July 6, 2024 01:02:38
post

Jasbeer Singh

(Chief Editor)

Patiala News

ਭਾਸ਼ਾ ਵਿਭਾਗ ਨੂੰ ਸਾਹਿਤਕ ਤੌਰ ’ਤੇ ਮਜ਼ਬੂਤ ਕਰਨ ਦੀ ਲੋੜ: ਜਸਵੰਤ ਜ਼ਫ਼ਰ

post-img

ਭਾਸ਼ਾ ਵਿਭਾਗ ਪੰਜਾਬ ਦੇ ਨਵ-ਨਿਯੁਕਤ ਨਿਰਦੇਸ਼ਕ ਬਹੁ ਪੱਖੀ ਸ਼ਖ਼ਸੀਅਤ ਜਸਵੰਤ ਸਿੰਘ ਜ਼ਫ਼ਰ ਨੇ ਵੱਡੀ ਗਿਣਤੀ ਕਲਾ ਪ੍ਰੇਮੀਆਂ ਤੇ ਸਾਹਿਤਕ ਪ੍ਰੇਮੀਆਂ ਦੀ ਹਾਜ਼ਰੀ ਵਿੱਚ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ, ‘‘ਭਾਸ਼ਾ ਵਿਭਾਗ ਸਾਡੇ ਸਾਹਿਤ ਦਾ ਇਕ ਅਜਿਹਾ ਸੋਮਾ ਹੈ, ਜਿਸ ਵਿੱਚੋਂ ਪੰਜਾਬ, ਪੰਜਾਬੀ ਤੇ ਪੰਜਾਬੀਅਤ ਹੀ ਨਹੀਂ, ਸਗੋਂ ਹਰ ਭਾਸ਼ਾ ਦੀਆਂ ਲਹਿਰਾਂ ਫੁੱਟਦੀਆਂ ਹਨ। ਇਹ ਅਕਾਦਮੀ ਨਹੀਂ ਹੈ, ਸਗੋਂ ਭਾਸ਼ਾ ਵਿਭਾਗ ਹੈ। ਇਸ ਦਾ ਕੰਮ ਭਾਸ਼ਾ ਨੂੰ ਪ੍ਰਫੁੱਲਿਤ ਕਰਨਾ ਹੈ। ਸਾਡੀ ਪ੍ਰਤਿਭਾ ਨੂੰ ਨਿਖਾਰਨ ਲਈ ਭਾਸ਼ਾ ਵਿਭਾਗ ਦਾ ਕਿਤੇ ਨਾ ਕਿਤੇ ਯੋਗਦਾਨ ਰਿਹਾ ਹੈ। ਮੇਰਾ ਪਹਿਲਾ ਕੰਮ ਹੋਵੇਗਾ ਕਿ ਭਾਸ਼ਾ ਵਿਭਾਗ ਨੂੰ ਪਹਿਲਾਂ ਦੀ ਤਰ੍ਹਾਂ ਸਾਹਿਤਕ ਤੌਰ ’ਤੇ ਮਜ਼ਬੂਤ ਕੀਤਾ ਜਾਵੇ, ਜਿਸ ਲਈ ਉਸ ਨੂੰ ਖੁੱਲ੍ਹੇ ਫੰਡਾਂ ਦੀ ਲੋੜ ਹੋਵੇਗੀ।’’ ਉਨ੍ਹਾਂ ਆਪਣੇ ਅਧਿਕਾਰੀਆਂ ਨੂੰ ਸੰਦੇਸ਼ ਦਿੱਤਾ ਕਿ ਉਹ ਧੜੇਬੰਦੀ ਦੇ ਸਖ਼ਤ ਖ਼ਿਲਾਫ਼ ਹਨ, ਜੋ ਵਿਅਕਤੀ ਧੜੇਬੰਦੀ ਬਣਾਉਂਦਾ ਹੈ, ਉਹ ਅਸਲ ਵਿੱਚ ਨਕਾਰਾ ਕਿਸਮ ਦਾ ਇਨਸਾਨ ਹੁੰਦਾ ਹੈ। ਪਾਵਰਕੌਮ ਦੇ ਚੇਅਰਮੈਨ ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਭਾਸ਼ਾ ਵਿਭਾਗ ਨੂੰ ਹੁਣ ਇਕ ਲੇਖਕ, ਕਵੀ, ਕਾਰਟੂਨਿਸਟ ਦੇ ਨਾਲ ਬਿਜਲੀ ਬੋਰਡ ਦਾ ਇੰਜਨੀਅਰ ਵੀ ਮਿਲਿਆ ਹੈ। ਪ੍ਰੋ. ਅਮਰਜੀਤ ਗਰੇਵਾਲ ਨੇ ਕਿਹਾ ਕਿ ਜ਼ਫ਼ਰ ਕਰਮਯੋਗੀ ਹੈ, ਉਸ ਨੇ ਆਪਣਾ ਟੀਚੇ ਸਹਿਜੇ ਹੀ ਪੂਰੇ ਕਰ ਲੈਣੇ ਹਨ। ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਸਵਰਨਜੀਤ ਸਵੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਥਾਂ ਦੀ ਅਹਿਮੀਅਤ ਨੂੰ ਦੇਖਦਿਆਂ ਉਸ ’ਤੇ ਨਿਯੁਕਤੀਆਂ ਕੀਤੀਆਂ ਹਨ, ਜਿਸ ਦਾ ਅਸਰ ਲੰਬੇ ਸਮੇਂ ਤੱਕ ਨਜ਼ਰ ਆਵੇਗਾ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਨੇ ਕਿਹਾ ਕਿ ਇਸ ਵੇਲੇ ਪੰਜਾਬੀ ਨੂੰ ਦਰਪੇਸ਼ ਮੁਸ਼ਕਲਾਂ ਵਿਚੋਂ ਕੱਢਣਾ ਜ਼ਰੂਰੀ ਹੈ।

Related Post