post

Jasbeer Singh

(Chief Editor)

Patiala News

ਮਿੱਥੇ ਸਮੇਂ ’ਚ ਮੁਕੰਮਲ ਕੀਤੇ ਜਾਣ ਵਿਕਾਸ ਕਾਰਜ: ਡਾ. ਬਲਬੀਰ ਸਿੰਘ

post-img

ਪੰਜਾਬ ਦੇ ਮੈਡੀਕਲ ਸਿੱਖਿਆ, ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਅੱਜ ਸਰਕਾਰੀ ਮੈਡੀਕਲ ਕਾਲਜ ਵਿੱਚ ਉੱਚ ਪੱਧਰੀ ਮੀਟਿੰਗ ਕਰਦਿਆਂ ਕਾਲਜ ਅਤੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਕਰੀਬ 150 ਕਰੋੜ ਰੁਪਏ ਦੇ ਚੱਲ ਰਹੇ ਵੱਖ ਵੱਖ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੱਲ ਰਹੇ ਕੰਮ ਮਿੱਥੇ ਸਮੇਂ ’ਚ ਮੁਕੰਮਲ ਕੀਤੇ ਜਾਣ ਅਤੇ ਚੱਲ ਰਹੇ ਕੰਮਾਂ ਦੀ ਗੁਣਵੱਤਾ ਦਾ ਵੀ ਵਿਸ਼ੇਸ਼ ਧਿਆਨ ਰੱਖਿਆ ਜਾਵੇ। ਉਨ੍ਹਾਂ ਦੱਸਿਆ ਕਿ ਸੀਨੀਅਰ ਰੈਜ਼ੀਡੈਂਟ ਡਾਕਟਰਾਂ ਲਈ 17.67 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਮਲਟੀ ਸਟੋਰੀ ਰਿਹਾਇਸ਼ ਦਾ ਕੰਮ 31 ਦਸੰਬਰ 2024 ਤੱਕ ਮੁਕੰਮਲ ਕੀਤਾ ਜਾਵੇਗਾ ਜਦਕਿ ਮੈਡੀਕਲ ਕਾਲਜ ਸਟਾਫ਼ ਲਈ 15.58 ਕਰੋੜ ਰੁਪਏ ਨਾਲ ਬਣਾਈ ਜਾਣ ਵਾਲੀ ਰਿਹਾਇਸ਼ ਦਾ ਕੰਮ 5 ਜੁਲਾਈ 2024 ਤੱਕ ਸ਼ੁਰੂ ਕੀਤਾ ਜਾਵੇਗਾ। 76.32 ਕਰੋੜ ਰੁਪਏ ਨਾਲ ਉਸਾਰੀ ਜਾ ਰਹੀ ਦਰਜਾ ਤਿੰਨ ਅਤੇ ਚਾਰ ਦੇ ਮੁਲਾਜ਼ਮਾਂ ਦੀ ਰਿਹਾਇਸ਼ ਦਾ ਕੰਮ ਵੀ ਅਗਲੇ ਛੇ ਮਹੀਨੇ ’ਚ ਮੁਕੰਮਲ ਕਰ ਲਿਆ ਜਾਵੇਗਾ। 4.75ਕਰੋੜ ਰੁਪਏ ਦੀ ਲਾਗਤ ਨਾਲ ਮੈਡੀਕਲ ਕਾਲਜ ਵਿੱਚ ਨਵੇਂ ਉਸਾਰੇ ਜਾ ਰਹੇ ਸਪੋਰਟਸ ਸਟੇਡੀਅਮ ਦਾ ਕਰੀਬ 90 ਫ਼ੀਸਦੀ ਕੰਮ ਮੁਕੰਮਲ ਹੋ ਚੁੱਕਾ ਹੈ ਜੋ 31 ਜੁਲਾਈ 2024 ਤੱਕ ਪੂਰਾ ਹੋ ਜਾਵੇਗਾ। ਉਨ੍ਹਾਂ ਦੱਸਿਆ ਕਿ 13.52 ਕਰੋੜ ਰੁਪਏ ਨਾਲ ਜੂਨੀਅਰ ਡਾਕਟਰਾਂ ਦੀ ਉਸਾਰੀ ਜਾ ਰਹੀ ਰਿਹਾਇਸ਼ ਦਾ ਕੰਮ 30 ਸਤੰਬਰ ਤੱਕ ਮੁਕੰਮਲ ਹੋਵੇਗਾ। 31 ਲੱਖ ਰੁਪਏ ਨਾਲ ਆਡੀਓਲੋਜੀ ਰੂਮ (ਈਐੱਨਟੀ ਵਿਭਾਗ) ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਇਸ ਮੌਕੇ ਸਿਹਤ ਮੰਤਰੀ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸੁਵਿਧਾ ਲਈ ਮੁੱਖ ਮੰਤਰੀ ਪੇਸੈਂਟ ਫੈਸੀਲੇਸ਼ਨ ਸੈਂਟਰ ਲਈ ਜਗ੍ਹਾ ਦੀ ਸ਼ਨਾਖਤ ਕਰਨ ਸਮੇਤ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ’ਤੇ ਵਿਚਾਰ ਚਰਚਾ ਕੀਤੀ।

Related Post

Instagram