਕ ਦਿਵਿਆਂਗਤਾ ਵਾਲੇ ਵਿਦਿਆਰਥੀ ਜ਼ਿਨ੍ਹਾਂ ਦੇ ਯੂ. ਡੀ. ਆਈ. ਡੀ. ਕਾਰਡ ਨਾ ਬਣੇ ਹੋਣ ਦੀ ਸੂਚੀ ਤਿਆਰ ਕਰਨ ਅਤੇ ਲੰਬਿਤ ਕਾਰਡ ਤੁਰੰਤ ਬਣਾਉਣ ਦੀ ਹਦਾਇਤ ਦਿੱਤੀ । ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਵੱਲੋਂ ਜਿ਼ਲ੍ਹਾ ਪੱਧਰੀ ਕਮੇਟੀ ਨਾਲ ਸਰਕਾਰੀ ਇਮਾਰਤਾਂ ਨੂੰ ਦਿਵਿਆਂਗਜਨ ਅਨੁਕੂਲ ਬਣਾਉਣ ਲਈ ਲੋੜੀਂਦੀ ਸਹੂਲਤਾ ਮੁਹੱਈਆ ਕਰਨ ਉੱਤੇ ਚਰਚਾ ਕੀਤੀ ਗਈ । ਉਨ੍ਹਾਂ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਦਿਵਿਆਂਗ ਬੱਚਿਆਂ ਦੀ ਸਹੂਲਤ ਲਈ ਸਕੂਲਾਂ ਵਿੱਚ ਰੈਂਪ, ਵੀਲ ਚੇਅਰ, ਅਸੈਸੀਬਲ ਬਾਥਰੂਮ ਅਤੇ ਪੀਣ ਵਾਲੇ ਪਾਣੀ ਦੀ ਸੁਵਿਧਾ ਯਕੀਨੀ ਬਣਾਈ ਜਾਵੇ। ਮੀਟਿੰਗ ਦੌਰਾਨ ਉਨ੍ਹਾਂ ਬੱਸ ਅੱਡਿਆਂ ਅਤੇ ਰੇਲਵੇ ਸਟੇਸ਼ਨਾਂ ’ਤੇ ਦਿਵਿਆਂਗਜਨ ਲਈ ਵਿਸ਼ੇਸ ਤੌਰ ਤੇ ਪਾਰਕਿੰਗ ਦੀ ਸਹੂਲਤ ਦੇਣ, ਪਖਾਨੇ ਅਤੇ ਟਿਕਟ ਕਾਊਟਰਾਂ ਤੇ ਦਿਵਿਆਂਗਜਨਾਂ ਨੂੰ ਪਹਿਲ ਦੇਣ ਲਈ ਦਿਸ਼ਾ- ਨਿਰਦੇਸ਼ ਦਿੱਤੇ ਤਾਂ ਜੋ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ ਨਕਲੀ ਅੰਗ ਲਗਵਾਉਣ ਲਈ ਏ. ਡੀ. ਆਈ. ਪੀ. ਸਕੀਮ ਦੇ ਤਹਿਤ ਕੈਂਪ ਲਗਾਉਣ ਦੀ ਪ੍ਰਕਿਰਿਆ ਸਬੰਧੀ ਚਰਚਾ ਕੀਤੀ ਗਈ। ਇਸ ਮੌਕੇ ਖੇਤਰੀ ਟਰਾਂਸਪੋਰਟ ਅਫ਼ਸਰ ਕਮ ਐਸ.ਡੀ.ਐਮ. ਮਾਲੇਰਕੋਟਲਾ/ਅਹਿਮਦਗੜ੍ਹ ਗੁਰਮੀਤ ਕੁਮਾਰ ਬਾਂਸਲ, ਸਹਾਇਕ ਕਮਿਸ਼ਨਰ ਰਾਕੇਸ਼ ਗਰਗ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਲਵਲੀਨ ਕੌਰ ਬੜਿੰਗ, ਜ਼ਿਲਾ ਅਟਾਰਨੀ ਅੰਕੁਸ਼ ਗਰਗ, ਸਹਾਇਕ ਸਿਵਲ ਸਰਜਨ ਡਾ. ਸਜੀਲਾ ਖਾਨ, ਮੈਡੀਕਲ ਅਫ਼ਸਰ ਡਾ ਅਸ਼ੋਕ, ਪ੍ਰਧਾਨ ਏਕਤਾ ਹੈਂਡੀਕੈਪਡ ਐਂਡ ਵਿਧਵਾ ਵੈਲਫੇਅਰ ਸੁਸਾਇਟੀ ਮਹਿਮੂਦ ਅਹਿਮਦ ਥਿੰਦ ਤੋਂ ਇਲਾਵਾ ਵੱਖ- ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।
